10 ਦਿਨ ਬਾਅਦ ਜੂਸ ਪੀ ਕੇ ਸਵਾਤੀ ਨੇ ਤੋੜੀ ਭੁੱਖ-ਹੜਤਾਲ

ਨਵੀਂ ਦਿੱਲੀ— ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਅੱਜ 10 ਦਿਨ ਬਾਅਦ ਜੂਸ ਪੀ ਕੇ ਆਪਣੀ ਭੁੱਖ-ਹੜਤਾਲ ਖਤਮ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੀ 90 ਸਾਲਾਂ ਨਾਨੀ ਵੀ ਉਥੇ ਮੌਜੂਦ ਸੀ। ਛੋਟੀ ਬੱਚੀਆਂ ਨੇ ਆਪਣੇ ਹੱਥਾਂ ਨਾਲ ਜੂਸ ਪਿਲਾ ਕੇ ਸਵਾਤੀ ਦਾ ਵਰਤ ਖੁਲ੍ਹਵਾਇਆ। ਹੜਤਾਲ ਖਤਮ ਕਰਨ ਦੇ ਬਾਅਦ ਸਵਾਤੀ ਨੇ ਕਿਹਾ ਕਿ ਮੈਂ ਪਹਿਲੇ ਇੱਕਲੀ ਲੜ ਰਹੀ ਸੀ ਪਰ ਹੁਣ ਪੂਰਾ ਦੇਸ਼ ਮੇਰੇ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਮੇਰੀ ਗੱਲ ਨਹੀਂ ਮੰਨਦੇ ਤਾਂ ਇਹ ਭੁੱਖ-ਹੜਤਾਲ ਲੰਬੀ ਚੱਲਦੀ। ਉਨ੍ਹਾਂ ਨੇ ਕਿਹਾ ਕਿ ਅਸੀਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਨਵਾਂ ਸਿਸਟਮ ਤਿਆਰ ਕਰਾਂਗੇ। ਸਵਾਤੀ ਦੇ ਨਾਲ ਮੰਚ ‘ਤੇ ਨਿਰਭਿਆ ਦੇ ਮਾਤਾ-ਪਿਤਾ ਦੇ ਇਲਾਵਾ ਨੇਤਾ ਅਲੀ ਅਨਵਰ ਵੀ ਮੌਜੂਦ ਸਨ।
ਸ਼ਨੀਵਾਰ ਨੂੰ ਕੇਂਦਰ ਸਰਕਾਰ ਨੇ 12 ਸਾਲ ਤੱਕ ਦੀਆਂ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਫਾਂਸੀ ਦੀ ਸਜ਼ਾ ਦਾ ਪ੍ਰਬੰਧ ਜਾਰੀ ਕੀਤਾ, ਜਿਸ ਨੂੰ ਅੱਜ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਦੀ ਮਨਜ਼ੂਰੀ ਦੇ ਬਾਅਦ ਇਹ ਆਰਡੀਨੈਂਸ ਲਾਗੂ ਹੋ ਗਿਆ ਹੈ। ਸਵਾਤੀ ਪਿਛਲੇ 10 ਦਿਨਾਂ ਤੋਂ ਰਾਜਘਾਟ ‘ਤੇ ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਨਵੇਂ ਪ੍ਰਬੰਧ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਬੈਠੀ ਸੀ। ਇਸ ਦੌਰਾਨ ਭਾਜਪਾ ਨੇਤਾ ਸ਼ਤਰੂਘਨ ਸਿੰਨ੍ਹਾ ਤੋਂ ਲੈ ਕੇ ਦਿੱਲੀ ਸੀ.ਐਮ ਅਰਵਿੰਦ ਕੇਜਰੀਵਾਲ ਮਨੀਸ਼ ਸਿਸੌਦੀਆ ਵੀ ਸਵਾਤੀ ਨੂੰ ਮਿਲਣ ਪੁੱਜੇ ਸਨ।