‘5,000 ਸ਼ੂਟਰਾਂ ਨਾਲ ਕਰਾਂਗੇ ਕੈਨੇਡਾ ‘ਤੇ ਕਬਜ਼ਾ”, ਲਾਰੈਂਸ-ਗੋਲਡੀ ਗੈਂਗ ਵੱਲੋਂ ਭੇਜੇ ਪੱਤਰ ਨੇ ਵਧਾਈ ਚਿੰਤਾ

ਇੰਟਰਨੈਸ਼ਨਲ ਡੈਸਕ- ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ (ਸਤਿੰਦਰਜੀਤ ਸਿੰਘ) ਗੈਂਗ ਵੱਲੋਂ ਕੈਨੇਡੀਅਨ ਸਰਕਾਰ, ਫੌਜ ਅਤੇ ਪੁਲਿਸ ਨੂੰ ਭੇਜਿਆ ਗਿਆ ਇੱਕ ਸਨਸਨੀਖੇਜ਼ ਧਮਕੀ ਭਰਿਆ ਪੱਤਰ ਸਾਹਮਣੇ ਆਇਆ ਹੈ, ਜਿਸ ਨਾਲ ਕੈਨੇਡਾ ਦੇ ਸੁਰੱਖਿਆ ਹਲਕਿਆਂ ਵਿੱਚ ਵੱਡੀ ਹਲਚਲ ਮਚ ਗਈ ਹੈ। ਕੈਨੇਡੀਅਨ ਮੀਡੀਆ ਹਾਊਸ ਸੀਬੀਸੀ ਨਿਊਜ਼ ਦੁਆਰਾ ਉਜਾਗਰ ਕੀਤੇ ਗਏ ਇਸ ਮਾਮਲੇ ਅਨੁਸਾਰ ਇਹ ਪੱਤਰ ਸਾਲ 2025 ਵਿੱਚ ਭਾਰਤ ਤੋਂ ਭੇਜਿਆ ਗਿਆ ਸੀ, ਜਿਸ ਵਿੱਚ ਗੈਂਗ ਨੇ ਕੈਨੇਡਾ ‘ਤੇ ਕਬਜ਼ਾ ਕਰਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਿੱਧੀ ਚੁਣੌਤੀ ਦਿੱਤੀ ਹੈ।
ਫਿਲਹਾਲ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ, ਪਰ ਉਸਦੇ ਅੰਤਰਰਾਸ਼ਟਰੀ ਸਿੰਡੀਕੇਟ ਦੀਆਂ ਗਤੀਵਿਧੀਆਂ ਨੇ ਕੈਨੇਡੀਅਨ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਸਾਬਕਾ ਸਾਥੀ ਗੋਲਡੀ ਬਰਾਰ ਨੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਕੈਨੇਡਾ ਵਿੱਚ ਇਸ ਗੈਂਗ ਦੇ 5,000 ਤੋਂ ਵੱਧ ਮੈਂਬਰ ਅਤੇ ਨਿਸ਼ਾਨੇਬਾਜ਼ ਮੌਜੂਦ ਹਨ, ਜੋ ਮਹਿਜ਼ 1,000 ਡਾਲਰ ਵਿੱਚ ਕਿਸੇ ‘ਤੇ ਵੀ ਗੋਲੀ ਚਲਾ ਸਕਦੇ ਹਨ ਅਤੇ ਉਹ ਜਲਦੀ ਹੀ ਪੂਰੇ ਕੈਨੇਡਾ ‘ਤੇ ਆਪਣਾ ਕਬਜ਼ਾ ਕਰ ਲੈਣਗੇ। ਗੈਂਗ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਦਖਲ ਨਾ ਦਿੱਤਾ ਜਾਵੇ, ਨਹੀਂ ਤਾਂ ਪੁਲਿਸ ਸਟੇਸ਼ਨਾਂ ‘ਤੇ ਵੀ ਗੋਲੀਬਾਰੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਕੋਲ ਕੈਨੇਡੀਅਨ ਪੁਲਿਸ ਨਾਲੋਂ ਵੀ ਵੱਧ ਹਥਿਆਰ ਹਨ। ਧਮਕੀ ਭਰੇ ਪੱਤਰ ਵਿੱਚ ਲਿਖਿਆ ਗਿਆ ਹੈ, “ਅਸੀਂ ਤੁਹਾਨੂੰ ਲਿਖਤੀ ਚੇਤਾਵਨੀ ਅਤੇ ਚੁਣੌਤੀ ਦੇ ਰਹੇ ਹਾਂ। ਕੈਨੇਡਾ ਕੋਲ ਸਾਨੂੰ ਰੋਕਣ ਦਾ ਹੌਸਲਾ ਨਹੀਂ ਹੈ। ਅਸੀਂ ਹੁਣ ਕੈਨੇਡਾ ‘ਤੇ ਰਾਜ ਕਰਾਂਗੇ ਅਤੇ ਸਾਨੂੰ ਕੋਈ ਨਹੀਂ ਰੋਕ ਸਕਦਾ।”
ਗੈਂਗ ਨੇ ਕੈਨੇਡਾ ਦੇ ਸਾਰੇ ਕਾਰੋਬਾਰੀਆਂ ਚਾਹੇ ਉਹ ਭਾਰਤੀ ਹੋਣ ਜਾਂ ਸਥਾਨਕ ਤੋਂ ਸੁਰੱਖਿਆ ਦੇ ਨਾਮ ‘ਤੇ ਜ਼ਬਰੀ ਵਸੂਲੀ ਲੈਣ ਦਾ ਐਲਾਨ ਵੀ ਕੀਤਾ ਹੈ। ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੇ ਰਿਕਾਰਡਾਂ ਤੋਂ ਇਸ ਪੱਤਰ ਦੀ ਪੁਸ਼ਟੀ ਹੋਣ ਤੋਂ ਬਾਅਦ ਐਡਮੰਟਨ ਪੁਲਿਸ ਦੀ ਸੰਗਠਿਤ ਅਪਰਾਧ ਸ਼ਾਖਾ ਨੇ ਇਸ ਨੂੰ ਆਪਣੇ ਰਿਕਾਰਡ ਵਿੱਚ ਲੈ ਕੇ ਐਬਟਸਫੋਰਡ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨਾਲ ਸਾਂਝਾ ਕੀਤਾ ਹੈ। ਕੈਨੇਡੀਅਨ ਜਾਂਚ ਏਜੰਸੀਆਂ ਹਾਲ ਹੀ ਦੇ ਮਹੀਨਿਆਂ ਵਿੱਚ ਵੱਖ-ਵੱਖ ਸੂਬਿਆਂ ਵਿੱਚ ਹੋਈਆਂ ਗੋਲੀਬਾਰੀਆਂ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਨੂੰ ਇਸੇ ਨੈੱਟਵਰਕ ਨਾਲ ਜੋੜ ਕੇ ਦੇਖ ਰਹੀਆਂ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ।
ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ (CBSA) ਦੀ ਇੱਕ ਰਣਨੀਤਕ ਰਿਪੋਰਟ ਅਨੁਸਾਰ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਗੋਲਡੀ ਬਰਾੜ ਬਿਸ਼ਨੋਈ ਗੈਂਗ ਤੋਂ ਅੱਗੋਂ ਵੱਖ ਹੋ ਕੇ ਕੈਨੇਡਾ ਵਿੱਚ ਆਪਣੇ ਆਪਰੇਸ਼ਨ ਚਲਾ ਰਿਹਾ ਹੈ ਜਾਂ ਨਹੀਂ। ਹਾਲਾਂਕਿ,ਤਾਜ਼ਾ ਇੰਟੈਲੀਜੈਂਸ ਰਿਪੋਰਟਾਂ ਦੱਸਦੀਆਂ ਹਨ ਕਿ ਅਲਬਰਟਾ ਵਿੱਚ ਉਗਰਾਹੀ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਨਾਂ ਗੋਲਡੀ ਬਰਾਰ ਦਾ ਹੀ ਸਾਹਮਣੇ ਆ ਰਿਹਾ ਹੈ। ਇਸ ਤੋਂ ਇਲਾਵਾ ਗੋਲਡੀ ਢਿੱਲੋਂ ਦਾ ਨਾਂ ਵੀ ਇਨ੍ਹਾਂ ਦਸਤਾਵੇਜ਼ਾਂ ਵਿੱਚ ਦਰਜ ਹੈ। ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਮਈ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਮੁਲਜ਼ਮ ਹੈ ਅਤੇ ਭਾਰਤ ਪੁਲਿਸ ਨੂੰ ਲੋੜੀਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਉੱਤਰੀ ਅਮਰੀਕਾ ਵਿੱਚ ਲੁਕਿਆ ਹੋਇਆ ਹੈ।