ਜੰਮੂ: ਜੰਮੂ-ਕਸ਼ਮੀਰ ਸਰਕਾਰ ਦੇ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਅਤੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜੰਮੂ ਡਿਵੀਜ਼ਨ ਦੇ ਗਰਮੀਆਂ ਦੇ ਜ਼ੋਨ ਵਿੱਚ ਆਉਣ ਵਾਲੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਗਰਮੀਆਂ ਦੀਆਂ ਛੁੱਟੀਆਂ 7 ਜੂਨ 2025 ਤੋਂ 16 ਜੁਲਾਈ 2025 ਤੱਕ ਹੋਣਗੀਆਂ।
ਇਸ ਸਮੇਂ ਦੌਰਾਨ ਸਕੂਲਾਂ ਦੇ ਅਧਿਆਪਕਾਂ ਨੂੰ 14 ਜੁਲਾਈ 2025 ਨੂੰ ਸਕੂਲ ‘ਚ ਹਾਜ਼ਰ ਹੋਣਾ ਪਵੇਗਾ ਤਾਂ ਜੋ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਸਕਣ। ਇਸ ਵਿੱਚ ਸਫਾਈ, ਸਿੱਖਿਆ-ਸਿਖਲਾਈ ਸਮੱਗਰੀ (TLM) ਦੀ ਤਿਆਰੀ, ਪਾਠ ਯੋਜਨਾ, ਸਮਾਂ ਸਾਰਣੀ ਅਤੇ ਆਨਲਾਈਨ ਪੜ੍ਹਾਈ ਲਈ ICT ਲੈਬ ਵਰਗੀਆਂ ਸਹੂਲਤਾਂ ਦੀ ਤਿਆਰੀ ਸ਼ਾਮਲ ਹੈ। ਛੁੱਟੀਆਂ ਦੌਰਾਨ, ਅਧਿਆਪਕ ਆਨਲਾਈਨ ਮਾਧਿਅਮ ਰਾਹੀਂ ਵਿਦਿਆਰਥੀਆਂ ਦੀ ਮਦਦ ਲਈ ਉਪਲਬਧ ਹੋਣਗੇ। ਸਿੱਖਿਆ ਡਾਇਰੈਕਟੋਰੇਟ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਸਕੂਲ ਮੁਖੀ ਜਾਂ ਅਧਿਆਪਕ ਇਸ ਆਦੇਸ਼ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬਾਕੀ ਸੂਬਿਆਂ ‘ਚ ਜ਼ਿਆਦਾਤਰ 30 ਦਿਨ ਦੀਆਂ ਛੁੱਟੀਆਂ ਹੀ ਐਲਾਨੀਆਂ ਗਈਆਂ ਹਨ ਪਰ ਜੰਮੂ-ਕਸ਼ਮੀਰ ਸਰਕਾਰ ਦੇ ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਪੱਤਰ ਜਾਰੀ ਕਰ ਕੇ ਵਿਦਿਆਰਥੀਆਂ ਨੂੰ 40 ਦਿਨ ਦੀਆਂ ਛੁੱਟੀਆਂ ਦਿੱਤੀਆਂ ਹਨ ਤਾਂ ਜੋ ਗਰਮੀ ਤੋਂ ਰਾਹਤ ਮਿਲੇ।















