ਜੌਹੈਨਸਬਰਗ – ਦੱਖਣੀ ਅਫ਼ਰੀਕੀ ਆਲਰਾਊਂਡਰ ਵਰਨਨ ਫ਼ਿਲੈਂਡਰ ਨੇ ਇੰਗਲੈਂਡ ਖ਼ਿਲਾਫ਼ ਅਗਲੀ ਟੈੱਸਟ ਸੀਰੀਜ਼ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸਾਲ 2007 ‘ਚ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕਰਨ ਵਾਲੇ ਫ਼ਿਲੈਂਡਰ ਨੇ ਅਜੇ ਤਕ ਦੱਖਣੀ ਅਫ਼ਰੀਕਾ ਲਈ 60 ਟੈੱਸਟ ਖੇਡੇ ਹਨ। ਇਨ੍ਹਾਂ ਵਿੱਚ ਉਸ ਦੇ ਨਾਂ 200 ਵਿਕਟਾਂ ਦਰਜ ਹਨ। ਇਸ ਦੇ ਨਾਲ ਹੀ ਉਹ ਦੱਖਣੀ ਅਫ਼ਰੀਕਾ ਦੀ 7ਵੀਂ ਸਭ ਤੋਂ ਸਫ਼ਲ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ ਹਾਲਾਂਕਿ ਸੱਟਾਂ ਨਾਲ ਜੂਝਣ ਕਾਰਣ ਪਿਛਲੇ 18 ਮਹੀਨਿਆਂ ਵਿੱਚ ਉਸ ਨੇ ਆਪਣੀ ਟੀਮ ਲਈ ਸਿਰਫ਼ ਛੇ ਮੈਚ ਹੀ ਖੇਡੇ ਹਨ।
34 ਸਾਲਾ ਕ੍ਰਿਕਟਰ ਨੇ 40 ਵਨ-ਡੇ ਖੇਡੇ ਹਨ। ਉਹ ਸਾਲ 2015 ਵਿਸ਼ਵ ਕੱਪ ਦਾ ਵੀ ਹਿੱਸਾ ਸੀ ਅਤੇ ਸਾਲ 2007 ‘ਚ T-20 ਵਿਸ਼ਵ ਕੱਪ ਦਾ ਪਹਿਲਾ ਐਡੀਸ਼ਨ ‘ਚ ਵੀ ਖੇਡ ਚੁਕਿਆ ਹੈ। ਫ਼ਿਲੈਂਡਰ ਨੇ ਕਿਹਾ, ”ਮੈਂ ਐਲਾਨ ਕਰਨਾ ਚਾਹੁੰਦਾ ਹਾਂ ਕਿ ਮੈਂ ਇੰਗਲੈਂਡ ਵਿਰੁੱਧ ਆਗਾਮੀ ਟੈੱਸਟ ਸੀਰੀਜ਼ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵਾਂਗਾ। ਮੇਰਾ ਮੰਨਣਾ ਹੈ ਕਿ ਇਹ ਸੰਨਿਆਸ ਲੈਣ ਦਾ ਫ਼ੈਸਲਾ ਠੀਕ ਸਮੇਂ ‘ਤੇ ਹੈ।” ਉਸ ਨੇ ਕਿਹਾ, ”ਮੇਰਾ ਪੂਰਾ ਧਿਆਨ ਫ਼ਿਲਹਾਲ ਆਪਣੀ ਟੀਮ ਨੂੰ ਇੰਗਲੈਂਡ ਵਿਰੁੱਧ ਜਿੱਤ ਦਿਵਾਉਣ ‘ਤੇ ਕੇਂਦ੍ਰਿਤ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਦੇਖਣ ਦੇ ਲਈ ਬੇਤਾਬ ਹਾਂ।”











