ਲੰਡਨ – ਖ਼ਰਾਬ ਦੌਰ ਤੋਂ ਜੂਝ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ‘ਚ ਦੋ ਟੈੱਸਟ ਹਾਰਨ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਟੀਮ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਮੀਦ ਹੈ ਉਹ ਟੀਮ ਦਾ ਸਾਥ ਨਹੀਂ ਛੱਡਣਗੇ। ਕੋਹਲੀ ਦੇ ਅਧਿਕਾਰਕ ਫ਼ੇਸਬੁੱਕ ਪੇਜ ‘ਤੇ ਪੋਸਟ ਕੀਤੇ ਗਏ ਸੰਦੇਸ਼ ‘ਚ ਲਿਖਿਆ, ”ਕਈ ਵਾਰ ਅਸੀਂ ਜਿਤਦੇ ਹਾਂ ਅਤੇ ਕਈ ਵਾਰ ਅਸੀਂ ਸਿੱਖਦੇ ਹਾਂ। ਤੁਸੀਂ ਸਾਡੇ ਤੋਂ ਉਮੀਦ ਨਾ ਛੱਡੋ ਅਤੇ ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ।”
ਇਸ ਪੋਸਟ ਦੇ ਨਾਲ ਭਾਰਤੀ ਟੀਮ ਦੀ ਮੈਦਾਨ ‘ਤੇ ਇੱਕ ਦੂਜੇ ਦੇ ਮੋਢਿਆਂ ‘ਤੇ ਹੱਥ ਰੱਖੀ ਤਸਵੀਰ ਵੀ ਪੋਸਟ ਕੀਤੀ ਗਈ। ਭਾਰਤ ਨੂੰ ਪਹਿਲੇ ਟੈੱਸਟ ‘ਚ 31 ਦੌੜਾਂ ਅਤੇ ਦੂਜੇ ਟੈੱਸਟ ‘ਚ ਇੱਕ ਪਾਰੀ ਅਤੇ 159 ਦੌੜਾਂ ਨਾਲ ਹਾਰ ਝਲਣੀ ਪਈ ਸੀ। ਤੀਜਾ ਟੈੱਸਟ ਸ਼ਨਿਵਾਰ ਨੂੰ ਨੌਟਿੰਘਮ ਦੇ ਮੈਦਾਨ ‘ਤੇ ਖੇਡਿਆ ਜਾਵੇਗਾ।












