ਐਸ਼ਵਰਿਆ ਰਾਏ ਬੱਚਨ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਉਂਜ, ਉਹ ਹਾਲੇ ਵੀ ਆਪਣੇ ਕੰਮ ਪ੍ਰਤੀ ਸੰਜੀਦਾ ਹੈ ਅਤੇ ਹਰ ਫ਼ਿਲਮ ਨਾਲ ਕੁਝ ਨਵਾਂ ਸਿੱਖਣਾ ਚਾਹੁੰਦੀ ਹੈ। ਉਸ ਦੀਆਂ ਫ਼ਿਲਮਾਂ ‘ਜਜ਼ਬਾ’ ਅਤੇ ‘ਸਰਬਜੀਤ’ ਭਾਵੇਂ ਬਹੁਤੀਆਂ ਸਫ਼ਲ ਨਹੀਂ ਰਹੀਆਂ, ਪਰ ਇਨ੍ਹਾਂ ਵਿੱਚ ਉਸ ਦੇ ਕੰਮ ਦੀ ਸ਼ਲਾਘਾ ਕੀਤੀ ਗਈ। ਉਮਰ ਦੇ 42ਵੇਂ ਸਾਲ ਵਿੱਚ ਵੀ ਉਸ ਦਾ ਜਲਵਾ ਬਰਕਰਾਰ ਹੈ। ਇਸੇ ਲਈ ਐਸ਼ਵਰਿਆ ਦਾ ਮੰਨਣਾ ਹੈ ਕਿ ਜਿਉਂ ਜਿਉਂ ਕਲਾਕਾਰ ਦੀ ਉਮਰ ਵਧਦੀ ਹੈ, ਤਿਉਂ ਤਿਉਂ ਨਿਰਦੇਸ਼ਕਾਂ ਨੂੰ ਉਸ ਦੀ ਲੋੜ ਵੀ ਵਧਦੀ ਜਾਂਦੀ ਹੈ। ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ:
× ਹਰ ਕਲਾਕਾਰ ਆਪਣੀ ਫ਼ਿਲਮ ਲਈ ਖ਼ੂਬ ਮਿਹਨਤ ਕਰਦਾ ਹੈ, ਪਰ ਜਦੋਂ ਫ਼ਿਲਮ ਉਮੀਦਾਂ ਉੱਤੇ ਖ਼ਰੀ ਨਾ ਉਤਰੇ ਤਾਂ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ?
– ਤੁਹਾਡੀ ਕੀਤੀ ਮਿਹਨਤ ਨੂੰ ਲੋਕ ਪਸੰਦ ਨਾ ਕਰਨ ਜਾਂ ਤੁਹਾਡੀ ਫ਼ਿਲਮ ਨੂੰ ਵਧੀਆ ਹੁੰਗਾਰਾ ਨਾ ਮਿਲੇ ਤਾਂ ਜ਼ਾਹਿਰ ਹੈ ਕਿ ਚੰਗਾ ਤਾਂ ਬਿਲਕੁਲ ਨਹੀਂ ਲੱਗਦਾ, ਪਰ ਬੌਲੀਵੁੱਡ ਵਿੱਚ ਅਜਿਹਾ ਚਲਦਾ ਹੀ ਰਹਿੰਦਾ ਹੈ। ਕਿਸੇ ਇੱਕ ਫ਼ਿਲਮ ਦੀ ਨਾਕਾਮੀ ਨਾਲ ਕਲਾਕਾਰ ਦਾ ਕਰੀਅਰ ਖ਼ਤਮ ਨਹੀਂ ਹੋ ਜਾਂਦਾ ਸਗੋਂ ਮੇਰਾ ਮੰਨਣਾ ਹੈ ਕਿ ਉਹ ਗ਼ਲਤੀਆਂ ਤੋਂ ਸਬਕ ਸਿੱਖ ਕੇ ਭਵਿੱਖ ਵਿੱਚ ਵਧੇਰੇ ਮਿਹਨਤ ਕਰਦਾ ਹੈ। ਉਂਜ ਵੀ ਅਸੀਂ ਮਨੋਰੰਜਨ ਜਗਤ ਨਾਲ ਜੁੜੇ ਹਾਂ ਅਤੇ ਸਾਡੇ ਕੰਮ ਦਾ ਫ਼ੈਸਲਾ ਪੂਰੀ ਤਰ੍ਹਾਂ ਦਰਸ਼ਕਾਂ ਦੇ ਹੱਥਾਂ ਵਿੱਚ ਹੁੰਦਾ ਹੈ। ਅਸੀਂ ਇਹ ਮੰਨ ਕੇ ਚਲਦੇ ਹਾਂ ਕਿ ਇਸ ਵਾਰ ਨਾਕਾਮ ਹੋਣ ਦੀ ਸੂਰਤ ਵਿੱਚ ਅਗਲੀ ਵਾਰੀ ਹੋਰ ਮਿਹਨਤ ਕਰਾਂਗੇ। ਫ਼ਿਲਮ ਸ਼ੁਰੂ ਕਰਨ ‘ਤੇ ਸਾਨੂੰ ਪਤਾ ਨਹੀਂ ਹੁੰਦਾ ਕਿ ਦਰਸ਼ਕ ਇਸ ਨੂੰ ਸਵੀਕਾਰ ਕਰਨਗੇ ਵੀ ਜਾਂ ਨਹੀਂ। ਉਂਜ, ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਨੂੰ ਹਮੇਸ਼ਾਂ ਚੰਗੇ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ ਵਿੱਚ ਵੱਡਾ ਯੋਗਦਾਨ ਦਰਸ਼ਕਾਂ ਦੀ ਪਸੰਦ ਦਾ ਵੀ ਹੈ।
× ਤੁਹਾਡੀ ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਰਿਲੀਜ਼ ਹੋਣ ਵਾਲੀ ਹੈ। ਕੀ ਤੁਹਾਨੂੰ ਵੀ ਘਬਰਾਹਟ ਹੁੰਦੀ ਹੈ?
– ਨਹੀਂ, ਮੈਂ ਆਪਣੀ ਕਿਸੇ ਵੀ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਘਬਰਾਉਂਦੀ ਨਹੀਂ। ਫ਼ਿਲਮਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇਸ ਲਈ ਘਬਰਾਉਣ ਵਿੱਚ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ। ਜਦੋਂ ਤੁਹਾਡੇ ਹੱਥ ਵਿੱਚ ਹੈ ਹੀ ਨਹੀਂ ਤਾਂ ਘਬਰਾਉਣ ਦਾ ਕੀ ਫ਼ਾਇਦਾ?
× ਤੁਹਾਡੀ ਉਮਰ 40 ਸਾਲ ਤੋਂ ਜ਼ਿਆਦਾ ਹੋ ਚੁੱਕੀ ਹੈ, ਪਰ ਤੁਸੀਂ ਹਾਲੇ ਵੀ ਨੌਜਵਾਨਾਂ ਵਾਲੇ ਕਿਰਦਾਰ ਨਿਭਾਅ ਰਹੇ ਹੋ। ‘ਐ ਦਿਲ ਹੈ ਮੁਸ਼ਕਿਲ’ ਵੀ ਇਸ ਦੀ ਤਾਜ਼ਾ ਮਿਸਾਲ ਹੈ। ਇਸ ਬਾਰੇ ਕੀ ਕਹੋਗੇ?
– ਮੈਨੂੰ ਇਸ ਗੱਲ ਦਾ ਮਾਣ ਵੀ ਹੈ ਅਤੇ ਖ਼ੁਸ਼ੀ ਵੀ ਕਿ ਮੇਰੀ ਉਮਰ ਮੇਰੇ ਕੰਮ ਅਤੇ ਕਰੀਅਰ ਦੇ ਰਾਹ ਦਾ ਰੋੜਾ ਨਹੀਂ ਬਣੀ। ਇਸ ਦਾ ਸਿਹਰਾ ਫ਼ਿਲਮਸਾਜ਼ਾਂ ਅਤੇ ਦਰਸ਼ਕਾਂ ਸਿਰ ਬੱਝਦਾ ਹੈ ਕਿਉਂਕਿ ਉਹ ਹਾਲੇ ਤਕ ਮੈਨੂੰ ਅਜਿਹੇ ਕਿਰਦਾਰਾਂ ਲਈ ਫ਼ਿੱਟ ਸਮਝਦੇ ਹਨ। ਉਂਜ ਵੀ ਜਦੋਂ ਤਕ ਕੰਮ ਕਰਨ ਵਿੱਚ ਮਜ਼ਾ ਆ ਰਿਹਾ ਹੋਵੇ ਅਤੇ ਤੁਹਾਨੂੰ ਕੰਮ ਮਿਲ ਵੀ ਰਿਹਾ ਹੋਵੇ ਤਾਂ ਉਹ ਕਰਦੇ ਰਹਿਣਾ ਚਾਹੀਦਾ ਹੈ। ਜੇ ਦਰਸ਼ਕ ਤੁਹਾਡੇ ਕੰਮ ਨੂੰ ਪਸੰਦ ਕਰਦੇ ਹਨ ਤਾਂ ਕਿਸੇ ਵੀ ਭੂਮਿਕਾ ਲਈ ਕੋਈ ਵੀ ਸਮੱਸਿਆ ਨਹੀਂ ਹੁੰਦੀ। ਉਂਜ ਵੀ ਉਮਰ ਇਨਸਾਨ ਦੇ ਸੋਚਣ ਦੇ ਤਰੀਕੇ ‘ਤੇ ਨਿਰਭਰ ਕਰਦੀ ਹੈ। ਆਪਣੀ ਪਹਿਲੀ ਫ਼ਿਲਮ ਦੌਰਾਨ ਹੀ ਮੈਂ ਇਹ ਗੱਲ ਸਮਝ ਗਈ ਸੀ ਕਿ ਜਿਉਂ ਜਿਉਂ ਕਲਾਕਾਰ ਪੁਰਾਣਾ ਹੁੰਦਾ ਹੈ, ਤਿਉਂ ਤਿਉਂ ਨਿਰਦੇਸ਼ਕਾਂ ਨੂੰ ਉਸ ਦੀ ਜ਼ਰੂਰਤ ਵਧਦੀ ਜਾਂਦੀ ਹੈ। ਸ਼ਾਇਦ ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ।
× ‘ਐ ਦਿਲ ਹੈ ਮੁਸ਼ਕਿਲ’ ਵਿੱਚ ਤੁਹਾਡੇ ਨਜ਼ਦੀਕੀ ਦ੍ਰਿਸ਼ਾਂ ਨੂੰ ਲੈ ਕੇ ਤੁਹਾਡੇ ਪਰਿਵਾਰ ਵਿੱਚ ਉਲਝਣ ਦੱਸੀ ਜਾ ਰਹੀ ਹੈ। ਕੀ ਇਹ ਸੱਚ ਹੈ?
– ਇਹ ਸਾਰੀਆਂ ਗੱਲਾਂ ਮੀਡੀਆ ਦੀ ਬਣਾਈਆਂ ਹੋਈਆਂ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਫ਼ਿਲਮ ਵਿੱਚ ਕੁਝ ਅਜਿਹਾ ਹੁੰਦਾ ਤਾਂ ਕੀ ਮੈਂ ਇਸ ਵਿੱਚ ਕੰਮ ਕਰਨ ਲਈ ਤਿਆਰ ਹੁੰਦੀ? ਜਿਹੜਾ ਕੰਮ ਮੈਂ ਆਪਣੇ ਪੂਰੇ ਕਰੀਅਰ ਦੌਰਾਨ ਨਹੀਂ ਕੀਤਾ, ਕੀ ਉਹ ਉਮਰ ਅਤੇ ਕਰੀਅਰ ਦੇ ਇਸ ਮੁਕਾਮ ‘ਤੇ ਪੁੱਜ ਕੇ ਕਰ ਸਕਦੀ ਹਾਂ? ਦਰਅਸਲ, ਮੀਡੀਆ ਨੂੰ ਰਾਈ ਦਾ ਪਹਾੜ ਬਣਾਉਣ ਦਾ ਬਾਹਾਨਾ ਚਾਹੀਦਾ ਹੈ। ਇਸ ਫ਼ਿਲਮ ਵਿੱਚਲੇ ਕਿਰਦਾਰ ਨੂੰ ਲੈ ਕੇ ਪਰਿਵਾਰ ਵਿੱਚ ਕੋਈ ਉਲਝਣ ਨਹੀਂ ਹੈ।
× ਇਸ ਫ਼ਿਲਮ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਕਰ ਕੇ ਰਿਲੀਜ਼ ਬਾਰੇ ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਹਨ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?
– ਸਾਡੇ ਲਈ ਦੇਸ਼ਭਗਤੀ ਅਤੇ ਸਾਡਾ ਮੁਲਕ ਸਭ ਤੋਂ ਪਹਿਲਾਂ ਹੈ, ਪਰ ਦਹਿਸ਼ਤਗਰਦੀ ਨਾਲ ਕਲਾ ਜਗਤ ਦਾ ਕੋਈ ਵਾਹ-ਵਾਸਤਾ ਨਹੀਂ ਹੈ। ਕਲਾਕਾਰ ਤਾਂ ਸਿਰਫ਼ ਪ੍ਰੇਮ ਅਤੇ ਸਦਭਾਵਨਾ ਦੇ ਦੂਤ ਸਮਝੇ ਜਾਂਦੇ ਹਨ। ਕਰਨ ਜੌਹਰ ਦੀ ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਵੀ ਪਿਆਰ ਦੀ ਇੱਕ ਨਵੀਂ ਪਰਿਭਾਸ਼ਾ ਨੂੰ ਵੱਖਰੇ ਰੂਪ ਵਿੱਚ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਹੈ। ਮੇਰੇ ਹਿਸਾਬ ਨਾਲ ਕੁਝ ਕਾਫ਼ਿਰਾਂ ਦੀਆਂ ਕਾਇਰਾਨਾ ਹਰਕਤਾਂ ਕਾਰਨ ਪੂਰੇ ਕਲਾ ਜਗਤ ਕਟਹਿਰੇ ਵਿੱਚ ਖੜ੍ਹਾ ਕਰਨਾ ਉਚਿਤ ਨਹੀਂ ਹੈ।
× ਇੱਕ ਪਾਸੇ ਤੁਸੀਂ ਅਮਿਤਾਭ ਬੱਚਨ ਅਤੇ ਰਜਨੀਕਾਂਤ ਜਿਹੇ ਦਿੱਗਜਾਂ ਨਾਲ ਕੰਮ ਕੀਤਾ ਹੈ ਅਤੇ ਦੂਜੇ ਪਾਸੇ ਰਣਬੀਰ ਕਪੂਰ ਵਰਗੇ ਜਿਹੇ ਨੌਜਵਾਨ ਸਿਤਾਰਿਆਂ ਨਾਲ ਕੰਮ ਕਰ ਰਹੇ ਹੋ। ਦੋਵਾਂ ਪੀੜ੍ਹੀਆਂ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
– ਵੱਖ ਵੱਖ ਪੀੜ੍ਹੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਣ ‘ਤੇ ਤੁਸੀਂ ਬਹੁਤ ਕੁਝ ਸਿੱਖਦੇ ਹੋ। ਪੁਰਾਣੀ ਪੀੜ੍ਹੀ ਅਨੁਭਵ ਦਾ ਖ਼ਜ਼ਾਨਾ ਹੈ ਤਾਂ ਨਵੀਂ ਪੀੜ੍ਹੀ ਕੋਲ ਊਰਜਾ ਦਾ ਭੰਡਾਰ ਹੈ। ਨਵੀਂ ਪੀੜ੍ਹੀ ਤਜਰਬੇ ਕਰਨ ਤੋਂ ਹਿਚਕਿਚਾਉਂਦੀ ਨਹੀਂ। ਜਿੱਥੋਂ ਤਕ ਪਾਪਾ ਅਮਿਤਾਭ ਬੱਚਨ ਅਤੇ ਰਜਨੀ ਸਰ ਦੀ ਗੱਲ ਹੈ, ਉਹ ਤਾਂ ਲੀਜੈਂਡ ਹਨ। ਉਨ੍ਹਾਂ ਨਾਲ ਕੰਮ ਕਰਨਾ ਹਰ ਕਲਾਕਾਰ ਦੀ ਖ਼ੁਸ਼ਕਿਸਮਤੀ ਹੁੰਦੀ ਹੈ। ਉਹ ਸੀਨੀਅਰ ਹੋਣ ਦੇ ਬਾਵਜੂਦ ਆਪਣੇ ਸਹਿਯੋਗੀ ਕਲਾਕਾਰਾਂ ਨੂੰ ਘਬਰਾਉਣ ਨਹੀਂ ਦਿੰਦੇ। ਰਣਬੀਰ ਕਪੂਰ ਨਵੀਂ ਪੀੜ੍ਹੀ ਦਾ ਬਹੁਤ ਵਧੀਆ ਅਦਾਕਾਰ ਹੈ। ਉਹ ਆਪਣੇ ਕਿਰਦਾਰ ਨੂੰ ਰੌਚਿਕ ਬਣਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦਾ।
***











