8150 ਸ਼ਰਧਾਲੂਆਂ ਦਾ ਜੱਥਾ ਅਮਰਨਾਥ ਯਾਤਰਾ ਲਈ ਰਵਾਨਾ, ਹਰ ਹਰ ਮਹਾਦੇਵ ਦੇ ਲਾਏ ਜੈਕਾਰੇ

ਜੰਮੂ : ਜੰਮੂ-ਕਸ਼ਮੀਰ ਵਿਚ ਸਾਲਾਨਾ ਅਮਰਨਾਥ ਯਾਤਰਾ ਲਈ ਵੀਰਵਾਰ ਨੂੰ ਸਖ਼ਤ ਸੁਰੱਖਿਆ ਵਿਚਕਾਰ 8150 ਸ਼ਰਧਾਲੂਆਂ ਦਾ ਨਵਾਂ ਜੱਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ 2 ਜੁਲਾਈ ਨੂੰ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਕੁੱਲ 52,816 ਸ਼ਰਧਾਲੂ ਜੰਮੂ ਬੇਸ ਕੈਂਪ ਤੋਂ ਕਸ਼ਮੀਰ ਲਈ ਰਵਾਨਾ ਹੋ ਚੁੱਕੇ ਹਨ। ਵੀਰਵਾਰ ਨੂੰ ਰਵਾਨਾ ਹੋਏ ਸ਼ਰਧਾਲੂਆਂ ਦੇ ਜਥੇ ਵਿੱਚ 6,095 ਪੁਰਸ਼, 2,037 ਔਰਤਾਂ, 15 ਬੱਚੇ ਅਤੇ ਤਿੰਨ ਟਰਾਂਸਜੈਂਡਰ ਵਿਅਕਤੀ ਸ਼ਾਮਲ ਸਨ।
ਦੱਸ ਦੇਈਏ ਕਿ ਯਾਤਰਾ ਲਈ ਸ਼ਰਧਾਲੂ ਦੋ ਸਮੂਹਾਂ ਵਿੱਚ ਰਵਾਨਾ ਹੋਏ। 3,445 ਸ਼ਰਧਾਲੂ 168 ਵਾਹਨਾਂ ਵਿੱਚ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਏ, ਜਦੋਂ ਕਿ 4,705 ਸ਼ਰਧਾਲੂ 166 ਵਾਹਨਾਂ ਵਿੱਚ ਰਵਾਇਤੀ ਪਹਿਲਗਾਮ ਰੂਟ ਵੱਲ ਵਧੇ। ਜੰਮੂ-ਕਸ਼ਮੀਰ ਪੁਲਸ, ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ। ਹੁਣ ਤੱਕ 1.45 ਲੱਖ ਤੋਂ ਵੱਧ ਸ਼ਰਧਾਲੂ 3,880 ਮੀਟਰ ਦੀ ਉਚਾਈ ‘ਤੇ ਸਥਿਤ ਗੁਫਾ ਮੰਦਰ ਵਿੱਚ ਭਗਵਾਨ ਸ਼ਿਵ ਦੇ ਬਰਫ਼ ਦੇ ਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਦੱਸ ਦੇਈਏ ਕਿ ਸ੍ਰੀ ਅਮਰਨਾਥ ਦੀ ਇਹ 57 ਦਿਨਾਂ ਦੀ ਯਾਤਰਾ 28 ਅਗਸਤ ਨੂੰ ਰੱਖੜੀ ਵਾਲੇ ਤਿਉਹਾਰ ‘ਤੇ ਸਮਾਪਤ ਹੋਵੇਗੀ।