ਐਸ਼ਵਰਿਆ ਦਾ ਜਾਦੂ ਅੱਜ ਵੀ ਬਰਕਰਾਰ

ਐਸ਼ਵਰਿਆ ਰਾਏ ਬੱਚਨ ਦਾ ਜਾਦੂ ਉਮਰ ਦੇ 42ਵੇਂ ਸਾਲ ‘ਚ ਜਾ ਕੇ ਵੀ ਦਰਸ਼ਕਾਂ ਵਿੱਚ ਬਰਕਰਾਰ ਹੈ। ਉਂਝ, ਉਹ ਆਪਣੇ ਕੰਮ ਨੂੰ ਲੈ ਕੇ ਹੁਣ ਵੀ ਕਾਫ਼ੀ ਸੁਚੇਤ ਹੈ ਅਤੇ ਬਹੁਤ ਕੁੱਝ ਸਿੱਖਣਾ ਵੀ ਚਾਹੁੰਦੀ ਹੈ। ਉਸ ਦਾ ਮੰਨਣਾ ਹੈ ਕਿ ਜਿਵੇਂ ਜਿਵੇਂ ਕਲਾਕਾਰ ਦੀ ਉਮਰ ਵਧਦੀ ਜਾਂਦੀ ਹੈ, ਨਿਰਦੇਸ਼ਕਾਂ ਲਈ ਉਨ੍ਹਾਂ ਦੀ ਜ਼ਰੂਰਤ ਵੀ ਵਧਦੀ ਜਾਂਦੀ ਹੈ। ਪੇਸ਼ ਹੈ ਐਸ਼ਵਰਿਆ ਰਾਏ ਬੱਚਨ ਨਾਲ ਹੋਈ ਗੱਲਬਾਤ ਦੇ ਕੁੱਝ ਅੰਸ਼:
ਸਵਾਲ: ਹਰ ਕਲਾਕਾਰ ਆਪਣੀ ਫ਼ਿਲਮ ਲਈ ਬਹੁਤ ਮਿਹਨਤ ਕਰਦਾ ਹੈ, ਪਰ ਜਦੋਂ ਫ਼ਿਲਮ ਉਮੀਦ ‘ਤੇ ਖਰੀ ਨਹੀਂ ਉਤਰਦੀ ਤਾਂ ਕਿਵੇਂ ਮਹਿਸੂਸ ਹੁੰਦਾ ਹੈ?
ਜਵਾਬ: ਤੁਹਾਡੀ ਮਿਹਨਤ ਨੂੰ ਲੋਕ ਜੇਕਰ ਪਸੰਦ ਨਾ ਕਰਨ, ਤੁਹਾਡੇ ਉਤਪਾਦ ਨੂੰ ਬਿਹਤਰ ਪ੍ਰਤੀਕਿਰਿਆ ਨਾ ਮਿਲੇ ਤਾਂ ਚੰਗਾਂ ਤਾਂ ਕਦੇ ਵੀ ਨਹੀਂ ਲਗਦਾ, ਪਰ ਬੌਲੀਵੁੱਡ ਵਿੱਚ ਅਜਿਹਾ ਚੱਲਦਾ ਰਹਿੰਦਾ ਹੈ। ਕਿਸੇ ਇੱਕ ਫ਼ਿਲਮ ਦੀ ਨਾਕਾਮੀ ਨਾਲ ਕਲਾਕਾਰ ਦਾ ਕਰੀਅਰ ਖ਼ਤਮ ਨਹੀਂ ਹੁੰਦਾ ਸਗੋਂ ਮੇਰਾ ਮੰਨਣਾ ਹੈ ਕਿ ਉਹ ਗ਼ਲਤੀਆਂ ਤੋਂ ਸਬਕ ਲੈ ਕੇ ਜ਼ਿਆਦਾ ਮਿਹਨਤ ਕਰਦਾ ਹੈ। ਉਂਝ ਵੀ ਸਾਡੇ ਕੰਮ ਦਾ ਫ਼ੈਸਲਾ ਪੂਰੀ ਤਰ੍ਹਾਂ ਦਰਸ਼ਕਾਂ ਦੇ ਹੱਥ ਵਿੱਚ ਹੈ। ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜੇਕਰ ਇਸ ਵਾਰ ਫ਼ੇਲ੍ਹ ਹੋ ਗਏ ਤਾਂ ਅਗਲੀ ਵਾਰ ਹੋਰ ਬਿਹਤਰ ਕੰਮ ਕਰਾਂਗੇ। ਜਦੋਂ ਅਸੀਂ ਫ਼ਿਲਮ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਦਰਸ਼ਕ ਇਸ ਨੂੰ ਸਵੀਕਾਰ ਕਰਨਗੇ ਜਾਂ ਨਹੀਂ। ਹੁਣ ਇਹ ਦਰਸ਼ਕਾਂ ਦੀ ਮਰਜ਼ੀ ਅਤੇ ਫ਼ਿਲਮ ਦੀ ਕਿਸਮਤ ਹੈ ਕਿ ਉਹ ਚਲਦੀ ਹੈ ਜਾਂ ਨਹੀਂ। ਉਂਝ, ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਚਾਹੇ ਮੇਰੇ ਕਰੀਅਰ ਵਿੱਚ ਮੈਨੂੰ ਹਮੇਸ਼ਾਂ ਚੰਗੇ ਨਿਰਦੇਸ਼ਕਾਂ ਦਾ ਸਾਥ ਮਿਲਿਆ ਹੈ। ਇਸ ਵਿੱਚ ਬਹੁਤ ਯੋਗਦਾਨ ਦਰਸ਼ਕਾਂ ਦੀ ਪਸੰਦ ਦਾ ਵੀ ਹੈ।
ਸਵਾਲ: ਫ਼ਿਲਮਾਂ ਦੀ ਨਾਕਾਮੀ ਉੱਤੇ ਦੁਖ ਹੋਣਾ ਸੁਭਾਵਿਕ ਹੈ। ਕੀ ਤੁਸੀਂ ਵੀ ਅਜਿਹਾ ਹੋਣ ‘ਤੇ ਦੁਖੀ ਹੁੰਦੇ ਹੋ?
ਜਵਾਬ: ਨਹੀਂ, ਫ਼ਿਲਮਾਂ ਦੀ ਨਾਕਾਮੀ ਦਾ ਮੈਨੂੰ ਦੁਖ ਨਹੀਂ ਹੁੰਦਾ ਸਗੋਂ ਆਪਣੇ ਆਪ ਉੱਤੇ ਖਿਝ ਆਉਂਦੀ ਹੈ। ਇਸ ਦੀ ਵਜ੍ਹਾ ਇਹ ਹੁੰਦੀ ਹੈ ਕਿ ਇੱਕ ਫ਼ਿਲਮ ਕਈ ਲੋਕਾਂ ਦੀ ਮਿਹਨਤ ਨਾਲ ਬਣਦੀ ਹੈ, ਅਤੇ ਜਦੋਂ ਉਹ ਮਿਹਨਤ ਨਾਕਾਮ ਹੋ ਜਾਵੇ ਤਾਂ ਅਜੀਬ ਜਿਹਾ ਮਹਿਸੂਸ ਹੁੰਦਾ ਹੈ। ਜਿੱਥੋਂ ਤਕ ਦੁਖ ਦੀ ਗੱਲ ਹੈ ਤਾਂ ਇਹ ਕੇਵਲ ਵਿਅਕਤੀਗਤ ਨਾਕਾਮੀ ਨਾਲ ਹੁੰਦਾ ਹੈ ਅਤੇ ਇਹ ਸਭ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਹੁੰਦਾ ਹੈ।
ਸਵਾਲ: ਅੱਜਕੱਲ੍ਹ ਕਈ ਤਰ੍ਹਾਂ ਦੀਆਂ ਫ਼ਿਲਮਾਂ ਬਣ ਰਹੀਆਂ ਹਨ। ਕੀ ਤੁਸੀਂ ਅੱਜ ਦੀਆਂ ਫ਼ਿਲਮਾਂ ਦੇਖਦੇ ਹੋ?
ਜਵਾਬ: ਹਾਂ, ਬਿਲਕੁਲ। ਅਸੀਂ ਇੱਕ ਦਰਸ਼ਕ ਦੇ ਰੂਪ ਵਿੱਚ ਫ਼ਿਲਮ ਦੇਖਣਾ ਪਸੰਦ ਕਰਦੇ ਹਾਂ। ਜਦੋਂ ਅਸੀਂ ਕੋਈ ਵੀ ਫ਼ਿਲਮ ਦੇਖਦੇ ਹਾਂ ਤਾਂ ਅਦਾਕਾਰੀ ਅਤੇ ਕਹਾਣੀ ਉੱਤੇ ਧਿਆਨ ਜਾਂਦਾ ਹੀ ਹੈ। ਜਿੱਥੋਂ ਤਕ ਗੱਲ ਵੱਖ ਤਰ੍ਹਾਂ ਦੀਆਂ ਫ਼ਿਲਮਾਂ ਬਣਨ ਦੀ ਹੈ ਤਾਂ ਅਜਿਹਾ ਹਮੇਸ਼ਾਂ ਤੋਂ ਹੁੰਦਾ ਆਇਆ ਹੈ, ਪਰ ਅੱਜਕੱਲ੍ਹ ਬਿਜ਼ਨਸ ਦੀ ਸੁਰੱਖਿਆ ਜ਼ਿਆਦਾ ਹੈ, ਇਸ ਲਈ ਫ਼ਿਲਮਾਂ ਬਣਾਉਣਾ ਵੀ ਸੁਰੱਖਿਅਤ ਹੋ ਗਿਆ ਹੈ। ਕਹਿ ਸਕਦੇ ਹਾਂ ਕਿ ਫ਼ਿਲਮਾਂ ਲਈ ਇਹ ਇੱਕ ਚੰਗਾ ਸਮਾਂ ਹੈ।
ਸਵਾਲ: ਇਸ ਬਦਲੇ ਹੋਏ ਮਾਹੌਲ ਵਿੱਚ ਤੁਸੀਂ ਆਪਣੇ ਫ਼ਿਲਮੀ ਸਫ਼ਰ ਨੂੰ ਕਿਵੇਂ ਦੇਖਦੇ ਹੋ?
ਜਵਾਬ: ਮੇਰੀ ਸ਼ੁਰੂਆਤ ਵੱਖ ਹੋ ਸਕਦੀ ਸੀ, ਪਰ ਵਿਸ਼ਵ ਸੁੰਦਰੀ ਮੁਕਾਬਲੇ ਦਾ ਖ਼ਿਤਾਬ ਆਪਣੇ ਨਾਮ ਕਰਨ ਤੋਂ ਬਾਅਦ ਮੈਂ ਆਪਣੀ ਤਰ੍ਹਾਂ ਨਾਲ ਕੰਮ ਦੀ ਸ਼ੁਰੂਆਤ ਕੀਤੀ। ਮੈਂ ਫ਼ਿਲਮਸਾਜ਼ਾਂ ਅਤੇ ਕਰੀਬੀ ਦੋਸਤਾਂ, ਮੀਡੀਆ ਅਤੇ ਪ੍ਰਸ਼ੰਸਕਾਂ ਦੀ ਅਹਿਸਾਨਮੰਦ ਹਾਂ ਜਿਨ੍ਹਾਂ ਨੇ ਮੈਨੂੰ ਹਮੇਸ਼ਾਂ ਪ੍ਰੋਤਸਾਹਿਤ ਕੀਤਾ ਹੈ। ਹਾਲਾਂਕਿ ਮੇਰੇ ਕਰੀਅਰ ਵਿੱਚ ਬਰੇਕ ਵੀ ਆਏ, ਪਰ ਇਨ੍ਹਾਂ ਦਾ ਪਿਆਰ ਕਦੇ ਘੱਟ ਨਹੀਂ ਹੋਇਆ। ਇਸ ਪੂੰਜੀ ਦੀ ਬਦੌਲਤ ਤਾਂ ਅੱਜ ਵੀ ਮੈਂ ਫ਼ਿਲਮਾਂ ਵਿੱਚ ਸਰਗਰਮ ਹਾਂ। ਫ਼ਿਲਹਾਲ ਨਿਰਦੇਸ਼ਕ ਅਤੁਲ ਮਾਂਜਰੇਕਰ ਦੀ ਫ਼ਿਲਮ ‘ਫ਼ੰਨੇ ਖ਼ਾਂ ‘ਕਰ ਰਹੀ ਹਾਂ ਜਿਸ ਵਿੱਚ ਲੰਬੇ ਅੰਤਰਾਲ ਦੇ ਬਾਅਦ ਮੈਨੂੰ ਅਨਿਲ ਕਪੂਰ ਵਰਗੇ ਸਟਾਰ ਨਾਲ ਸਕਰੀਨ ਸਾਂਝੀ ਕਰਨ ਦਾ ਮੌਕਾ ਮਿਲਿਆ ਹੈ।
ਸਵਾਲ: 40 ਸਾਲ ਤੋਂ ਵੱਧ ਦੀ ਉਮਰ ਦੇ ਬਾਵਜੂਦ ਫ਼ਿਲਮਾਂ ਵਿੱਚ ਘੱਟ ਉਮਰ ਵਾਲੇ ਕਿਰਦਾਰ ਨਿਭਾਉਣ ਦੇ ਪਿੱਛੇ ਦੀ ਕੀ ਸੋਚ ਹੈ?
ਜਵਾਬ: ਇਸ ਗੱਲ ਦਾ ਮੈਨੂੰ ਮਾਣ ਵੀ ਹੈ ਅਤੇ ਖ਼ੁਸ਼ੀ ਵੀ ਕਿ ਮੇਰੇ ਕੰਮ ਅਤੇ ਕਰੀਅਰ ਵਿੱਚ ਮੇਰੀ ਉਮਰ ਹੁਣ ਤਕ ਰੁਕਾਵਟ ਨਹੀਂ ਪਾ ਸਕੀ। ਇਸ ਦਾ ਸਿਹਰਾ ਕਾਫ਼ੀ ਹੱਦ ਤਕ ਫ਼ਿਲਮਸਾਜ਼ਾਂ ਦੇ ਨਾਲ ਦਰਸ਼ਕਾਂ ਨੂੰ ਵੀ ਜਾਂਦਾ ਹੈ ਕਿਉਂਕਿ ਉਹ ਹੁਣ ਤਕ ਮੈਨੂੰ ਅਜਿਹੇ ਕਿਰਦਾਰਾਂ ਲਈ ਫ਼ਿੱਟ ਮੰਨ ਰਹੇ ਹਨ। ਉਂਝ ਵੀ ਮੇਰਾ ਮੰਨਣਾ ਹੈ ਕਿ ਜਦੋਂ ਤਕ ਕੋਈ ਕੰਮ ਕਰਨ ਵਿੱਚ ਤੁਹਾਨੂੰ ਮਜ਼ਾ ਆ ਰਿਹਾ ਹੈ, ਅਤੇ ਉਹੋ ਜਿਹਾ ਕੰਮ ਤੁਹਾਨੂੰ ਉਪਲੱਬਧ ਵੀ ਹੋ ਰਿਹਾ ਹੋ ਤਾਂ ਤੁਹਾਨੂੰ ਉਹ ਕੰਮ ਕਰਦੇ ਰਹਿਣਾ ਚਾਹੀਦਾ ਹੈ। ਆਪਣੀ ਪਹਿਲੀ ਫ਼ਿਲਮ ਦੌਰਾਨ ਮੈਂ ਇੱਕ ਚੀਜ਼ ਬਹੁਤ ਚੰਗੀ ਤਰ੍ਹਾਂ ਸਮਝ ਲਈ ਸੀ, ਅਤੇ ਉਹ ਇਹ ਕਿ ਕਲਾਕਾਰ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਂਦਾ ਹੈ, ਉਵੇਂ ਹੀ ਨਿਰਦੇਸ਼ਕ ਲਈ ਉਸ ਦੀ ਜ਼ਰੂਰਤ ਵਧਦੀ ਜਾਂਦੀ ਹੈ। ਮੇਰੇ ਨਾਲ ਵੀ ਸ਼ਾਇਦ ਇਹੀ ਕੁੱਝ ਹੋ ਰਿਹਾ ਹੈ।
ਸਵਾਲ: ਆਮਤੌਰ ਉੱਤੇ ਵਿਆਹ ਤੋਂ ਬਾਅਦ ਅਭਿਨੇਤਰੀਆਂ ਦੀ ਮੰਗ ਲਗਪਗ ਖ਼ਤਮ ਹੋ ਜਾਂਦੀ ਹੈ। ਤੁਸੀਂ ਇਸ ਦਾ ਅਪਵਾਦ ਕਿਵੇਂ ਬਣੇ?
ਜਵਾਬ: ਇਹ ਸਭ ਮੇਰੇ ਪ੍ਰਸ਼ੰਸਕਾਂ ਦਾ ਪਿਆਰ ਹੈ ਜਿਸ ਲਈ ਉਨ੍ਹਾਂ ਦਾ ਧੰਨਵਾਦ ਵੀ ਕਰਦੀ ਹਾਂ। ਉਂਝ, ਤੁਹਾਨੂੰ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਹੋਏਗੀ ਕਿ ਅੱਜ ਬੌਲੀਵੁੱਡ ਦਾ ਰੁਖ਼ ਕਾਫ਼ੀ ਬਦਲ ਗਿਆ ਹੈ। ਅਜਿਹੇ ਵਿੱਚ ਹੁਣ ਅਭਿਨੇਤਰੀ ਦਾ ਵਿਆਹਿਆ ਹੋਣਾ ਕੋਈ ਵੱਡੀ ਗੱਲ ਨਹੀਂ ਰਹਿ ਗਈ। ਇਸ ਦਾ ਪ੍ਰਮਾਣ ਹੈ ਕਿ ਅੱਜ ਮੇਰੇ ਵਰਗੀਆਂ ਕਈ ਅਭਿਨੇਤਰੀਆਂ ਵੀ ਆਪਣੀ ਪਸੰਦ ਦਾ ਕੰਮ ਕਰ ਰਹੀਆਂ ਹਨ। ਇਹ ਵੇਖ ਕੇ ਮੈਨੂੰ ਚੰਗਾ ਲੱਗਦਾ ਹੈ ਕਿ ਦਰਸ਼ਕਾਂ ਅਤੇ ਫ਼ਿਲਮਸਾਜ਼ਾਂ ਨੇ ਐਸ਼ਵਰਿਆ ਰਾਏ ਅਤੇ ਐਸ਼ਵਰਿਆ ਰਾਏ ਬੱਚਨ ਵਿੱਚ ਕੋਈ ਫ਼ਰਕ ਨਹੀਂ ਸਮਝਿਆ।
ਸਵਾਲ: ਤੁਸੀਂ ਹੁਣ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਅਤੇ ਕਿਰਦਾਰ ਕਰਨ ‘ਤੇ ਜ਼ੋਰ ਦੇ ਰਹੇ ਹੋ?
ਜਵਾਬ: ਦੇਖੋ, ਇੱਕ ਹੀ ਤਰ੍ਹਾਂ ਦੇ ਕਿਰਦਾਰ ਕਰਨਾ ਮੇਰੇ ਲਈ ਮੁਸ਼ਕਿਲ ਹੈ। ਅਜਿਹੇ ਕਿਰਦਾਰ ਵਿੱਚ ਤੁਸੀਂ ਕਦੋਂ ਤਕ ਕੁੱਝ ਖ਼ਾਸ ਜਾਂ ਵੱਖ ਕਰ ਸਕੋਗੇ। ਅਜਿਹਾ ਹਮੇਸ਼ਾਂ ਸੰਭਵ ਨਹੀਂ ਹੋ ਸਕਦਾ ਜਦੋਂ ਕਿ ਮੇਰੀ ਸ਼ੁਰੂ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਮੈਨੂੰ ਕੁੱਝ ਵੱਖ ਕਰਨ ਦਾ ਮੌਕਾ ਮਿਲੇ ਤਾਂ ਕਿ ਲੋਕਾਂ ਨੂੰ ਸੰਤੁਸ਼ਟ ਕਰਨ ਦੇ ਨਾਲ ਹੀ ਮੈਨੂੰ ਵੀ ਰਚਨਾਤਮਕ ਸੰਤੁਸ਼ਟੀ ਮਿਲ ਸਕੇ। ਇਸ ਵਜ੍ਹਾ ਨਾਲ ਵੱਖ ਵੱਖ ਤਰ੍ਹਾਂ ਦੇ ਕਿਰਦਾਰਾਂ ਨੂੰ ਤਵੱਜੋ ਦੇ ਰਹੀ ਹਾਂ।
ਸਵਾਲ: ਤੁਹਾਡੀ ਬੇਟੀ ਅਰਾਧਿਆ ਵੀ ਹੁਣ ਇੱਕ ਅਭਿਨੇਤਰੀ ਦੀ ਤਰ੍ਹਾਂ ਫ਼ੋਟੋ ਪੋਜ਼ ਦੇਣ ਲੱਗੀ ਹੈ। ਕੀ ਕਹੋਗੇ?
ਜਵਾਬ: ਇੱਕ ਮਾਂ ਹੋਣ ਦੇ ਨਾਤੇ ਮੈਂ ਵੀ ਉਸ ਦੀਆਂ ਤਸਵੀਰਾਂ ਦੇਖਦੀ ਰਹਿੰਦੀ ਹਾਂ, ਪਰ ਕੁੱਝ ਸਮਾਂ ਪਹਿਲਾਂ ਤਕ ਮੈਨੂੰ ਵੀ ਪਤਾ ਨਹੀਂ ਸੀ ਕਿ ਉਹ ਇਸ ਅੰਦਾਜ਼ ਵਿੱਚ ਪੋਜ਼ ਦਿੰਦੀ ਹੈ। ਹਾਲਾਂਕਿ, ਕੁੱਝ ਹੱਦ ਤਕ ਇਹ ਆਮ ਗੱਲ ਹੈ ਕਿਉਂਕਿ ਉਹ ਬਚਪਨ ਤੋਂ ਇਹੀ ਮਾਹੌਲ ਦੇਖ ਰਹੀ ਹੈ, ਅਤੇ ਉਹ ਇਹ ਵੀ ਜਾਣਦੀ ਹੈ ਕਿ ਸਾਡਾ ਕੰਮ ਕੀ ਹੈ। ਘਰ ਵਿੱਚ ਸਾਰੇ ਵੱਡੇ ਅਦਾਕਾਰ ਹਨ, ਸੋ ਹੁਣ ਅਰਾਧਿਆ ਵੀ ਆਪਣੇ ਸੁਪਰਸਟਾਰਜ਼ ਫ਼ੈਮਿਲੀ ਸਟੈਟਸ ਨੂੰ ਸਮਝਣ ਲੱਗ ਪਈ ਹੈ।
ਸਵਾਲ: ਤੁਹਾਡੀ ਸ਼ੂਟਿੰਗ ਅਤੇ ਸ਼ੂਟਿੰਗ ਦੇ ਸਫ਼ਰ ਦੌਰਾਨ ਅਰਾਧਿਆ ਕਿੱਥੇ ਰਹਿੰਦੀ ਹੈ?
ਜਵਾਬ: ਅਰਾਧਿਆ ਜਦੋਂ ਤੋਂ ਪੈਦਾ ਹੋਈ ਹੈ, ਓਦੋਂ ਤੋਂ ਮੇਰੇ ਨਾਲ ਲਗਾਤਾਰ ਸਫ਼ਰ ਕਰ ਰਹੀ ਹੈ। ਮੈਂ ਉਸ ਨੂੰ ਹਰ ਜਗ੍ਹਾ ਨਾਲ ਲੈ ਕੇ ਜਾਂਦੀ ਹਾਂ। ਉਸ ਦੀ ਸੁਵਿਧਾ ਅਨੁਸਾਰ ਹੀ ਪ੍ਰੋਗਰਾਮ ਬਣਾਉਂਦੀ ਹਾਂ। ਜ਼ਿਆਦਾਤਰ ਹਫ਼ਤੇ ਦੇ ਅੰਤ ਉੱਤੇ ਹੀ ਬਾਹਰ ਜਾਂਦੀ ਹਾਂ। ਮੈਨੂੰ ਕੰਮ ਕਰਦੇ ਅਤੇ ਲੋਕਾਂ ਨਾਲ ਮਿਲਦੇ ਦੇਖ ਕੇ ਉਹ ਬਹੁਤ ਕੁੱਝ ਸਿੱਖ ਰਹੀ ਹੈ। ਇਹ ਵਿਵਹਾਰਕ ਗਿਆਨ ਹੈ। ਮੈਨੂੰ ਬਾਅਦ ਵਿੱਚ ਉਸਨੂੰ ਕੁੱਝ ਸਿਖਾਉਣਾ ਨਹੀਂ ਪਵੇਗਾ। ਉਹ ਸਿਰਫ਼ ਛੇ ਸਾਲ ਦੀ ਹੈ, ਅਤੇ ਮੈਂ ਉਸ ਨੂੰ ਕਦੇ ਨੇਲ ਪਾਲਿਸ਼ ਵੀ ਨਹੀਂ ਲਗਾਈ। ਉਹ ਅਜਿਹੀ ਮਾਂ ਦੀ ਧੀ ਹੈ ਜੋ ਚਕਾਚੌਂਧ ਦੀ ਦੁਨੀਆਂ ਵਿੱਚ ਸਰਗਰਮ ਹੈ, ਪਰ ਮੈਂ ਉਸ ਨੂੰ ਹਮੇਸ਼ਾਂ ਸਾਧਾਰਨ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਸਵਾਲ: ਤੁਸੀਂ ਅਸਲ ਜ਼ਿੰਦਗੀ ਵਿੱਚ ਕਿੰਨੇ ਕੁ ਫ਼ੈਸ਼ਨਪ੍ਰਸਤ ਹੋ?
ਜਵਾਬ: ਅਸਲ ਜ਼ਿੰਦਗੀ ਵਿੱਚ ਮੈਨੂੰ ਚਿਕਨ ਦੇ ਸਲਵਾਰ ਕਮੀਜ਼ ਅਤੇ ਜੀਨਜ਼ ਨਾਲ ਟੀ-ਸ਼ਰਟ ਪਹਿਨਣਾ ਪਸੰਦ ਹੈ। ਮੈਂ ਸਾਦੀ ਦਿਖ ਨੂੰ ਹੀ ਜ਼ਿਆਦਾ ਅਹਿਮੀਅਤ ਦਿੰਦੀ ਹਾਂ। ਹਾਂ, ਖ਼ਾਸ ਮੌਕਿਆਂ ਉੱਤੇ ਮੈਨੂੰ ਸਾੜ੍ਹੀ ਪਹਿਨਣੀ ਬਹੁਤ ਪਸੰਦ ਹੈ।
ਸਵਾਲ: ਜ਼ਿੰਦਗੀ ਨੂੰ ਲੈ ਕੇ ਤੁਹਾਡਾ ਨਜ਼ਰੀਆ ਕੀ ਹੈ?
ਜਵਾਬ: ਦੇਖੋ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਦੌਰ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮਜ਼ਬੂਤ ਇਨਸਾਨ ਉਹੀ ਹੈ ਜੋ ਖ਼ੁਸ਼ੀ ਵਿੱਚ ਰੱਬ ਦਾ ਧੰਨਵਾਦ ਕਰੇ ਅਤੇ ਦੁਖ ਵਿੱਚ ਵੀ ਆਪਣੇ ਆਪ ਨੂੰ ਸੰਭਾਲ ਕੇ ਰੱਖੇ। ਜ਼ਿੰਦਗੀ ਨੂੰ ਲੈ ਕੇ ਸਾਕਾਰਾਤਮਕ ਹੋਣਾ ਬਹੁਤ ਜ਼ਰੂਰੀ ਹੈ, ਹਰ ਪਲ ਖ਼ੁਸ਼ੀ ਨਾਲ ਜਿਊਣਾ ਚਾਹੀਦਾ ਹੈ।
-ਸੰਜੀਵ ਕੁਮਾਰ ਝਾਅ