40 ਦੀ ਉਮਰ ਤਕ ਖੇਡ ਸਕਦੈ ਐਂਡਰਸਨ

ਨਵੀਂ ਦਿੱਲੀ – ਇੰਗਲੈਂਡ ਕ੍ਰਿਕਟ ਟੀਮ ਦੇ ਮੁੱਖ ਕੋਚ ਟ੍ਰੇਵਰ ਬੇਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਦੇ ਦਿੱਗਜ ਗੇਂਦਬਾਜ਼ ਜੇਮਜ਼ ਐਂਡਰਸਨ 40 ਦੀ ਉਮਰ ਤਕ ਗੇਂਦਬਾਜ਼ੀ ਕਰ ਸਕਦਾ ਹੈ। ਵੈੱਬਸਾਈਟ ESPN ਦੀ ਰਿਪੋਰਟ ਦੇ ਅਨੁਸਾਰ 36 ਸਾਲਾ ਐਂਡਰਸਨ ਨੇ ਭਾਰਤ ਖ਼ਿਲਾਫ਼ ਦੋਵੇਂ ਟੈੱਸਟ ਮੈਚਾਂ ‘ਚ ਇੰਗਲੈਂਡ ਨੂੰ ਮਿਲੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਹੈ। ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਐਂਡਰਸਨ ਨੇ ICC ਦੇ ਟੈੱਸਟ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ। ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹੈ। ਐਂਡਰਸਨ ਦੇ ਉੱਚ ਸਥਾਨ ‘ਤੇ ਰਹਿੰਦੇ ਹੋਏ 903 ਅੰਕ ਹਨ। ਅਜਿਹੇ ‘ਚ ਉਹ 900 ਦਾ ਅੰਕੜਾ ਪਾਰ ਕਰਨ ਵਾਲਾ ਇਐਨ ਬੌਥਮ ਤੋਂ ਬਾਅਦ ਪਹਿਲਾ ਇੰਗਲਿਸ਼ ਗੇਂਦਬਾਜ਼ ਹੈ।
ਬੌਥਮ ਨੇ 1980 ‘ਚ 900 ਦਾ ਅੰਕੜਾ ਪਾਰ ਕੀਤਾ ਸੀ। ਕੋਚ ਬੇਲਿਸ ਨੇ ਕਿਹਾ ਕਿ ਜੇਕਰ ਤੁਸੀਂ ਦੁਨੀਆ ਦੇ ਦੂਸਰੇ ਗੇਂਦਬਾਜ਼ਾਂ ਤੋਂ ਐਂਡਰਸਨ ਦੀ ਤੁਲਨਾ ਕਰਦੇ ਹੋ ਤਾਂ ਬਹੁਤੇ ਗੇਂਦਬਾਜ਼ 30 ਦੀ ਉਮਰ ‘ਚ ਕਮਜ਼ੋਰ ਪੈਣ ਲਗਦੇ ਹਨ। ਸਿਰਫ਼ ਕੁੱਝ ਬਿਹਤਰੀਨ ਖਿਡਾਰੀ ਹੀ ਹੁੰਦੇ ਹਨ ਜੋ ਇਸ ਉਮਰ ਵਿੱਚ ਵੀ ਆਪਣੀ ਕਾਰਗੁਜ਼ਾਰੀ ਨੂੰ ਬਰਕਰਾਰ ਰੱਖਦੇ ਹਨ। ਅਜਿਹੇ ‘ਚ ਐਂਡਰਸਨ ਦਰਸ਼ਾ ਰਿਹਾ ਹੈ ਕਿ ਉਹ ਬਿਹਤਰੀਨ ਖਿਡਾਰੀ ਹੈ। ਬੇਲਿਸ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਉਮਰ ਮਾਇਨੇ ਰੱਖਦੀ ਹੈ। ਉਹ ਫ਼ਿੱਟ ਹੈ ਅਤੇ ਖੁਦ ਨੂੰ ਫ਼ਿੱਟ ਰੱਖਦੈ। ਜੇ ਉਸ ਦਾ ਸ਼ਰੀਰ ਫ਼ਿੱਟ ਰਹੇਗਾ ਤਾਂ ਇਸ ‘ਚ ਕੋਈ ਸ਼ੱਕ ਨਹੀਂ ਕਿ ਉਹ ਅਗਲੇ 3 ਤੋਂ 4 ਸਾਲ ਤਕ ਇਸ ਪ੍ਰਦਰਸ਼ਨ ਨੂੰ ਜਾਰੀ ਰੱਖ ਸਕਦੈ।