15 ਅਕਤੂਬਰ ਨੂੰ ਡਿਜ਼ਨੀ ਪਲੱਸ ‘ਤੇ ਦਿਖੇਗੀ ਫ਼ਿਲਮ ਸਨਕ

ਬੌਲੀਵੁਡ ਦੇ ਐਕਸ਼ਨ ਹੀਰੋ ਵਿਧੁਤ ਜਾਮਵਾਲ ਨੂੰ ਉਸ ਦੇ ਐਕਸ਼ਨ ਕਰ ਕੇ ਜਾਣਿਆ ਜਾਂਦਾ ਹੈ, ਅਤੇ ਹਰ ਕੋਈ ਉਸ ਨੂੰ ਐਕਸ਼ਨ ਕਮਾਂਡੋ ਦੇ ਨਾਮ ਨਾਲ ਚੇਤੇ ਕਰਦਾ ਹੈ। ਬਹੁਤ ਜਲਦ ਵਿਧੁਤ ਆਪਣੀ ਨਵੀਂ ਫ਼ਿਲਮ ਸਨਕ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ। ਵਿਧੁਤ ਜਾਮਵਾਲ ਇੰਨ੍ਹੀਂ ਦਿਨੀਂ ਆਪਣੀ ਇਸ ਆਉਣ ਵਾਲੀ ਫ਼ਿਲਮ ਕਾਰਨ ਕਾਫ਼ੀ ਚਰਚਾ ‘ਚ ਹੈ। ਫ਼ਿਲਮ ਦਾ ਡਿਜ਼ਨੀ ਪਲੱਸ ਹੌਟਸਟਾਰ ‘ਤੇ 15 ਅਕਤੂਬਰ ਨੂੰ ਪ੍ਰੀਮੀਅਰ ਕੀਤਾ ਜਾਵੇਗਾ, ਪਰ ਇਸ ਤੋਂ ਪਹਿਲਾਂ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। 2 ਮਿੰਟ 36 ਸੈਕਿੰਡ ਦੇ ਸ਼ਾਨਦਾਰ ਟਰੇਲਰ ‘ਚ ਦਰਸ਼ਕਾਂ ਨੂੰ ਐਕਸ਼ਨ, ਰੋਮੈਂਸ, ਪਰਿਵਾਰਕ ਡਰਾਮੇ ਅਤੇ ਦੇਸ਼ ਭਗਤੀ ਦੇਖਣ ਨੂੰ ਮਿਲਣ ਵਾਲੀ ਹੈ।
ਟਰੇਲਰ ‘ਚ ਵਿਧੁਤ ਜਾਮਵਾਲ ਦੇ ਸ਼ਾਨਦਾਰ ਐਕਸ਼ਨ ਸਟੰਟਸ ਅਤੇ ਕਮਾਲ ਦੇ ਡਾਇਲੌਗ ਸੁਣਨ ਨੂੰ ਮਿਲ ਰਹੇ ਹਨ। ਦਰਸ਼ਕਾਂ ਵਲੋਂ ਟਰੇਲਰ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਯੂਟਿਊਬ ‘ਤੇ ਸਨਕ ਦਾ ਟਰੇਲਰ ਟਰੈਂਡਿੰਗ ‘ਚ ਚੱਲ ਰਿਹਾ ਹੈ। ਵਿਧੁਤ ਜਾਮਵਾਲ ਦੇ ਨਾਲ ਇਸ ਫ਼ਿਲਮ ‘ਚ ਬੰਗਾਲੀ ਅਦਾਕਾਰਾ ਰੁਕਮਿਣੀ ਮੈਤਰਾ ਵੀ ਨਜ਼ਰ ਆਵੇਗੀ। ਰੁਕਮਿਣੀ ਇਸ ਫ਼ਿਲਮ ਨਾਲ ਬੌਲੀਵੁਡ ‘ਚ ਡੈਬੀਊ ਕਰਨ ਜਾ ਰਹੀ ਹੈ। ਵਿਧੁਤ ਜਾਮਵਾਲ ਤੋਂ ਇਲਾਵਾ ਚੰਦਨ ਰਾਏ ਸਾਨਿਆਲ, ਨੇਹਾ ਧੂਪੀਆ ਅਤੇ ਕਈ ਹੋਰ ਕਲਾਕਾਰ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ।