2000 ਕਰੋੜ ਰੁਪਏ ਦੀ ਧੋਖਾਦੇਹੀ ਦਾ ਮਾਮਲਾ ; ED ਨੇ ਦਿੱਲੀ-NCR ਸਣੇ ਕਈ ਸੂਬਿਆਂ ‘ਚ ਮਾਰੇ ਛਾਪੇ

ਨੈਸ਼ਨਲ ਡੈਸਕ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਦੇ ਸੰਚਾਲਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਮੰਗਲਵਾਰ ਨੂੰ ਕਈ ਸੂਬਿਆਂ ’ਚ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਇਸ ਐਪ ਰਾਹੀਂ ਲੋਕਾਂ ਨਾਲ ਕਥਿਤ ਤੌਰ ’ਤੇ 2000 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ‘ਪਰੀਮੈਚ’ ਨਾਮੀ ਐਪ ਵਿਰੁੱਧ ਮਾਮਲੇ ਵਿਚ ਮੁੰਬਈ, ਦਿੱਲੀ-ਐੱਨ. ਸੀ. ਆਰ., ਹੈਦਰਾਬਾਦ, ਜੈਪੁਰ, ਮਦੁਰਾਈ (ਤਾਮਿਲਨਾਡੂ) ਅਤੇ ਸੂਰਤ (ਗੁਜਰਾਤ) ਵਿਚ ਘੱਟੋ-ਘੱਟ 15 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।
ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੀਆਂ ਧਾਰਾਵਾਂ ਤਹਿਤ ਦਰਜ ਇਹ ਮਾਮਲਾ ਮੁੰਬਈ ਸਾਈਬਰ ਪੁਲਸ ਵੱਲੋਂ 2024 ਵਿਚ ਦਰਜ ਕੀਤੀ ਗਈ ਇਕ ਐੱਫ. ਆਈ. ਆਰ. ’ਤੇ ਆਧਾਰਿਤ ਹੈ। ਸੂਤਰਾਂ ਅਨੁਸਾਰ, ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰਕਮ ਧੋਖਾਦੇਹੀ ਕਰਨ ਵਾਲਿਆਂ ਵੱਲੋਂ ‘ਮਿਊਲ ਖਾਤਿਆਂ’ (ਅਪਰਾਧੀਆਂ ਵੱਲੋਂ ਗੈਰ-ਕਾਨੂੰਨੀ ਮਨੀ ਲਾਂਡਰਿੰਗ ਲਈ ਵਰਤੇ ਜਾਣ ਵਾਲੇ) ਵਿਚ ਇਕੱਠੀ ਕੀਤੀ ਗਈ ਸੀ ਅਤੇ ਕਈ ਭੁਗਤਾਨ ਐਪਸ ਅਤੇ ਏਜੰਟਾਂ ਰਾਹੀਂ ਵੱਖਰੇ ਤੌਰ ’ਤੇ ਪ੍ਰਾਪਤ ਕੀਤੀ ਗਈ ਸੀ।