11 ਮਹੀਨਿਆਂ ਦੀ ਕੁੜੀ ਨਾਲ ਜਬਰ-ਜ਼ਿਨਾਹ, ਗੰਭੀਰ ਹਾਲਤ ’ਚ ਹਸਪਤਾਲ ‘ਚ ਦਾਖ਼ਲ

ਹਰਿਦੁਆਰ – ਉੱਤਰਾਖੰਡ ਦੇ ਹਰਿਦੁਆਰ ਵਿਚ 11 ਮਹੀਨਿਆਂ ਦੀ ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਸ਼ਹਿਰੀ ਥਾਣਾ ਖੇਤਰ ਵਿਚ ਐਤਵਾਰ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਬੱਚੀ ਦੀ ਹਾਲਤ ਗੰਭੀਰ ਹੈ। ਉਸ ਨੂੰ ਬਿਹਤਰ ਇਲਾਜ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਸ ਨੇ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਦੱਸਿਆ ਕਿ ਮੁਲਜ਼ਮ ਨੌਜਵਾਨ ਸੌਰਭ ਰੋ ਰਹੀ ਬੱਚੀ ਨੂੰ ਚੁੱਪ ਕਰਵਾਉਣ ਦੇ ਬਹਾਨੇ ਆਪਣੇ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ। ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦਾ ਰਹਿਣ ਵਾਲਾ ਬੱਚੀ ਦਾ ਪਰਿਵਾਰ ਹਰਿਦੁਆਰ ਦੇ ਉਦਯੋਗਿਕ ਖੇਤਰ ’ਚ ਸਥਿਤ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਹੀ ਬਿਹਾਰ ਦੇ ਭਾਗਲਪੁਰ ਦਾ ਰਹਿਣ ਵਾਲਾ ਸੌਰਭ ਵੀ ਇਸੇ ਫੈਕਟਰੀ ਵਿਚ ਕੰਮ ਕਰਨ ਆਇਆ ਸੀ।