ਦਵੀ ਦਵਿੰਦਰ ਕੌਰ
ਭਾਰਤੀ ਫ਼ਿਲਮ ਤੇ ਮਨੋਰਜੰਨ ਜਗਤ ਨੇ ਦੇਸ਼ ਭਰ ਦੇ ਸੂਬਿਆਂ ਦੀ ਉਹ ਹਰ ਸ਼ੈਅ, ਹਰ ਰਸਮ ਵਰਤਾਰਾ ਅਤੇ ਸਭਿਆਚਾਰ ਵਰਤਿਆ ਹੈ ਜੋ ਇਸ ਦੇ ਮੁਨਾਫ਼ੇ ਵਿੱਚ ਇਜ਼ਾਫ਼ਾ ਕਰ ਸਕਦਾ ਹੋਵੇ ਅਤੇ ਜੋ ਇਸ ਦੀ ਦ੍ਰਿਸ਼ ਸੁੰਦਰਤਾ ਅਤੇ ਸੁਹਜ ਵਿੱਚ ਵਾਧਾ ਕਰ ਸਕਦਾ ਹੋਵੇ। ਰੰਗ ਬਿਰੰਗੇ, ਬਹੁ ਸਭਿਆਚਾਰੀ, ਬਹੁਧਰਮੀ ਭਾਰਤ ਵਿੱਚ ਹਰ ਦਿਨ ਤਿਓਹਾਰ ਜਾਂ ਮੇਲਾ ਜਾਂ ਕੋਈ ਧਾਰਮਿਕ ਦਿਵਸ ਹੁੰਦਾ ਹੈ ਅਤੇ ਇਨ੍ਹਾਂ ਸਾਰੇ ਵਰਤਾਰਿਆਂ ਨਾਲ ਬਹੁਤ ਸਾਰੀਆਂ ਰਸਮਾਂ ਵੀ ਜੁੜੀਆਂ ਹੋਈਆਂ ਹਨ।
ਕਰਵਾ ਚੌਥ, ਰੱਖੜੀ, ਦੀਵਾਲੀ, ਹੋਲੀ, ਦੁਸਹਿਰੇ ਜਿਹੇ ਤਿਓਹਾਰ ਮਨੋਰੰਜਨ ਅਤੇ ਫ਼ਿਲਮ ਜਗਤ ਵਿੱਚ ਖ਼ੂਬ ਵਰਤੇ ਗਏ ਹਨ। ਇਹ ਫ਼ਿਲਮਾਂ, ਟੀ.ਵੀ.ਲੜੀਵਾਰਾਂ ਵਿੱਚ ਕਮਰਸ਼ਲ ਪੱਖੋਂ ਬਹੁਤ ਲਾਹੇਵੰਦ ਅਤੇ ਭਾਵੁਕ ਖਿੱਚ ਰੱਖਣ ਵਾਲੇ ਹੋ ਨਿੱਬੜਦੇ ਰਹੇ ਹਨ। ਸਾਡਾ ਦੇਸ਼ ਖੇਤੀ ਬਹੁਲ ਹੈ। ਪੋਂਗਲ, ਓਨਮ ਅਤੇ ਵਿਸਾਖੀ ਸਾਡੇ ਫ਼ਸਲਾਂ ਨਾਲ ਜੁੜੇ ਤਿਓਹਾਰ ਹਨ। ਵਿਸਾਖੀ ਭਾਵੇਂ ਉੱਤਰੀ ਭਾਰਤ ਦਾ ਕਣਕ ਦੀ ਫ਼ਸਲ ਨਾਲ ਜੁੜਿਆ ਹੋਇਆ ਤਿਓਹਾਰ ਹੈ, ਪਰ ਇਸੇ ਦਿਨ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਸੋ ਇਸ ਤਿਓਹਾਰ ਨੂੰ ਸਿੱਖਾਂ ਅਤੇ ਪੰਜਾਬੀਆਂ ਅਤੇ ਫ਼ਿਰ ਕਿਸਾਨੀ ਤਕ ਸੀਮਤ ਕਰ ਦਿੱਤਾ ਗਿਆ, ਜਦੋਂ ਕਿ ਕਣਕ ਉਤਪਾਦਕ ਸੂਬਿਆਂ ਦੀ ਆਰਥਿਕਤਾ ਦਾ ਵੱਡਾ ਠੁੰਮਣਾ ਰਹੀ ਹੈ। ਖ਼ੈਰ, ਮੁੱਖ ਫ਼ਸਲ ਕਣਕ ਦੀ ਆਮਦ ਨਾਲ ਜੁੜੇ ਇਸ ਤਿਓਹਾਰ ਮੌਕੇ ਹੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਇੰਨੀ ਵੱਡੀ ਇਤਿਹਾਸਕ ਘਟਨਾ ਨੂੰ ਅੰਜਾਮ ਦੇਣਾ ਵੀ ਆਪਣੇ ਆਪ ਵਿੱਚ ਰੋਟੀ ਰੋਜ਼ੀ ਦੀ ਲੋੜ ਪੂਰੀ ਹੋ ਜਾਣ ਮਗਰੋਂ ਹੀ ਅਣਖ ਅਤੇ ਅਧਿਆਤਮਕਤਾ ਦਾ ਤਾਲਮੇਲ ਸੰਭਵ ਹੋ ਸਕਣ ਦੀ ਯਾਤਰਾ ਦਾ ਲਖਾਇਕ ਹੋਵੇਗਾ।
ਗੀਤਾਂ ਤੇ ਸਾਹਿਤ ਵਿੱਚ ਵਿੱਚ ਵਿਸਾਖੀ ਆਪਣੇ ਪੂਰੇ ਜਲੌਅ ਵਿੱਚ ਹਾਜ਼ਰ ਹੈ। ਪੰਜਾਬ (ਪੁਰਾਣਾ ਅਣਵੰਡਿਆ ਪੰਜ ਦਰਿਆਵਾਂ ਦਾ ਪੰਜਾਬ) ਵਿੱਚ ਥਾਂ ਥਾਂ ਵਿਸਾਖੀ ਦੇ ਮੇਲੇ ਲੱਗਣ ਦਾ ਜ਼ਿਕਰ ਹੈ। ਸਰਹੱਦੀ ਸੂਬਾ ਪੰਜਾਬ ਢਾਲ ਬਣ ਕੇ ਪਹਿਲਾਂ ਦੇਸ਼ ‘ਤੇ ਹੋਣ ਵਾਲੇ ਬਹੁਤੇ ਹਮਲਿਆਂ ਦੀ ਮਾਰ ਝੱਲਦਾ ਰਿਹਾ ਅਤੇ ਆਜ਼ਾਦੀ ਮਗਰੋਂ ਪੂਰੇ ਮੁਲਕ ਦਾ ਅੰਨਦਾਤਾ ਬਣ ਗਿਆ। ਸ਼ਾਇਦ ਤਾਂ ਹੀ ਇੱਥੋਂ ਦੇ ਲੋਕ ਮੇਲਿਆਂ ਮਸਾਹਵਿਆਂ ਦੇ, ਖਾਣ ਪੀਣ ਦੇ ਸ਼ੌਕੀਨ ਤੇ ਦਬੰਗ ਕਿਸਮ ਦੇ ਰਹੇ ਹਨ। ਪੰਜਾਬੀਆਂ ਦਾ ਇਹ ਕਿਰਦਾਰ ਗੀਤਾਂ, ਕਥਾ ਕਹਾਣੀਆਂ ਵਿੱਚ ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਹੁੰਦਾ ਰਿਹਾ ਹੈ। ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ‘ਧਨੀ ਰਾਮ ਚਾਤ੍ਰਿਕ ਦੀ ਕਵਿਤਾ ਹੈ ਜੋ ਸੋਨੇ ਰੰਗੀ ਫ਼ਸਲ ਦੇ ਚਾਅ ਵਿੱਚ ਕਲਹਿਰੀ ਮੋਰ ਬਣ ਕੇ ਮੇਲੇ ਜਾਂਦੇ ਕਿਸਾਨ ਅਤੇ ਕਿਰਤੀਆਂ ਦੀ ਬਾਤ ਪਾਉਂਦੀ ਹੈ। ਵਿਸਾਖੀ ਦੇ ਮੇਲੇ ਵੀ ਥਾਂ ਥਾਂ ਭਰਦੇ ਹਨ। ਪੰਜਾਬ ਦੀ ਸਿਫ਼ਤ ਇਹ ਹੈ ਕਿ ਜਿੱਥੇ ਮੇਲੇ ਭਰਦੇ ਹਨ, ਓਥੇ ਨਾਲ ਹੀ ਜ਼ਰੂਰ ਕੋਈ ਧਾਰਮਿਕ ਸਥਾਨ ਹੁੰਦਾ ਹੈ ਜਿੱਥੇ ਮੇਲੀ ਪਹਿਲਾਂ ਨਤਮਸਤਕ ਹੁੰਦੇ ਹਨ।
ਵਿਸਾਖੀ ਤੋਂ ਪਹਿਲਾਂ ਬਸੰਤ ਰੁੱਤ ਆਉਂਦੀ ਹੈ ਅਤੇ ਇਹ ਤਿਓਹਾਰ ਪਾਲਾ ਮੁੱਕਣ ਦਾ ਐਲਾਨ ਹੁੰਦਾ ਹੈ। ਬਸੰਤ ਤੋਂ ਵਿਸਾਖੀ ਤਕ ਰੁੱਤ ਖੁੱਲ੍ਹ ਕੇ ਮੌਲ ਕੇ ਤਿੱਖੀ ਗਰਮੀ ਵੱਲ ਵਧਦੀ ਹੈ ਅਤੇ ਉੱਤਰੀ ਭਾਰਤ ਵਿੱਚ ਕਾਇਨਾਤ ਥੋੜ੍ਹੀ ਤਲਖ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਆਗਾਜ਼ ਦਾ ਵੀ ਸੂਚਕ ਹੈ ਵਿਸਾਖੀ ਤੇ ਪੰਜਾਬੀ ਲੋਕ ਇਸ ਮੌਕੇ ਨੂੰ ਵੀ ਜਸ਼ਨ ਵਾਂਗ ਮਨਾ ਲੈਣ ਦਾ ਜੇਰਾ ਰੱਖਦੇ ਹਨ।
ਇਹ ਜਸ਼ਨ ਫ਼ਿਲਮਾਂ ਵਿੱਚ ਵੀ ਫ਼ਿਲਮਾਏ ਗਏ ਹਨ। ਭਾਵੇਂ ਵਿਸਾਖੀ ਦਾ ਜ਼ਿਕਰ ਬਹੁਤੀਆਂ ਫ਼ਿਲਮਾਂ ਵਿੱਚ ਨਹੀਂ, ਪਰ ਕੁੱਝ ਕੁ ਫ਼ਿਲਮਾਂ ਵਿੱਚ ਵਿਸਾਖੀ ਦੇ ਮੇਲੇ ਦਾ ਜ਼ਿਕਰ ਆਉਂਦਾ ਹੈ। ਬੌਲੀਵੁੱਡ ਫ਼ਿਲਮਾਂ ਦੇ ਗੀਤਾਂ ਵਿੱਚ ਪੰਜਾਬੀ ਰੰਗ ਹਮੇਸ਼ਾਂ ਹਾਜ਼ਰ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਵਿਸਾਖੀ ਦਾ ਪਹਿਲਾ ਗੀਤ ਫ਼ਿਲਮ ‘ਦੁਨੀਆ ਏਕ ਸਰਾਏ ‘ਵਿੱਚ ‘ਆਈ ਬੈਸਾਖੀ ਬਗੀਆ ਮਹਿਕੀ ‘ਸੀ। ਇਹ ਫ਼ਿਲਮ 1946 ਵਿੱਚ ਬਣੀ ਸੀ ਅਤੇ ਗਾਇਕ ਮੁਹੰਮਦ ਫ਼ਾਰੂਕੀ ਸਨ, ਗੀਤਕਾਰ ਕਿਦਾਰ ਨਾਥ ਸ਼ਰਮਾ ਅਤੇ ਸੰਗੀਤਕਾਰ ਹੰਸ ਰਾਜ ਬਹਿਲ ਸਨ ਅਤੇ ਇਹ ਗੀਤ ਮੀਨਾ ਕੁਮਾਰੀ ‘ਤੇ ਫ਼ਿਲਮਾਇਆ ਗਿਆ ਸੀ।’ਓ ਜੱਟਾ ਆਈ ਵਿਸਾਖੀ ‘1977 ਵਿੱਚ ਬਣੀ ਫ਼ਿਲਮ ‘ਇਮਾਨ ਧਰਮ ‘ਵਿੱਚ ਲਿਆ ਗਿਆ ਸੀ। ਸਲੀਮ-ਜਾਵੇਦ ਵਲੋਂ ਲਿਖੀ ਇਸ ਫ਼ਿਲਮ ਦਾ ਇਹ ਗੀਤ ਮੁਹੰਮਦ ਰਫ਼ੀ ਅਤੇ ਮੁਕੇਸ਼ ਨੇ ਗਾਇਆ ਸੀ। ਫ਼ਿਲਮ ‘ਪਵਿੱਤਰ ਪਾਪੀ ‘ਵਿੱਚ ਵਿਸਾਖੀ ਦੇ ਮੇਲੇ ਵਿੱਚ ‘ਲੈ ਦੇ ਸਈਆਂ ਓੜਨੀ ਪੰਜਾਬੀ ਤਿੱਲੇਦਾਰ ਓਏ … ‘ਫ਼ਿਲਮਾਇਆ ਗਿਆ। ‘ਅਗਨੀ ‘ਫ਼ਿਲਮ ਵਿੱਚ ‘ਓ ਆਈ ਬਿਸਾਖੀ ‘ਗੀਤ ਹੈ ਜੋ ਮਿਥੁਨ ਚੱਕਰਵਰਤੀ ਅਤੇ ਅਮ੍ਰਿੰਤਾ ਸਿੰਘ ‘ਤੇ ਫ਼ਿਲਮਾਇਆ ਗਿਆ ਸੀ।
ਹਿੰਦੀ ਵਿੱਚ ਭਾਵੇਂ ਬੜਾ ਅਰਥ ਭਰਪੂਰ ਸਿਨਮਾ ਹਮੇਸ਼ਾਂ ਵਿਦਮਾਨ ਰਿਹਾ ਹੈ, ਪਰ ਕਿਸਾਨੀ ਦੀ ਦਸ਼ਾ ਬਾਰੇ ‘ਮਦਰ ਇੰਡੀਆ ‘ਜਿਹੀਆਂ ਘੱਟ ਫ਼ਿਲਮਾਂ ਬਣੀਆਂ ਹਨ। ਅਰਬਾਜ਼ ਖ਼ਾਨ ਦੀ ‘ਕਿਸਾਨ ‘ਨੇ ਪਿਛਲੇ ਸਮਿਆਂ ਵਿੱਚ ਹਾਜ਼ਰੀ ਦਰਜ ਕਰਵਾਈ ਸੀ, ਭਾਵੇਂ ਇਸ ਵਿੱਚ ਵਿਸਾਖੀ ਦਾ ਜ਼ਿਕਰ ਨਹੀਂ ਸੀ, ਪਰ ਕਿਸਾਨੀ ਦੇ ਦਰਦ ਦੀ ਬਾਤ ਪਾਈ ਗਈ ਸੀ।
ਵਿਸਾਖੀ ਫ਼ਿਲਮਾਂ ਵਿੱਚ ਤਾਂ ਮੇਲੇ ਅਤੇ ਖੇਤਾਂ ਦੇ ਦ੍ਰਿਸ਼ਾਂ ਵਜੋਂ ਹੀ ਦਿਖਾਈ ਗਈ ਹੈ, ਜਦੋਂ ਕਿ ਖੇਤੀ ਵਾਲੇ ਸੂਬਿਆਂ ਲਈ ਇਹ ਕਿਤੇ ਵਿਆਪਕ ਵਰਤਾਰਾ ਹੈ। ਪੰਜਾਬੀ ਵਿੱਚ ਬਣੀ ਫ਼ਿਲਮ ‘ਵਿਸਾਖੀ ‘ਵਿੱਚ ਵਿਸਾਖੀ ਬਾਰੇ ਕੁੱਝ ਵੀ ਨਹੀਂ ਸੀ। ਸਮੀਪ ਕੰਗ ਵਲੋਂ ਬਣਾਈ ਗਈ ‘ਵਿਸਾਖੀ ਲਿਸਟ ‘ਵਿੱਚ ਵੀ ਇਸ ਤਿਓਹਾਰ ਦੀ ਕੋਈ ਗੱਲ ਨਹੀਂ ਸੀ, ਬਲਕਿ ਇਹ ਵੱਖਰੀ ਕਥਾ ਸੀ।
ਪੰਜਾਬੀ ਵਿੱਚ ਵਰਿੰਦਰ ਦੀਆਂ ਫ਼ਿਲਮਾਂ ਤਕ ਦੇ ਯੁੱਗ ਵਿੱਚ ਛਿੱਟ ਪੁੱਟ ਰੂਪ ਵਿੱਚ ਵਿਸਾਖੀ ਦਾ ਜ਼ਿਕਰ ਹੈ। ਮਨਮੋਹਨ ਸਿੰਘ ਯੁੱਗ ਦੌਰਾਨ ਫ਼ਿਲਮਾਂ ਦਾ ਰੁਖ਼ ਹੋਰ ਪਾਸੇ ਹੋ ਗਿਆ। ਇੰਨੇ ਨੂੰ ਮਲਟੀਪਲੈਕਸ ਅਤੇ ਮਾਲ ਸਭਿਆਚਾਰ, ਖ਼ਪਤ ਸਭਿਆਚਾਰ ਜ਼ੋਰ ਫ਼ੜ ਗਿਆ। ਇਸ ਤੋਂ ਇਲਾਵਾ ਕੀ ਪੰਜਾਬੀ ਅਤੇ ਕੀ ਹਿੰਦੀ ਸਿਨਮਾ ਸਭ ਲਈ ਨੌਜਵਾਨੀ ਦਾ ਇਸ਼ਕ ਅਤੇ ਮੇਲ ਮਿਲਾਪ ਦਿਖਾਉਣ ਲਈ ਮੇਲਿਆਂ ਦਾ ਸਹਾਰਾ ਲਿਆ ਜਾਂਦਾ ਸੀ, ਪਰ ਹੁਣ ਇਹ ਮੇਲ ਹਰ ਥਾਂ ਸੰਭਵ ਹੈ। ਕਾਲਜਾਂ, ਯੂਨੀਵਰਸਿਟੀਆਂ ਵਿੱਚ, ਮਾਲਾਂ ਵਿੱਚ, ਸ਼ਹਿਰਾਂ ਤੇ ਪਿੰਡਾਂ ਵਿੱਚ ਕਿਤੇ ਵੀ ਇਹ ਸੁਖਾਲਾ ਹੈ।
ਨਿਰੇ ਕਿਸਾਨੀ ਨਾਲ ਜੋੜ ਦਿੱਤੇ ਗਏ ਇਸ ਤਿਓਹਾਰ ਨੂੰ ਸਿਨਮਾ ਵਿੱਚੋਂ ਮਨਫ਼ੀ ਹੀ ਕਰ ਦਿੱਤਾ ਗਿਆ ਹੈ। ਫ਼ਿਲਮਾਂ ਵਿੱਚ ਹੁਣ ਕਣਕ ਦੇ ਖੇਤ ਜ਼ਰੂਰ ਦਿਖਾਏ ਜਾਂਦੇ ਹਨ, ਪਰ ਵਿਸਾਖੀ ਦੇ ਦ੍ਰਿਸ਼ ਨਹੀਂ। ਖੇਤੀ ਬਹੁਤ ਕਠਿਨ ਕਾਰਜ ਹੈ। ਇਕੱਲ ਅਤੇ ਸੁੰਨ ਵਿੱਚ ਕੀਤਾ ਜਾਣ ਵਾਲਾ ਤਪ ਹੈ, ਪੇਂਡੂ ਕਿਸਾਨ ਦਾ ਸ਼ਹਿਰ ਨਾਲ ਸੰਵਾਦ ਬਹੁਤ ਸੁਖਾਲਾ ਅਤੇ ਆਮ ਨਹੀਂ ਹੈ। ਖੇਤਾਂ ਤੇ ਸ਼ਹਿਰ/ਮੰਡੀ ਦਾ ਰਿਸ਼ਤਾ ਲਾਜ਼ਮੀ ਪਰ ਕਸੂਤਾ ਹੈ। ਸਿਨਮਾ ਮੰਡੀ ਹੈ। ਸੋ ਮੰਡੀ ਚੁੱਪ ਚੁਪੀਤੇ ਤਪ ਕਰ ਰਹੇ ਕਿਸਾਨ ਦੀ ਬਾਤ ਕਿਉਂ ਪਾਵੇ? ਖ਼ਾਲਸੇ ਦੀ ਸਥਾਪਨਾ ਸਦਕਾ ਵੀ ਇਸ ਨੂੰ ਸਿੱਖੀ ਨਾਲ ਜੁੜਿਆ ਵਰਤਾਰਾ ਮੰਨ ਲਿਆ ਗਿਆ। ਮਨੁੱਖ ਦੇ ਖ਼ਾਲਸ ਹੋ ਜਾਣ ਦਾ ਵਰਤਾਰਾ ਸਿਰ ਮੰਗਦਾ ਹੈ, ਸੁਖਨਵਰ ਹੋ ਜਾਣ ਦੀ ਤਵੱਕੋ ਰੱਖਦਾ ਹੈ ਅਤੇ ਸਰਬੱਤ ਦੇ ਭਲੇ ਦੀ ਆਸ ਕਰਦਾ ਹੈ। ਮੰਡੀ ਇੱਥੇ ਵੀ ਨਦਾਰਦ ਰਹਿਣਾ ਚਾਹੇਗੀ। ਹਾਂ, ਜਦੋਂ ਇਸ ਦੇ ਕਾਰੋਬਾਰੀ ਹਿੱਤ ਬਰ ਆਉਂਦੇ ਹੋਣਗੇ ਤਾਂ ਵਿਸਾਖੀ ਜ਼ਰੂਰ ਕਿਸੇ ਫ਼ਿਲਮ ਦਾ ਕੇਂਦਰ ਬਣ ਜਾਏਗੀ ਜਾਂ ਫ਼ਿਰ ਕੋਈ ਸਿਰਫ਼ਿਰਿਆ ਫ਼ਿਲਮਸਾਜ਼ ਇਸ ‘ਤੇ ਕੰਮ ਕਰਨ ਲਈ ਬਜ਼ਿੱਦ ਹੋਏਗਾ। ਸ਼ਾਲਾ! ਕੋਈ ਸਿਰਫ਼ਿਰਿਆ ਨਿੱਤਰੇ।
ਸੰਪਰਕ: 89760-82892











