ਬਘੇਲ ਸਿੰਘ ਧਾਲੀਵਾਲ
99142-58142
ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੈਦਾਨ ਵਿੱਚ ਨਿੱਤਰ ਚੁੱਕੀਆਂ ਹਨ। ਹਰ ਆਏ ਦਿਨ ਲੋਕ ਲੁਭਾਊ ਬਿਆਨ ਦੇ ਕੇ ਸਿਆਸੀ ਲੀਡਰਾਂ ਨੇ ਆਪਣੀ ਆਪਣੀ ਪਾਰਟੀ ਦੀ ਸਰਕਾਰ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਹਨ। ਸਿਆਸੀ ਲੀਡਰਾਂ ਨੂੰ ਹੁਣੇ ਤੋਂ ਹੀ ਵਿਧਾਨ ਸਭਾ ਵਿੱਚ ਆਪਣੀ ਪਾਰਟੀ ਦੀ ਸਰਕਾਰ ਬਣਦੀ ਅਤੇ ਸਰਕਾਰ ਵਿੱਚ ਉੱਚੀਆਂ ਪਦਵੀਆਂ ਦਿਖਣ ਲੱਗ ਪਈਆਂ ਹਨ। ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਕਰ ਕੇ ਇਸ ਵਾਰ ਸ਼ਹੀਦੀ ਦਿਹਾੜਿਆਂ ਤੇ ਸਿਆਸੀ ਕਾਨਫ਼ਰੰਸਾਂ ਵਿੱਚ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਤਰ੍ਹਾਂ-ਤਰ੍ਹਾਂ ਦੇ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ। ਪੰਜਾਬ ਦੀ ਮੁੱਖ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਸਿੱਖ ਮਸਲਿਆਂ ਦੇ ਨਾਮ ‘ਤੇ ਲੰਮਾ ਸਮਾਂ ਸਿਆਸਤ ਕਰ ਕੇ ਰਾਜ ਸੱਤਾ ਦਾ ਨਿੱਘ ਮਾਣਿਆ ਹੈ, ਉਸ ਦੀ ਕਾਰਗ਼ੁਜ਼ਾਰੀ ਨੂੰ ਵਿਗਿਆਨ ਦੇ ਯੁੱਗ ਨੇ ਸ਼ੱਕ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ਨੇ ਅਕਾਲੀਆਂ ਦੀ ਦਹਾਕਿਆਂ ਦੀ ਧਰੀ ਢੱਕੀ ਨੰਗੀ ਕਰ ਦਿੱਤੀ ਹੈ। ਅਕਾਲੀਆਂ ਲਈ ਇਹ ਗੱਲ ਵੀ ਮਸ਼ਹੂਰ ਰਹੀ ਹੈ ਕਿ ਇਹ ਜਦੋਂ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਇਹਨਾਂ ਨੂੰ ਸਿੱਖ ਮਸਲਿਆਂ ਦੀ ਯਾਦ ਆ ਜਾਂਦੀ ਹੈ ਅਤੇ ਮੋਰਚੇ ਲਾਉਂਦੇ ਹਨ, ਪਰ ਸੱਤਾ ‘ਤੇ ਕਾਬਜ਼ ਹੁੰਦਿਆਂ ਸਾਰ ਇਹ ਸਾਰੇ ਮਸਲਿਆਂ ਨੂੰ ਭੁੱਲ ਕੇ ਰਾਜ ਭਾਗ ਦਾ ਆਨੰਦ ਮਾਣਨ ਵਿੱਚ ਮਸ਼ਰੂਫ਼ ਹੋ ਜਾਂਦੇ ਹਨ। ਪੰਜਾਬ ਦੇ ਪਾਣੀਆਂ ਸਮੇਤ ਹੱਕੀ ਮੰਗਾਂ ਵਾਲੇ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਲਈ ਲਾਏ 1982 ਦੇ ਮੋਰਚੇ ਦੀਆਂ ਕੌੜੀਆਂ ਯਾਦਾਂ ਰਹਿੰਦੀ ਦੁਨੀਆਂ ਤਕ ਸਿੱਖਾਂ ਨੂੰ ਅਕਾਲੀਆਂ ਦੀ ਕੌਮ ਧ੍ਰੋਹੀ ਅਤੇ ਕੇਂਦਰੀ ਹਕੂਮਤਾਂ ਦੁਆਰਾ ਸਿੱਖਾਂ ਨੂੰ ਦੇਸ਼ ਧ੍ਰੋਹੀ ਸਮਝ ਕੇ ਦਿੱਤੇ ਜ਼ਖ਼ਮਾਂ ਦੇ ਦਰਦਾਂ ਨਾਲ ਤਾਜ਼ੀਆਂ ਰਹਿਣਗੀਆਂ। ਇਹ ਉਹ ਸਮਾਂ ਸੀ ਜਦੋਂ ਲੱਖਾਂ ਸਿੱਖ ਮਰਜੀਵੜਿਆਂ ਨੇ ਆਪਣੇ ਮਹਿਬੂਬ ਨੇਤਾ ਕਹਿਣੀ ਤੇ ਕਰਨੀ ਦੇ ਪੂਰੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਕਹਿਣ ‘ਤੇ ਸ੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਜੇਲ੍ਹਾਂ ਭਰ ਕੇ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਭਿੰਡਰਾਂ ਵਾਲਿਆਂ ਦੀ ਚੜ੍ਹਤ ਅਤੇ ਉਹਨਾਂ ਦੇ ਮੋਰਚੇ ਸਬੰਧੀ ਕੀਤੇ ਫ਼ੈਸਲਾਕੁੰਨ ਐਲਾਨ ਤੋਂ ਖਫ਼ਾ ਹੋਏ ਅਕਾਲੀ ਨੇਤਾ ਖ਼ੁਦ ਹੀ ਇਸ ਮੋਰਚੇ ਨੂੰ ਫ਼ੇਲ੍ਹ ਕਰਨ ਅਤੇ ਸੰਤ ਭਿੰਡਰਾਂ ਵਾਲਿਆਂ ਨੂੰ ਰਸਤੇ ‘ਚੋਂ ਹਟਾਉਣ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਗੋਂਦਾ ਗੁੰਦਣ ਲੱਗੇ ਜਿਸ ਦੇ ਫ਼ਲਸਰੂਪ ਜੂਨ 1984 ਦਾ ਫ਼ੌਜੀ ਹਮਲਾ ਹੋਇਆ। ਸਿੱਖ ਹਿਰਦਿਆਂ ਨੂੰ ਵਲੂੰਧਰ ਦੇਣ ਵਾਲੇ ਇਸ ਮੰਦਭਾਗੇ ਕਾਰੇ ਦੇ ਪ੍ਰਤੀਕਰਮ ਵਜੋਂ ਹਥਿਆਰਬੰਦ ਸਿੱਖ ਸੰਘਰਸ਼ ਦਾ ਅਗਲਾ ਦੌਰ ਸ਼ੁਰੂ ਹੋਇਆ ਜਿਸ ਨੂੰ ਅਖੌਤੀ ਆਦਰਸ਼ਵਾਦੀ ਲੋਕਾਂ ਅਤੇ ਸਿੱਖ ਵਿਰੋਧੀਆਂ ਨੇ ਬੇਸ਼ੱਕ ਕਾਲੇ ਦੌਰ ਦਾ ਨਾਮ ਦਿੱਤਾ ਪਰੰਤੂ ਸਿੱਖ ਚੇਤਿਆਂ ਵਿੱਚ ਉਹ ਸਮਾਂ ਖਾੜਕੂ ਸਿੱਖ ਸੰਘਰਸ਼ ਦੇ ਸਿਖਰ ਦਾ ਸੁਨਿਹਰੀ ਕਾਲ ਬਣ ਕੇ ਵਸ ਚੁੱਕਾ ਹੈ। ਸਿੱਖ ਖਾੜਕੂਆਂ ਦੀ ਉਸ ਇਤਿਹਾਸਿਕ ਗ਼ਲਤੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜਦੋਂ ਉਹਨਾਂ ਵਿੱਚ ਘੁਸਪੈਠ ਕਰ ਚੁੱਕੀਆਂ ਸਰਕਾਰੀ ਏਜੰਸੀਆਂ ਨੇ ਖਾੜਕੂ ਜਥੇਬੰਦੀਆਂ ਤੋਂ 1992 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਬਾਈਕੌਟ ਕਰਵਾ ਦਿੱਤਾ, ਸਿੱਟੇ ਵਜੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਜਿਸ ਨੇ ਖਾੜਕੂ ਸਿੱਖ ਸੰਘਰਸ਼ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇੱਥੇ ਇਸ ਦੌਰ ਨੂੰ ਇਸ ਲਈ ਦੁਹਰਾਉਣਾ ਪੈ ਰਿਹਾ ਹੈ ਕਿਉਂਕਿ ਇਸ ਦਹਾਕੇ ਦੌਰਾਨ ਹੋਈ ਸਿੱਖ ਨਸਲਕੁਸ਼ੀ ਲਈ ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਜ਼ਿੰਮੇਵਾਰ ਹੋਣ ਦੇ ਬਾਵਜੂਦ ਵੀ ਇਸ ਦਾ ਫ਼ਾਇਦਾ ਫ਼ਿਰ 1997 ਵਿੱਚ ਰਾਜ ਭਾਗ ਦੀ ਪ੍ਰਾਪਤੀ ਨਾਲ ਸ੍ਰੋਮਣੀ ਅਕਾਲੀ ਦਲ ਅਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਹੋਇਆ। ਸ੍ਰ. ਬਾਦਲ ਨੇ ਸਿੱਖਾਂ ਨਾਲ ਅਨੇਕਾਂ ਵਾਅਦੇ ਕੀਤੇ, ਪਰ ਕੋਈ ਵੀ ਵਾਅਦਾ ਪੂਰਾ ਕਰਨ ਤੋਂ ਹਮੇਸ਼ਾ ਹੀ ਅਸਮਰਥ ਰਹੇ। ਹੌਲੀ ਹੌਲੀ, ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਾਲੇ ਮਤੇ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਤੋਂ ਦੂਰੀ ਹੀ ਬਣਾ ਲਈ। ਹੁਣ ਜਦੋਂ ਸਾਰੀਆਂ ਹੀ ਪਾਰਟੀਆਂ ਚੋਣ ਮੈਦਾਨ ਵਿੱਚ ਉਤਰ ਆਈਆਂ ਹਨ ਤੇ ਉਹਨਾਂ ਨੇ ਸ੍ਰੀ ਮੁਕਤਸਰ ਦੇ ਇਤਿਹਾਸਿਕ ਦਿਹਾੜੇ ਮਾਘੀ ਦੇ ਮੌਕੇ ਤੇ ਕਾਨਫ਼ਰੰਸਾਂ ਕਰ ਕੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ ਤਾਂ ਇਸ ਗੱਲ ‘ਤੇ ਵੀ ਜ਼ਰੂਰ ਗ਼ੌਰ ਕਰਨਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਸਮੇਤ ਵੱਖ ਵੱਖ ਪਾਰਟੀਆਂ ਸਿੱਖ ਮਸਲਿਆਂ ਨੂੰ ਕਿੰਨੀ ਕੁ ਤਵੱਜੋ ਦਿੰਦੀਆਂ ਹਨ। ਇੱਥੇ ਇਹ ਗੱਲ ਵੀ ਬੜੀ ਮਹੱਤਵਪੂਰਨ ਹੈ ਕਿ ਪੰਜਾਬ ਵਿੱਚ ਪੰਥਕ ਏਜੰਡੇ ਤੋਂ ਹਟ ਕੇ ਗੱਲ ਕਰਨ ਵਾਲੀ ਰਾਜਸੀ ਪਾਰਟੀ ਕਾਮਯਾਬ ਨਹੀਂ ਹੋ ਸਕਦੀ। ਪੰਜਾਬ ਅੰਦਰ ਪਿਛਲੇ ਇੱਕ ਸਾਲ ਦੌਰਾਨ ਬੰਦੀ ਸਿੱਖਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਵਾਪਰੀਆਂ ਘਟਨਾਵਾਂ ਵਿੱਚ ਸੂਬਾ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਿੱਖ ਵਿਰੋਧੀ ਭੂਮਿਕਾ ਤੋਂ ਉੱਠੇ ਲੋਕ ਰੋਹ ਤੋਂ ਸਬਕ ਲੈ ਕੇ ਪੰਜਾਬ ਕਾਂਗਰਸ ਨੇ ਵੀ ਪੱਤੇ ਖੇਡਣੇ ਸੁਰੂ ਕਰ ਦਿੱਤੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਥੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਕਹਿੰਦੇ ਹਨ ਉਥੇ ਨਸ਼ਿਆਂ ਦੇ ਸੌਦਾਗਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫ਼ੜ ਕੇ ਕਟਿਹਰੇ ਵਿੱਚ ਖੜ੍ਹਾ ਕਰਨ ਅਤੇ ਬਰਗਾੜੀ ਵਿੱਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਸਜ਼ਾਵਾਂ ਦੇਣ ਦੀ ਗੱਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸਾਂਭਣ ਵੇਲੇ ਤੋਂ ਹੀ ਕਰਦੇ ਆ ਰਹੇ ਹਨ। ਮਾਘੀ ਦੀ ਕਾਨਫ਼ਰੰਸ ‘ਤੇ ਵੀ ਉਹਨਾਂ ਨੇ ਪੰਜਾਬ ਦੀ ਆਰਥਿਕ ਦਸ਼ਾ ਸੁਧਾਰਨ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਗੱਲ ਕੀਤੀ ਹੈ। ਬੇਸ਼ੱਕ ਕੈਪਟਨ ਤੋਂ ਸੂਬੇ ਦੇ ਲੋਕ, ਖ਼ਾਸ ਕਰ ਕੇ ਕਿਸਾਨ ਅਤੇ ਪ੍ਰਾਪਰਟੀ ਦੀ ਖ਼ਰੀਦ ਵੇਚ ਨਾਲ ਜੁੜਿਆ ਵਪਾਰੀ ਵਰਗ, ਬਹੁਤ ਆਸਾਂ ਰੱਖਦੇ ਹਨ। ਪਰੰਤੂ ਉਹ ਸਿੱਖ ਹਿੱਤਾਂ ‘ਤੇ ਪਹਿਰਾ ਨਹੀਂ ਦੇ ਸਕਣਗੇ ਕਿਉਂਕਿ ਉਹਨਾਂ ਦੀ ਡੋਰ ਵੀ ਸਿੱਖ ਵਿਰੋਂਧੀ ਕੇਂਦਰ, ਦਿੱਲੀ, ਦੇ ਹੱਥ ਹੈ। ਇਸ ਲਈ ਉਨ੍ਹਾਂ ਦੀ ਇਸ ਮਜਬੂਰੀ ਨੂੰ ਅਣਗੌਲਿਆ ਨਹੀ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬੇਸ਼ੱਕ ਲੋਕਾਂ ਨੂੰ ਭਰਮਾਉਣ ਲਈ ਅਨੇਕਾਂ ਐਲਾਨ ਕੀਤੇ ਹਨ, ਆਉਣ ਵਾਲੇ ਦਿਨਾਂ ਵਿੱਚ ਬੇਰੋਜ਼ਗਾਰਾਂ ਨੂੰ ਨੌਕਰੀਆਂ, ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼,ਨ ਅਤੇ ਹੋਰ ਕਿੰਨੇ ਹੀ ਲੁਭਾਉਣੇ ਐਲਾਨ ਕੀਤੇ ਹਨ ਪਰ ਸਿੱਖ ਮਸਲਿਆਂ ਸਬੰਧੀ ਕਿਧਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। 1920 ਤੋ ਸਿੱਖ ਹਿੱਤਾਂ ਦੀ ਰਾਖੀ ਲਈ ਲੜਦੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਾਰਸਾਂ ਵਲੋਂ ਪੰਥਕ ਏਜੰਡੇ ਨੂੰ ਨਜ਼ਰਅੰਦਾਜ਼ ਕਰਨਾ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ। ਉੱਧਰ ਤੇਜ਼ੀ ਨਾਲ ਲੋਕ ਲਹਿਰ ਬਣਾਉਣ ਵੱਲ ਵਧ ਰਹੀ ਆਮ ਆਦਮੀ ਪਾਰਟੀ ਨੇ ਵੀ ਸਿੱਖ ਮਸਲਿਆਂ ਦੇ ਹੱਲ ਲਈ ਐਲਾਨ ਕੀਤੇ ਹਨ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਹਿੱਤਾਂ ਨਾਲ ਜੁੜੇ ਕਈ ਮਹੱਤਵਪਰਨ ਐਲਾਨ ਕਰ ਕੇ ਸਾਰੀਆਂ ਰਾਜਸੀ ਧਿਰਾਂ ਨੂੰ ਧਰਮ ਸੰਕਟ ਵਿੱਚ ਪਾ ਦਿੱਤਾ ਹੈ। ਦਿੱਲੀ ਵਿੱਚ ਕੀਤੇ ਵਾਅਦਿਆਂ ਮੁਤਾਬਿਕ ਹੋ ਰਹੇ ਕਾਰਜ ਅਤੇ ਕਈ ਸਖ਼ਤ ਫ਼ੈਸਲਿਆਂ ‘ਤੇ ਦ੍ਰਿੜਤਾ ਨਾਲ ਲਏ ਸਟੈਂਡ ਤੋਂ ਉਹਨਾਂ ਬਾਰੇ ਇੱਕ ਗੱਲ ਬੜੀ ਸਪੱਸ਼ਟ ਹੋ ਚੁੱਕੀ ਹੈ ਕਿ ਉਹ ਜੋ ਕਹਿੰਦੇ ਹਨ ਉਸ ‘ਤੇ ਪਹਿਰਾ ਵੀ ਦਿੰਦੇ ਹਨ। ਇਸ ਲਈ ਉਹਨਾਂ ਵਲੋਂ ਕੀਤੇ ਐਲਾਨ ਮਹਿਜ਼ ਰਾਜਸੀ ਸਟੰਟ ਨਹੀਂ ਸਮਝੇ ਜਾ ਸਕਦੇ, ਅਤੇ ਇਨ੍ਹਾਂ ਨੂੰ ਪੰਜਾਬ ਦੇ ਲੋਕ ਗੰਭੀਰਤਾ ਨਾਲ ਲੈ ਵੀ ਰਹੇ ਹਨ। ਇਹਨਾਂ ਤਿੰਨੋਂ ਮੁੱਖ ਰਾਜਸੀ ਪਾਰਟੀਆਂ ਤੋਂ ਪਾਸੇ ਹਟ ਕੇ ਜੇ ਪੰਥ ਦੇ ਹਿੱਤਾਂ ਦੀ ਅਸਲ ਪਹਿਰੇਦਾਰੀ ਦੀ ਗੱਲ ਕਰੀਏ ਤਾਂ ਨਜ਼ਰ ਸ਼੍ਰੋਮਣੀ ਅਕਾਲੀ ਦਲ (ਅ) ‘ਤੇ ਆ ਕੇ ਟਿਕ ਜਾਂਦੀ ਹੈ। ਪਾਰਟੀ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਦ੍ਰਿੜਤਾ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਉਹ ਸਿੱਖਾਂ ਦੀ ਪੂਰਨ ਅਜ਼ਾਦੀ ਅਤੇ ਕੌਮੀ ਘਰ ਖ਼ਾਲਿਸਤਾਨ ਦੀ ਆਪਣੀ ਚਿਰੋਕਣੀ ਮੰਗ ‘ਤੇ ਦ੍ਰਿੜ ਸੰਕਲਪ ਹਨ। ਉਹਨਾਂ ਬਾਰੇ ਆਮ ਲੋਕਾਂ ਵਿੱਚ ਇਹ ਧਾਰਣਾ ਬਣ ਚੁੱਕੀ ਹੈ ਕਿ ਉਹ ਖ਼ਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਤੋਂ ਮਰਦੇ ਦਮ ਤਕ ਪਿੱਛੇ ਹਟਣ ਵਾਲੇ ਨਹੀਂ ਹਨ। ਸੋ ਅੰਤ ਵਿੱਚ, ਵੱਖ ਵੱਖ ਰਾਜਸੀ ਪਾਰਟੀਆਂ ਦੇ ਸਿੱਖ ਮੰਗਾਂ ਬਾਰੇ ਨਜ਼ਰੀਏ ਨੂੰ ਵਾਚਣ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਸਿੱਖ ਮਸਲਿਆਂ ਦਾ ਮੁਕੰਮਲ ਹੱਲ ਪੰਥਕ ਏਕਤਾ ਨਾਲ ਹੀ ਹੋ ਸਕਦਾ ਹੈ। ਪੰਥਕ ਏਕਤਾ ਲਈ ਵਿਸਾਖੀ ‘ਤੇ ਹੋਣ ਵਾਲਾ ਸਰਬੱਤ ਖ਼ਾਲਸਾ ਅਹਿਮ ਭੂਮਿਕਾ ਅਦਾ ਕਰੇਗਾ। 2017 ਦੀ ਚੋਣ ਵਿੱਚ ਕਿਹੜੀ ਪਾਰਟੀ ਲੋਕ ਲਹਿਰ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ ਇਸ ਦੀ ਅਸਲ ਤਸਵੀਰ ਵੀ ਸਰਬੱਤ ਖ਼ਾਲਸਾ ਤੋਂ ਬਾਅਦ ਹੀ ਸਾਹਮਣੇ ਆਵੇਗੀ।















