ਫ਼ਿਲਮੀ ਤੇ ਨਿੱਜੀ ਜ਼ਿੰਦਗੀ ‘ਚ ਰੱਖਦੀ ਹਾਂ ਤਾਲਮੇਲ: ਕਰੀਨਾ

ਬੌਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਉਹ ਨਿੱਜੀ ਤੇ ਪ੍ਰੋਫ਼ੈਸ਼ਨਲ ਜ਼ਿੰਦਗੀ ਨੂੰ ਬਰਾਬਰ ਰੱਖਣਾ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਉਨ੍ਹਾਂ ਪ੍ਰਾਜੈਕਟਾਂ ਨੂੰ ਹੀ ਸਾਈਨ ਕਰਦੀ ਹੈ ਜਿਨ੍ਹਾਂ ਨਾਲ ਉਸ ਦੀ ਜ਼ਿੰਦਗੀ ਦੇ ਦੋਵੇਂ ਪਹਿਲੂ ਪ੍ਰਭਾਵਿਤ ਨਾ ਹੋਣ। ਕਰੀਨਾ ਕਪੂਰ ਨੇ ਮਾਂ ਬਣਨ ਤੋਂ ਬਾਅਦ ਫ਼ਿਲਮ ‘ਵੀਰੇ ਦੀ ਵੈਡਿੰਗ ‘ਨਾਲ ਬਾਲੀਵੁੱਡ ‘ਚ ਵਾਪਸੀ ਕੀਤੀ। ਹੁਣ ਉਹ ਛੋਟੇ ਪਰਦੇ ‘ਤੇ ਆਉਣ ਦੀ ਤਿਆਰੀ ‘ਚ ਲਗੀ ਹੈ। ਉਹ ਮਸ਼ਹੂਰ ਡਾਂਸ ਰੀਐਲਿਟੀ ਸ਼ੋਅ ‘ਡਾਂਸ ਇੰਡੀਆ ਡਾਂਸ” ਚ ਬਤੌਰ ਜੱਜ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਫ਼ਿਲਮ ‘ਅੰਗਰੇਜ਼ੀ ਮੀਡੀਅਮ ‘ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੀ ਹੈ। ਇਸ ‘ਚ ਉਹ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾਏਗੀ। ਕਰੀਨਾ ਨੇ ਦੱਸਿਆ, ”ਪਿਛਲੇ ਕੁੱਝ ਸਮੇਂ ‘ਚ ਮੈਨੂੰ ਕਈ TV ਸ਼ੋਅਜ਼ ਦੀ ਪੇਸ਼ਕਸ਼ ਹੋਈ, ਪਰ ਮੈਂ ਇਨਕਾਰ ਕਰ ਦਿੱਤਾ ਕਿਉਂਕਿ ਟੈਲੀਵਿਯਨ ‘ਚ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਹੈ ਅਤੇ ਮੈਂ ਅੱਠ-ਨੌਂ ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਨਾ ਚਾਹੁੰਦੀ। ਮੈਂ ਇੱਕ ਵਰਕਿੰਗ ਮਦਰ ਹਾਂ ਅਤੇ ਬੇਟੇ ਤੈਮੂਰ ਦੇ ਰਾਤ ਦੇ ਖਾਣੇ ਤੋਂ ਪਹਿਲਾਂ ਘਰ ਪਹੁੰਚਣਾ ਪਸੰਦ ਕਰਦੀ ਹਾਂ। ਇਹੀ ਇੱਕ ਸਮਾਂ ਹੁੰਦਾ ਹੈ ਜਦੋਂ ਮੈਂ ਉਸ ਨਾਲ ਤੇ ਆਪਣੇ ਪਰਿਵਾਰ ਨਾਲ ਵਕਤ ਗੁਜ਼ਾਰਨਾ ਚਾਹੁੰਦੀ ਹਾਂ।”
ਡਾਂਸ ਇੰਡੀਆ ਡਾਂਸ ਸ਼ੋਅ ਵਿੱਚ ਕੋਰੀਓਗ੍ਰੈਫ਼ਰ ਬਾਸਕੋ ਮਾਰਟਿਸ ਅਤੇ ਗਾਇਕ ਰਫ਼ਤਾਰ ਵੀ ਨਜ਼ਰ ਆਉਣਗੇ। ਆਪਣੀ ਇਸ ਨਵੀਂ ਪਾਰੀ ਦੀ ਸ਼ੁਰੂਆਤ ਨੂੰ ਲੈ ਕੇ ਕਰੀਨਾ ਬੇਹੱਦ ਖ਼ੁਸ਼ ਹੈ। ਕਰੀਨਾ ਨੇ ਹਾਲ ਹੀ ‘ਚ ਫ਼ਿਲਮ ਗੁੱਡ ਨਿਊਜ਼ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ‘ਚ ਉਸ ਨਾਲ ਅਕਸ਼ੇ ਕੁਮਾਰ ਨਜ਼ਰ ਆਵੇਗਾ। ਦਿਲਜੀਤ ਦੋਸਾਂਝ ਅਤੇ ਕਿਆਰਾ ਆਡਵਾਨੀ ਵੀ ਇਸ ‘ਚ ਅਹਿਮ ਕਿਰਦਾਰਾਂ ‘ਚ ਨਜ਼ਰ ਆਉਣਗੇ। ਫ਼ਿਲਮ ‘ਚ ਅਕਸ਼ੇ ਅਤੇ ਕਰੀਨਾ ਇੱਕ ਪੰਜਾਬੀ ਜੋੜੇ ਦੇ ਕਿਰਦਾਰ ‘ਚ ਹਨ ਅਤੇ ਸਾਰੀ ਕਹਾਣੀ ਇਨ੍ਹਾਂ ਦੋਵਾਂ ਦੇ ਆਲੇ-ਦੁਆਲੇ ਘੁੰਮਦੀ ਹੈ।
ਜ਼ਿਕਰਯੋਗ ਹੈ ਕਿ ਇਹ ਫ਼ਿਲਮ ਅਕਸ਼ੇ ਕੁਮਾਰ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਕੌਮੇਡੀ ਫ਼ਿਲਮ ਦੱਸੀ ਜਾ ਰਹੀ ਹੈ। ਇਸ ਫ਼ਿਲਮ ‘ਚ ਅਕਸ਼ੇ ਕੁਮਾਰ, ਕਬੀਰ ਦੇਵ ਨਾਂ ਦੇ ਇੱਕ ਅਲੱਗ ਹੀ ਕਿਰਦਾਰ ‘ਚ ਨਜ਼ਰ ਆਏਗਾ। ਵੈਸੇ, ਅਕਸ਼ੇ ਅਤੇ ਕਰੀਨਾ ਕਪੂਰ ਆਖ਼ਰੀ ਵਾਰ ਬੌਲੀਵੁਡ ਫ਼ਿਲਮ ਕੰਬਖ਼ਤ ਇਸ਼ਕ (2009) ‘ਚ ਨਜ਼ਰ ਆਏ ਸਨ। ਫ਼ਿਲਮ ਗੁੱਡ ਨਿਊਜ਼ ਇਸ ਸਾਲ 27 ਦਸੰਬਰ ਨੂੰ ਰਿਲੀਜ਼ ਹੋਵੇਗੀ।