ਅਦਾਕਾਰਾ ਹੁਮਾ ਕੁਰੈਸ਼ੀ ਇਨ੍ਹੀਂ ਦਿਨੀਂ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਵੈੱਬ ਸੀਰੀਜ਼ ਤਰਲਾ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਅਦਾਕਾਰਾ ਨੇ ਆਪਣੀ ਹਰ ਫ਼ਿਲਮ ਨਾਲ ਦਰਸ਼ਕਾਂ ਦੇ ਦਿਲਾਂ ‘ਚ ਇੱਕ ਖ਼ਾਸ ਜਗ੍ਹਾ ਬਣਾਈ ਹੈ।
ਹੁਮਾ ਕੁਰੈਸ਼ੀ ਲਈ ਇਸ ਮੁਕਾਮ ਤਕ ਪਹੁੰਚਣਾ ਆਸਾਨ ਨਹੀਂ ਸੀ। ਉਸ ਨੂੰ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਆਪਣੇ ਭਾਰ ਕਾਰਨ ਹੁਮਾ ਬੁਰੇ ਦੌਰ ‘ਚੋਂ ਲੰਘੀ ਕਿਉਂਕਿ ਲੋਕ ਲਗਾਤਾਰ ਉਸ ਨੂੰ ਭਾਰ ਘਟਾਉਣ ਲਈ ਕਹਿ ਰਹੇ ਸਨ। ਜੀ ਹਾਂ, ਇਸ ਗੱਲ ਦਾ ਖ਼ੁਲਾਸਾ ਖ਼ੁਦ ਅਦਾਕਾਰਾ ਨੇ ਕੀਤਾ ਹੈ। ਹਾਲ ਹੀ ‘ਚ ਇੱਕ ਇੰਟਰਵਿਊ ਦੇ ਦੌਰਾਨ ਹੁਮਾ ਨੇ ਦੱਸਿਆ ਕਿ ਜਦੋਂ ਉਹ 20 ਸਾਲਾਂ ਦੀ ਸੀ ਤਾਂ ਉਸ ਨੂੰ ਅਕਸਰ ਸਮਾਜ ਦੇ ਸ਼ਰੀਰਕ ਸਟਰਕਚਰ ‘ਚ ਫ਼ਿੱਟ ਨਾ ਹੋਣ ਕਾਰਨ ਬੌਡੀ ਸ਼ੇਮਿੰਗ ਦਾ ਸ਼ਿਕਾਰ ਹੋਣਾ ਪੈਂਦਾ ਸੀ। ਉਸ ਨੇ ਦੱਸਿਆ ਕਿ ਕਈ ਵਾਰ ਅਖ਼ਬਾਰਾਂ ਅਤੇ ਰਸਾਲਿਆਂ ‘ਚ ਉਸ ਦੇ ਗੋਡਿਆਂ ਤੇ ਪਹਿਰਾਵੇ ‘ਤੇ ਵੀ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਇੰਨਾ ਹੀ ਨਹੀਂ ਕਈ ਵਾਰ ਸ਼ਰੀਰ ਦੇ ਕੁੱਝ ਹਿੱਸਿਆਂ ‘ਤੇ ਚੱਕਰ ਬਣਾ ਕੇ ਉਸ ਨੂੰ ਦੇਖਿਆ ਜਾਂਦਾ ਸੀ ਅਤੇ ਸ਼ੇਅਰ ਕੀਤਾ ਜਾਂਦਾ ਸੀ।











