ਸੁਰਜੀਤ ਜੱਸਲ
ਸਾਲ 2019 ਦੌਰਾਨ ਪੌਲੀਵੁਡ ਵਿੱਚ ਨਵੀਆਂ ਉਮੀਦਾਂ ਜਾਗੀਆਂ ਅਤੇ ਨਵੇਂ ਉਲਟ-ਫ਼ੇਰ ਦੇਖਣ ਨੂੰ ਮਿਲੇ। ਇਹ ਸਾਲ ਜਿੱਥੇ ਤੇਜ਼ੀ ਨਾਲ ਫ਼ਿਲਮਾਂ ਵੱਲ ਆ ਰਹੇ ਗਾਇਕਾਂ ਨੂੰ ਆਪਣੀ ਅਸਲੀਅਤ ਪਛਾਣਨ ਦਾ ਅਹਿਸਾਸ ਕਰਾਉਣ ਲਈ ਢੁਕਵਾਂ ਰਿਹਾ, ਉੱਥੇ ਬਗ਼ੈਰ ਕਿਸੇ ਮੁਕੰਮਲ ਜਾਣਕਾਰੀ ਦੇ ਫ਼ਿਲਮ ਖੇਤਰ ਵਿੱਚ ਨਿਰਮਾਤਾ ਵੀ ਆਪਣੀ ਲੁੱਟ ਦਾ ਖੁੱਲ੍ਹੇਆਮ ਜ਼ਿਕਰ ਕਰਦੇ ਰਹੇ। ਜੇਕਰ ਇਸ ਸਾਲ ਬੇਹੱਦ ਪ੍ਰਸ਼ੰਸਾ ਲਾਇਕ ਕੋਈ ਗੱਲ ਸੀ ਤਾਂ ਉਹ ਸੀ ਨਾਰੀ ਪ੍ਰਧਾਨ ਫ਼ਿਲਮਾਂ ਨੂੰ ਦਿੱਤਾ ਪ੍ਰੋਤਸਾਹਨ ਅਤੇ ਉਨ੍ਹਾਂ ਨੂੰ ਮਿਲੀ ਸਫ਼ਲਤਾ। ਹਰ ਤੀਜੀ ਫ਼ਿਲਮ ਵਿੱਚ ਪੁਰਾਣੇ ਵਿਰਸੇ ਤੇ ਸਭਿਆਚਾਰ ਦਾ ਢੰਡੋਰਾ ਪਿੱਟ ਕੇ ਚਾਂਦੀ ਚਮਕਾਉਣ ਵਾਲੇ ਇਸ ਵਾਰ ਹੱਥ ਮਲਦੇ ਨਜ਼ਰ ਆਏ। ਇਸ ਸਾਲ ਸੱਠ ਦੇ ਕਰੀਬ ਫ਼ਿਲਮਾਂ ਰਿਲੀਜ਼ ਹੋਈਆਂ, ਪਰ ਸਫ਼ਲਤਾ ਸਿਰਫ਼ ਚਾਰ-ਪੰਜ ਦੇ ਹਿੱਸੇ ਹੀ ਆਈ।
ਸਾਲ ਦੀ ਸ਼ੁਰੂਆਤ ਫ਼ਿਲਮ ਦੁੱਲਾ ਵੈਲੀ ਤੋਂ ਹੋਈ ਜਿਸ ਵਿੱਚ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਆਪਣੇ ਪੁਰਾਣੇ ਜੱਟਪੁਣੇ ਵਾਲੇ ਅੰਦਾਜ਼ ਵਿੱਚ ਨਜ਼ਰ ਆਏ, ਪਰ ਇਹ ਫ਼ਿਲਮ ਘੱਟ ਅਤੇ ਮਜਬੂਰੀ ਵੱਧ ਜਾਪਦੀ ਸੀ। ਇਸ ਦੇ ਐਨ ਬਰਾਬਰ ਨਿਰਮਾਤਾ-ਨਿਰਦੇਸ਼ਕ-ਅਦਾਕਾਰ ਨਵ ਬਾਜਵਾ ਦੀ ਫ਼ਿਲਮ ਇਸ਼ਕਾ ਰਿਲੀਜ਼ ਹੋਈ। ਦੋ ਦਰਜਨ ਦੇ ਕਰੀਬ ਫ਼ਿਲਮਾਂ ਕਰ ਚੁੱਕਾ ਨਵ ਬਾਜਵਾ ਹਰ ਸਾਲ ਇੱਕ-ਦੋ ਫ਼ਿਲਮਾਂ ਨਾਲ ਆਪਣੀ ਹਾਜ਼ਰੀ ਜ਼ਰੂਰ ਲਵਾਉਂਦਾ ਹੈ, ਪਰ ਉਸ ਦੀਆਂ ਫ਼ਿਲਮਾਂ ਦਰਸ਼ਕਾਂ ਦੀ ਪਸੰਦ ਨਹੀਂ ਬਣਦੀਆਂ। ਇਸ਼ਕਾ ਵੀ ਉਸੇ ਫ਼ਲੌਪ ਲੜੀ ਦਾ ਹਿੱਸਾ ਬਣ ਕੇ ਰਹਿ ਗਈ।
ਉਸ ਤੋਂ ਬਾਅਦ ਅਜੋਕੀ ਸਿੱਖਿਆ ਪ੍ਰਣਾਲੀ ‘ਤੇ ਤਨਜ਼ ਕੱਸਦੀਆਂ ਦੋ ਫ਼ਿਲਮਾਂ ਦੋ ਦੂਣੀ ਪੰਜ ਅਤੇ ਊੜਾ ਆੜਾ ਪਰਦਾਪੇਸ਼ ਹੋਈਆਂ। ਸਿੱਖਿਆ ਪ੍ਰਣਾਲੀ ਅਤੇ ਪੰਜਾਬੀ ਦੇ ਹੱਕ ਵਿੱਚ ਆਵਾਜ਼ ਉਠਾਉਂਦੀ ਫ਼ਿਲਮ ਊੜਾ ਆੜਾ ਵਿੱਚ ਸਰਕਾਰੀ ਸਕੂਲਾਂ ਨੂੰ ਅਣਗੋਲੇ ਕਰਦਿਆਂ ਰੀਸੋ ਰੀਸ ਫ਼ੈਸ਼ਨ ਬਣੇ ਅੰਗਰੇਜ਼ੀ ਮਾਧਿਅਮ ਸਕੂਲਾਂ ਬਾਰੇ ਮੱਧ ਵਰਗੀ ਸਮਾਜ ਦੀ ਮਾਨਸਿਕਤਾ, ਗ਼ੈਰ ਪੰਜਾਬੀ ਸਕੂਲਾਂ ਵਲੋਂ ਕੀਤੀ ਜਾਂਦੀ ਲੁੱਟ ਅਤੇ ਪੰਜਾਬੀ ਭਾਸ਼ਾ ਦੇ ਹੋ ਰਹੇ ਖ਼ਾਤਮੇ ਬਾਰੇ ਗੱਲ ਸਮਝਾਈ ਗਈ। ਇਹ ਫ਼ਿਲਮ ਚੰਗੇ ਦਰਸ਼ਕ ਵਰਗ ਦੀ ਪਸੰਦ ਬਣੀ ਅਤੇ ਖ਼ਾਸਕਰ ਸਕੂਲਾਂ ਵਲੋਂ ਇਹ ਫ਼ਿਲਮ ਬੱਚਿਆਂ ਨੂੰ ਵਿਖਾਈ ਗਈ। ਬੇਰੁਜ਼ਗਾਰੀ ਅਤੇ ਮੱਧ ਵਰਗੀ ਸਮਾਜ ਨਾਲ ਜੂਝਦੇ ਲੋਕਾਂ ਦੀ ਕਹਾਣੀ ਪੇਸ਼ ਕਰਦੀ ਨਿਰਮਾਤਾ ਬਾਦਸ਼ਾਹ ਦੀ ਫ਼ਿਲਮ ਦੋ ਦੂਣੀ ਪੰਜ ਦਰਸ਼ਕਾਂ ਨੂੰ ਬਹੁਤਾ ਪ੍ਰਭਾਵਿਤ ਨਾ ਕਰ ਸਕੀ।
ਐਕਸ਼ਨ ਅਦਾਕਾਰ ਦੇਵ ਖਰੌੜ ਦੀ ਫ਼ਿਲਮ ਕਾਕਾ ਜੀ ਵੀ ਉਸ ਦੇ ਪੱਕੇ ਪ੍ਰਸੰਸਕਾਂ ਤੋਂ ਇਲਾਵਾ ਬਾਕੀਆਂ ਵਲੋਂ ਤਾਰੀਫ਼ ਤੋਂ ਵਾਂਝੀ ਰਹੀ। ਪੰਜਾਬ-ਹਰਿਆਣਾ ਦੇ ਸਭਿਆਚਾਰ ਅਤੇ ਪ੍ਰੇਮ ਕਹਾਣੀ ‘ਤੇ ਆਧਾਰਿਤ ਫ਼ਿਲਮ ਸਾਡੀ ਮਰਜ਼ੀ ਵੀ ਦਰਸ਼ਕਾਂ ਦੀ ਮਰਜ਼ੀ ਮੁਤਾਬਿਕ ਚੱਲ ਨਾ ਸਕੀ। ਨਵੇਂ ਨਿਰਦੇਸ਼ਕ ਰਾਜ ਯੁਵਰਾਜ ਬੈਂਸ ਵਲੋਂ ਗਾਇਕ ਤੋਂ ਨਾਇਕ ਬਣੇ ਜੌਰਡਨ ਸੰਧੂ ਨੂੰ ਬਤੌਰ ਹੀਰੋ ਲੈ ਕੇ ਬਣਾਈ ਫ਼ਿਲਮ ਕਾਕੇ ਦਾ ਵਿਆਹ ਵੀ ਦਰਸ਼ਕਾਂ ਦਾ ਇੰਤਜ਼ਾਰ ਕਰਦੀ ਕਰਦੀ ਪਰਦੇ ਤੋ ਉਤਰ ਗਈ। ਆਪਣੇ ਜ਼ਮਾਨੇ ਦੀ ਚਰਚਿਤ ਅਦਾਕਾਰਾ ਪ੍ਰੀਤੀ ਸਪਰੂ ਦੀ ਇਸ ਫ਼ਿਲਮ ‘ਚ ਚਿਰਾਂ ਬਾਅਦ ਹੋਈ ਵਾਪਸੀ ਦਰਸ਼ਕਾਂ ਨੂੰ ਪ੍ਰਭਾਵਿਤ ਨਾ ਕਰ ਸਕੀ।
ਬਤੌਰ ਕੌਮੇਡੀਅਨ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੇ ਬੀਨੂ ਢਿੱਲੋਂ ਇਸ ਵਾਰ ਕਾਲਾ ਸ਼ਾਹ ਕਾਲਾ ਰਾਹੀਂ ਆਪਣੇ ਅੰਦਰਲੇ ਸੰਪੂਰਨ ਕਲਾਕਾਰ ਦੀ ਬੇਹਤਰੀਨ ਪੇਸ਼ਕਾਰੀ ਕਰਨ ਵਿੱਚ ਸਫ਼ਲ ਹੋਏ। ਬੌਲੀਵੁਡ ਵਾਂਗ ਮਲਟੀਸਟਾਰਜ਼ ਨਾਲ ਸਜੀ ਫ਼ਿਲਮ ਹਾਈ END ਯਾਰੀਆਂ ਨੇ ਹਵਾ ਦਾ ਠੰਢਾ ਬੁੱਲਾ ਦਿੱਤਾ। ਨੌਜਵਾਨ ਵਰਗ ਦੀਆਂ ਭਾਵਨਾਵਾਂ ਨਾਲ ਜੁੜੀ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਪਸੰਦ ਕੀਤਾ। ਮਾਰਚ ਵਿੱਚ ਰਿਲੀਜ਼ ਹੋਈ ਨਾਰੀ ਪ੍ਰਧਾਨ ਫ਼ਿਲਮ ਗੁੱਡੀਆਂ ਪਟੋਲੇ ਨੇ ਆਪਣੇ ਨਿਵੇਕਲੇ ਵਿਸ਼ੇ ਕਾਰਨ ਦਰਸ਼ਕਾਂ ਨੂੰ ਫ਼ਿਲਮ ਦੇਖਣ ਲਈ ਮਜਬੂਰ ਕੀਤਾ। ਰਿਸ਼ਤਿਆਂ ਦੀ ਮਹਿਕ ਬਿਖੇਰਦੀ ਇਹ ਫ਼ਿਲਮ ਪਰਵਾਸੀ ਜੀਵਨ ਦੇ ਸੰਵੇਦਨਸ਼ੀਲ ਪਹਿਲੂ ਨਾਲ ਜੁੜੀ ਹੋਈ ਸੀ। ਕਾਲਾ ਸ਼ਾਹ ਕਾਲਾ ਵਿੱਚ ਸੁਚੱਜੀ ਅਦਾਕਾਰੀ ਕਰਨ ਵਾਲੇ ਬੀਨੂ ਢਿੱਲੋਂ ਦੀ ਸਾਲ ਦੀ ਦੂਜੀ ਫ਼ਿਲਮ ਬੈਂਡ ਵਾਜੇ ਦੀਆਂ ਮਾੜੀਆਂ ਧੁਨਾਂ ਦਰਸ਼ਕਾਂ ਨੂੰ ਪਸੰਦ ਨਾ ਆਈਆਂ।
ਮਾਰਚ ਦੇ ਅਖ਼ੀਰਲੇ ਹਫ਼ਤੇ ਰਿਲੀਜ਼ ਹੋਈ ਰੱਬ ਦਾ ਰੇਡੀਓ-2 ਪਿਛਲੀ ਫ਼ਿਲਮ ਦਾ ਸੀਕੁਅਲ ਸੀ ਜਿਹੜੀ ਕਿ ਪਹਿਲੀ ਫ਼ਿਲਮ ਦੀ ਕਹਾਣੀ ਨੂੰ ਅੱਗੇ ਤੋਰਦੀ ਸੀ। ਇਸ ਫ਼ਿਲਮ ਨੇ ਏਕੇ ਵਿੱਚ ਬਰਕਤ ਦਾ ਮਹੱਤਵਪੂਰਨ ਸੰਦੇਸ਼ ਦਿੱਤਾ। ਅਪ੍ਰੈਲ ਵਿੱਚ ਰਿਲੀਜ਼ ਹੋਈ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫ਼ਿਲਮ ਯਾਰਾ ਵੇ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਨਾ ਕਰ ਸਕੀ। ਗਿੱਪੀ ਗਰੇਵਾਲ ਨੂੰ ਬਾਹਰਲੇ ਮੁਲਕ ਜਾ ਕੇ ਇਕੱਠੇ ਕੀਤੇ ਮੰਜੇ ਬਿਸਤਰੇ ਰਾਸ ਨਹੀਂ ਆਏ। ਭਾਵ ਉਸ ਦੀ ਪਹਿਲੀ ਹਿੱਟ ਫ਼ਿਲਮ ਮੰਜੇ ਬਿਸਤਰੇ ਦੇ ਕੈਨੇਡਾ ਵਿੱਚ ਸ਼ੂਟ ਕੀਤੇ ਸੀਕੁਅਲ ਨੇ ਆਪਣਾ ਪੁਰਾਣਾ ਜਲਵਾ ਬਰਕਰਾਰ ਨਹੀਂ ਰੱਖਿਆ। ਇਸੇ ਤਰ੍ਹਾਂ ਹਰੀਸ਼ ਵਰਮਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਨਾਢੂ ਖਾਂ ਵੀ ਕਾਗ਼ਜ਼ੀ ਭਲਵਾਨ ਬਣਦੀ ਹੋਈ ਵਿਵਾਦਾਂ ਨਾਲ ਮੱਥੇ ਲਾਉਂਦੀ-ਲਾਉਂਦੀ ਢੇਰੀ ਹੋ ਗਈ।
ਮਈ ਮਹੀਨਾ ਪੰਜਾਬੀ ਦਰਸ਼ਕਾਂ ਦੀ ਪਰਖ-ਪੜਚੋਲ ਨੂੰ ਲੈ ਕੇ ਕਾਫ਼ੀ ਦਿਲਚਸਪ ਰਿਹਾ। ਇਸ ਮਹੀਨੇ ਦੋ ਫ਼ਿਲਮਾਂ ਇਕੱਠੀਆਂ ਰਿਲੀਜ਼ ਹੋਈਆਂ। ਦੇਵ ਖਰੌੜ ਦੀ ਫ਼ਿਲਮ ਬਲੈਕੀਆ ਅਤੇ ਪਰਮੀਸ਼ ਵਰਮਾ ਦੀ ਦਿਲ ਦੀਆਂ ਗੱਲਾਂ ਇਕੋ ਦਿਨ ਰਿਲੀਜ਼ ਹੋਈਆਂ। ਨਿਰਮਾਤਾ ਵਿਵੇਕ ਓਹਰੀ ਅਤੇ ਨਿਰਦੇਸ਼ਕ ਸੁਖਮੰਦਰ ਧੰਜਲ ਦੀ ਫ਼ਿਲਮ ਬਲੈਕੀਆ ਐਕਸ਼ਨ ਭਰਪੂਰ ਇੱਕ ਥ੍ਰਿਲਰ ਸੀ ਜਿਸ ਨੂੰ ਚੰਗੀ ਓਪਨਿੰਗ ਮਿਲੀ। ਜਦੋਂਕਿ ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਦੀ ਜੋੜੀ ਵਾਲੀ ਦਿਲ ਦੀਆਂ ਗੱਲਾਂ ਰੋਮੈਂਟਿਕ ਵਿਸ਼ੇ ਦੀ ਫ਼ਿਲਮ ਸੀ। ਦੋਵੇਂ ਫ਼ਿਲਮਾਂ ਨੂੰ ਨੌਜਵਾਨ ਦਰਸ਼ਕਾਂ ਨੇ ਪਸੰਦ ਕੀਤਾ।
ਇਸੇ ਮਹੀਨੇ ਪੰਜਾਬੀ ਸਿਨਮਾ ਦੇ ਦੋ ਵੱਡੇ ਕਲਾਕਾਰ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਦੀਆਂ ਫ਼ਿਲਮਾਂ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅਤੇ ਮੁਕਲਾਵਾ ਦਾ ਮੁਕਾਬਲਾ ਵੀ ਹੋਇਆ। ਰੋਮੈਂਟਿਕ ਭਾਵਨਾਵਾਂ ਵਾਲੀ ਮਿਆਰੀ ਗੀਤ ਸੰਗੀਤ ‘ਚ ਸਜੀ ਫ਼ਿਲਮ ਮੁਕਲਾਵਾ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ। ਜਦੋਂਕਿ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨੂੰ ਉਹ ਪਿਆਰ ਨਾ ਮਿਲ ਸਕਿਆ। ਇਸੇ ਮਹੀਨੇ ਗਾਇਕ ਪ੍ਰੀਤ ਹਰਪਾਲ ਅਤੇ ਮੈਂਡੀ ਤੱਖਰ ਦੀ ਜੋੜੀ ਵਾਲੀ ਫ਼ਿਲਮ ਲੁੱਕਣਮੀਚੀ ਨਾਲ ਦਰਸ਼ਕ ਸੱਚਮੁਚ ਹੀ ਲੁੱਕਣਮੀਚੀ ਖੇਡ ਗਏ। ਇਸੇ ਦਿਨ ਰਿਲੀਜ਼ ਹੋਈ ਨਿਰਮਾਤਰੀ ਰੁਪਾਲੀ ਗੁਪਤਾ ਅਤੇ ਨਿਰਦੇਸ਼ਕ ਸ਼ਿਤਿਜ਼ ਚੌਧਰੀ ਦੀ ਗਾਇਕ ਰਵਿੰਦਰ ਗਰੇਵਾਲ ਨੂੰ ਹੀਰੋ ਪੇਸ਼ ਕਰਦੀ ਫ਼ਿਲਮ ਪੰਦਰਾਂ ਲੱਖ ਕਦੋਂ ਆਊਗਾ ਨੂੰ ਦਰਸ਼ਕ ਹੀ ਨਸੀਬ ਨਾ ਹੋਏ।
ਜੂਨ ਵਿੱਚ ਰਿਲੀਜ਼ ਹੋਈ ਅਮਰਿੰਦਰ ਗਿੱਲ ਦੀ ਫ਼ਿਲਮ ਲਾਈਏ ਜੇ ਯਾਰੀਆਂ ਵਿੱਚ ਦਰਸ਼ਕਾਂ ਨੂੰ ਉਹ ਅਮਰਿੰਦਰ ਗਿੱਲ ਨਜ਼ਰ ਨਾ ਆਇਆ ਜਿਸ ਦੀ ਉਮੀਦ ਰੱਖਦੇ ਸਨ। ਜੇਕਰ ਇਸੇ ਸਾਲ ਰਿਲੀਜ਼ ਉਸ ਦੀ ਦੂਸਰੀ ਫ਼ਿਲਮ ਚੱਲ ਮੇਰਾ ਪੁੱਤ ਦੀ ਗੱਲ ਕਰੀਏ ਤਾਂ ਇਸ ਦੇ ਚੱਲਣ ਦਾ ਵੱਡਾ ਕਾਰਨ ਪਾਕਿਸਤਾਨੀ ਕਲਾਕਾਰਾਂ ਦੀ ਸਾਰਥਕ ਕੌਮੇਡੀ ਦਾ ਪੰਜਾਬੀ ਪਰਦੇ ‘ਤੇ ਨਵਾਂ ਰੰਗ ਬਿਖੇਰਨਾ ਸੀ। ਇਸ ਫ਼ਿਲਮ ਦੇ ਨਿਵੇਕਲੇ ਵਿਸ਼ੇ ਰਾਹੀਂ ਜ਼ਮੀਨਾਂ ਗਹਿਣੇ ਧਰ ਕੇ ਵਿਦੇਸ਼ ਕਮਾਈ ਕਰਨ ਗਏ ਪੰਜਾਬੀਆਂ ਦੀ ਸੰਘਰਸ਼ ਭਰੀ ਗਾਥਾ ਨੂੰ ਬੜੇ ਮਨੋਰੰਜਕ ਤਰੀਕੇ ਨਾਲ ਪੇਸ਼ ਕੀਤਾ ਗਿਆ।
ਰੌਸ਼ਨ ਪ੍ਰਿੰਸ ਇਸ ਸਾਲ ਧੜਾਧੜ ਫ਼ਿਲਮਾਂ ਕਰਦਾ ਨਜ਼ਰ ਆਇਆ, ਪਰ ਉਸ ਨੇ ਆਪਣੀਆਂ ਪਿਛਲੇ ਵਰ੍ਹੇ ਅਸਫ਼ਲ ਰਹੀਆਂ ਫ਼ਿਲਮਾਂ ਤੋਂ ਕੋਈ ਸਬਕ ਨਹੀਂ ਲਿਆ। ਇਸ ਸਾਲ ਉਸ ਦੀ ਫ਼ਿਲਮ ਮੁੰਡਾ ਫ਼ਰੀਦਕੋਟੀਆ ਵਧੀਆ ਵਿਸ਼ੇ ਦੀ ਫ਼ਿਲਮ ਹੋਣ ਦੇ ਬਾਵਜੂਦ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ। ਅਕਤੂਬਰ ‘ਚ ਰਿਲੀਜ਼ ਉਸ ਦੀ ਦੂਸਰੀ ਫ਼ਿਲਮ ਨਾਨਕਾ ਮੇਲ ਵੀ ਫ਼ੇਲ੍ਹ ਹੀ ਰਹੀ। ਗਾਇਕੀ ਤੋਂ ਫ਼ਿਲਮਾਂ ਵੱਲ ਆਏ ਰਾਜਵੀਰ ਜਵੰਧਾ ਨੇ ਸਭ ਤੋਂ ਵੱਧ ਨਿਰਾਸ਼ ਕੀਤਾ। ਇਸ ਸਾਲ ਉਸ ਦੀਆਂ ਬਤੌਰ ਨਾਇਕ ਆਈਆਂ ਜਿੰਦ ਜਾਨ ਅਤੇ ਮਿੰਦੋ ਤਸੀਲਦਾਰਨੀ ਦਰਸ਼ਕਾਂ ਦੀ ਪਸੰਦ ਨਾ ਬਣੀਆਂ।
ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਭੀੜ ਤੋਂ ਵੱਖ ਹੋ ਕੇ ਤੁਰਨ ਦਾ ਆਦੀ ਹੈ। ਸਾਲ ਵਿੱਚ ਉਹ ਸਿਰਫ਼ ਇੱਕ ਚੰਗੀ ਫ਼ਿਲਮ ਨੂੰ ਹੀ ਤਰਜੀਹ ਦਿੰਦਾ ਹੈ। ਇਸ ਸਾਲ ਰਿਲੀਜ਼ ਹੋਈ ਉਸ ਦੀ ਫ਼ਿਲਮ ਛੜਾ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸਾਬਿਤ ਹੋਈ। ਇਸ ਫ਼ਿਲਮ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ। ਇਸ ਸਾਲ ਦੋ ਬੌਲੀਵੁਡ ਫ਼ਿਲਮਾਂ ਅਰਜੁਨ ਪਟਿਆਲਾ ਅਤੇ ਗੁੱਡ ਨਿਊਜ਼ ਵੀ ਦਿਲਜੀਤ ਦੇ ਹਿੱਸੇ ਆਈਆਂ। ਬੌਲੀਵੁਡ ਫ਼ਿਲਮਾਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਦਿਲਜੀਤ ਨੇ ਪੰਜਾਬੀ ਫ਼ਿਲਮ ਲਈ ਸਮਾਂ ਕੱਢਿਆ ਅਤੇ 55 ਕਰੋੜੀ ਫ਼ਿਲਮ ਛੜਾ ਦਾ ਸਫ਼ਲ ਹੀਰੋ ਬਣਿਆ।
ਕੌਮੇਡੀਅਨ ਕਰਮਜੀਤ ਅਨਮੋਲ ਨੇ ਵੀ ਇਸ ਸਾਲ ਹੀਰੋ ਬਣਨ ਦਾ ਸੁਆਦ ਲਿਆ। ਕਵਿਤਾ ਕੌਸ਼ਿਕ ਨਾਲ ਨਾਇਕ ਬਣਦਿਆਂ ਉਸਨੇ ਮਿੰਦੋ ਤਸੀਲਦਾਰਨੀ ਪੇਸ਼ ਕੀਤੀ। ਕੌਮੇਡੀ ਆਧਾਰਿਤ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਮਿਲਿਆ ਜੁਲਿਆ ਹੁੰਗਾਰਾ ਮਿਲਿਆ। ਪੰਜਾਬ ਪੁਲੀਸ ਅਤੇ ਰਾਜਨੀਤਕ ਲੋਕਾਂ ਦੀ ਸ਼ਹਿ ‘ਤੇ ਵਧਦੇ ਨਸ਼ੇ ਦੇ ਕਾਰੋਬਾਰ ਤੋਂ ਪਰਦਾ ਚੁੱਕਦੀ ਫ਼ਿਲਮ DSP ਦੇਵ ਪੰਜਾਬ ਦਾ ਕੌੜਾ ਸੱਚ ਪੇਸ਼ ਕਰਨ ਵਿੱਚ ਸਫ਼ਲ ਸਾਬਿਤ ਹੋਈ। ਇਸ ਸਾਲ ਨੀਰੂ ਬਾਜਵਾ ਬਤੌਰ ਨਿਰਮਾਤਰੀ ਆਮ ਸਿਨਮਾ ਤੋਂ ਹਟਕੇ ਬੜੇ ਸੰਜੀਦਾ ਵਿਸ਼ੇ ਦੀ ਫ਼ਿਲਮ ਮੁੰਡਾ ਹੀ ਚਾਹੀਦਾ ਲੈ ਕੇ ਆਈ। ਸਮਾਜਕ ਪ੍ਰਸਥਿਤੀਆਂ ਨਾਲ ਜੁੜੀ ਇਸ ਫ਼ਿਲਮ ਨੇ ਭਾਵੇਂ ਕੋਈ ਵੱਡੀ ਕਮਾਈ ਨਹੀਂ ਕੀਤੀ, ਪਰ ਫ਼ਿਲਮ ਦੀ ਚਰਚਾ ਜ਼ਰੂਰ ਹੋਈ। ਗਿੱਪੀ ਗਰੇਵਾਲ ਇਸ ਵਰ੍ਹੇ ਕੁੱਲ ਚਾਰ ਫ਼ਿਲਮਾਂ ਮੰਜੇ ਬਿਸਤਰੇ 2, ਅਰਦਾਸ ਕਰਾਂ, ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਅਤੇ ਡਾਕਾ ਲੈ ਕੇ ਆਇਆ। ਇਨ੍ਹਾਂ ਫ਼ਿਲਮਾਂ ‘ਚੋਂ ਅਰਦਾਸ ਕਰਾਂ ਪੰਜਾਬੀ ਸਿਨਮਾ ਨੂੰ ਰੂਹਾਨੀਅਤ ਦੀ ਰੰਗਤ ਦੇਣ ‘ਚ ਕਾਮਯਾਬ ਰਹੀ। ਮਨੁੱਖੀ ਜ਼ਿੰਦਗੀ ਨਾਲ ਜੁੜੀ ਰਿਸ਼ਤਿਆਂ ਦੀ ਅਹਿਮੀਅਤ ਅਤੇ ਸਮੇਂ ਦਾ ਸੱਚ ਪੇਸ਼ ਕਰਦੀ ਇਹ ਫ਼ਿਲਮ ਜ਼ਿੰਦਗੀ ਨੂੰ ਉਸਾਰੂ ਸੋਚ ਨਾਲ ਜੋੜਦੀ ਅਤੇ ਔਕੜਾਂ ਦਾ ਹੱਸ ਕੇ ਟਾਕਰਾ ਕਰਨ ਦਾ ਸੁਨੇਹਾ ਦਿੰਦੀ ਸੀ। ਅਕਤੂਬਰ ਦੇ ਅਖੀਰ ‘ਚ ਰਿਲੀਜ਼ ਹੋਈ ਫ਼ਿਲਮ ਡਾਕਾ ਦਰਸ਼ਕਾਂ ਦਾ ਦਿਲ ਲੁੱਟਣ ਵਿੱਚ ਕਾਮਯਾਬ ਨਾ ਹੋ ਸਕੀ। ਗਿੱਪੀ ਦੀ ਸਰਗੁਣ ਮਹਿਤਾ ਨਾਲ ਆਈ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਵੀ ਆਈ-ਗਈ ਹੋ ਗਈ। ਇਸੇ ਮਹੀਨੇ ਆਈਆਂ ਜੱਟ ਜੁਗਾੜੀ ਹੁੰਦੇ ਨੇ ਅਤੇ ਜੁਗਨੀ ਯਾਰਾਂ ਦੀ ਦਰਸ਼ਕਾਂ ਦਾ ਪਿਆਰ ਨਾ ਲੈ ਸਕੀਆਂ।
ਨਿਰਦੇਸ਼ਕ ਮਾਨਵ ਸ਼ਾਹ ਸਿਕੰਦਰ 2 ਫ਼ਿਲਮ ਰਾਹੀਂ ਨੌਜਵਾਨ ਵਰਗ ਦੀਆਂ ਭਾਵਨਾਵਾਂ ਲੈ ਕੇ ਪੇਸ਼ ਹੋਇਆ ਜਿਸ ਵਿੱਚ ਕਾਲਜ ਪੱਧਰ ‘ਤੇ ਬਦਮਾਸ਼ੀ ਅਤੇ ਰਾਜਨੀਤੀ ਨੂੰ ਖੁੱਲ੍ਹ ਕੇ ਪਰਦੇ ‘ਤੇ ਉਤਾਰਿਆ ਗਿਆ। DSP ਦੇਵ ਤੋਂ ਬਾਅਦ ਪੁਲੀਸ ਮਹਿਕਮੇ ਦੀ ਕਾਰਗੁਜ਼ਾਰੀ ਬਾਰੇ ਪਰਮੀਸ਼ ਵਰਮਾ ਫ਼ਿਲਮ ਸਿੰਘਮ ਲੈ ਕੇ ਆਇਆ। ਦੱਖਣ ਦੀ ਹਿੱਟ ਫ਼ਿਲਮ ਦਾ ਇਹ ਪੰਜਾਬੀ ਰੀਮੇਕ ਦਰਸ਼ਕਾਂ ਨੂੰ ਪਸੰਦ ਨਾ ਆਇਆ।
ਬੀਨੂ ਢਿੱਲੋਂ ਦੀਆਂ ਇਸ ਸਾਲ ਚਾਰ ਫ਼ਿਲਮਾਂ ਕਾਲਾ ਸ਼ਾਹ ਕਾਲਾ, ਬੈਂਡ ਵਾਜੇ, ਨੌਕਰ ਵਹੁਟੀ ਦਾ ਅਤੇ ਝੱਲੇ ਰਿਲੀਜ਼ ਹੋਈਆਂ। ਝੱਲੇ ਨੂੰ ਪੰਜਾਬ ਦੀ ਬਜਾਏ ਵਿਦੇਸ਼ ਵਿੱਚ ਚੰਗਾ ਹੁੰਗਾਰਾ ਮਿਲਿਆ। ਬੀਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਦੀ ਫ਼ਿਲਮ ਨੌਕਰ ਵਹੁਟੀ ਦਾ ਕੋਈ ਵੱਡਾ ਧਮਾਕਾ ਨਾ ਕਰ ਸਕੀ।
ਹੇਮਾ ਮਾਲਿਨੀ ਵਲੋਂ ਨਿਰਮਾਣ ਕੀਤੀ ਪੰਜਾਬੀ ਫ਼ਿਲਮ ਮਿੱਟੀ ਵਿਰਾਸਤ ਬੱਬਰਾਂ ਦੀ ਬੜੇ ਜੋਸ਼ ਖਰੋਸ਼ ਨਾਲ ਰਿਲੀਜ਼ ਕੀਤੀ ਗਈ, ਪਰ ਉਹ ਪੰਜਾਬੀ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ। ਸਰਗੁਣ ਮਹਿਤਾ ਇਸ ਸਾਲ ਗੁਰਨਾਮ ਭੁੱਲਰ ਨਾਲ ਫ਼ਿਲਮ ਸੁਰਖੀ ਬਿੰਦੀ ਨਾਲ ਵੀ ਖ਼ੂਬ ਚਰਚਾ ਵਿੱਚ ਰਹੀ। ਸਮਾਜਕ ਪ੍ਰਸਥਿਤੀਆਂ ਨਾਲ ਜੂਝਦੀ ਜ਼ਿੰਦਗੀ ਆਧਾਰਿਤ ਇਸ ਫ਼ਿਲਮ ‘ਚ ਮੱਧ ਵਰਗੀ ਔਰਤ ਨੂੰ ਆਜ਼ਾਦੀ ਅਤੇ ਹੌਸਲੇ ਨਾਲ ਆਪਣੇ ਸੁਪਨੇ ਸੱਚ ਕਰਦੇ ਦਿਖਾਇਆ ਗਿਆ ਜੋ ਅੱਜ ਦੀ ਚੇਤੰਨ ਨਾਰੀ ਦੀ ਸੋਚ ਅਤੇ ਚੁੱਲੇ-ਚੌਕੇ ਵਿੱਚ ਧੁਖਦੀ ਔਰਤ ਦੇ ਫ਼ਰਕ ਨੂੰ ਬਾਖ਼ੂਬੀ ਪੇਸ਼ ਕਰਨ ਵਿੱਚ ਸਫ਼ਲ ਰਹੀ। ਗੁੱਡੀਆਂ ਪਟੋਲੇ ਤੋਂ ਬਾਅਦ ਗੁਰਨਾਮ ਭੁੱਲਰ ਵੀ ਇਸ ਫ਼ਿਲਮ ਨਾਲ ਆਪਣੀ ਪਛਾਣ ਗੂੜ੍ਹੀ ਕਰਨ ਵਿੱਚ ਸਫ਼ਲ ਰਿਹਾ।
ਐਮੀ ਵਿਰਕ ਅਤੇ ਵਾਮਿਕਾ ਗੱਬੀ ਦੀ ਜੋੜੀ ਵਾਲੀ ਨਿੱਕਾ ਜ਼ੈਲਦਾਰ 3 ਬਹੁਤੀ ਦਿਲਚਸਪ ਨਾ ਹੋਣ ਕਰ ਕੇ ਦਰਸ਼ਕਾਂ ਨੂੰ ਪ੍ਰਭਾਵਿਤ ਨਾ ਕਰ ਸਕੀ। ਜ਼ਮੀਨਾਂ ਦੀ ਵੰਡ ਪਿੱਛੇ ਪੀੜ੍ਹੀ ਦਰ ਪੀੜ੍ਹੀ ਦੁਸ਼ਮਣੀਆਂ ਪੁਗਾਉਣ ਵਾਲੇ ਅੜਬ ਜੱਟਾਂ ਦੀ ਕਹਾਣੀ ਪੇਸ਼ ਕਰਦੀ ਸਿੱਪੀ ਗਰੇਵਾਲ ਦੇ ਦਿਲਪ੍ਰੀਤ ਢਿੱਲੋਂ ਦੀ ਫ਼ਿਲਮ ਜੱਦੀ ਸਰਦਾਰ ਦਰਸ਼ਕਾਂ ਦੀ ਪਸੰਦ ਬਣੀ। ਇਸੇ ਦਿਨ ਰਿਲੀਜ਼ ਹੋਈ ਨਿਰਦੇਸ਼ਕ ਕੰਵਲਜੀਤ ਸਿੰਘ ਦੀ ਵਿਰਾਸਤੀ ਰੰਗ ਵਾਲੀ ਫ਼ਿਲਮ ਸਾਕ ਅਨੇਕਾਂ ਖ਼ਾਮੀਆਂ ਕਰ ਕੇ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ। ਸੋਨਮ ਬਾਜਵਾ ਨੇ ਇਸ ਸਾਲ ਦੋ ਚੰਗੀਆਂ ਫ਼ਿਲਮਾਂ ਗੁੱਡੀਆਂ ਪਟੋਲੇ ਅਤੇ ਅੜਬ ਮੁਟਿਆਰਾਂ ਨਾਲ ਪੰਜਾਬੀ ਸਿਨਮਾ ਵਿੱਚ ਨਵੀਂ ਪਿਰਤ ਪਾਈ। ਇਨ੍ਹਾਂ ਫ਼ਿਲਮਾਂ ‘ਚ ਸੋਨਮ ਬਾਜਵਾ ਦਾ ਨਵਾਂ ਰੂਪ ਪਰਦੇ ‘ਤੇ ਨਜ਼ਰ ਆਇਆ। ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ ‘ਚ ਬਣੀ ਗੁੱਡੀਆਂ ਪਟੋਲੇ ਨਵੇਂ ਵਿਸ਼ੇ ਦੀ ਦਿਲਚਸਪ ਕਹਾਣੀ ਸੀ ਜਿਸ ਨੂੰ ਜਗਦੀਪ ਸਿੱਧੂ ਨੇ ਲਿਖਿਆ। ਨਿਰਦੇਸ਼ਕ ਮਾਨਵ ਸ਼ਾਹ ਦੀ ਫ਼ਿਲਮ ਅੜਬ ਮੁਟਿਆਰਾਂ ਵਿੱਚ ਬੱਬੂ ਬੈਂਸ ਨਾਂ ਦੇ ਕਿਰਦਾਰ ਨਾਲ ਘੈਂਟ ਪੰਜਾਬਣ ਬਣੀ ਸੋਨਮ ਬਾਜਵਾ ਨੇ ਆਪਣੀ ਨਵੀਂ ਪਛਾਣ ਨੂੰ ਹੋਰ ਵੀ ਗੂੜ੍ਹਾ ਕੀਤਾ। ਵਾਮਿਕਾ ਗੱਬੀ ਦੇ ਹਿੱਸੇ ਇਸ ਸਾਲ ਚਾਰ ਫ਼ਿਲਮਾਂ ਨਾਢੂ ਖਾਂ, ਦਿਲ ਦੀਆਂ ਗੱਲਾਂ, ਨਿੱਕਾ ਜ਼ੈਲਦਾਰ 3 ਅਤੇ ਦੂਰਬੀਨ ਆਈਆਂ। ਇਨ੍ਹਾਂ ਫ਼ਿਲਮਾਂ ‘ਚ ਵਾਮਿਕਾ ਦਾ ਕੰਮ ਸਲਾਹੁਣਯੋਗ ਰਿਹਾ।
ਇਸ ਸਾਲ ਜਿੱਥੇ ਪੰਜਾਬ ਤੋਂ ਵਿਦੇਸ਼ ਜਾ ਰਹੇ ਨੌਜਵਾਨਾਂ ਦੀ ਮਾਨਸਿਕਤਾ ਪੇਸ਼ ਕਰਦੀਆਂ ਅਨੇਕਾਂ ਫ਼ਿਲਮਾਂ ਬਣੀਆਂ, ਉੱਥੇ ਪੰਜਾਬ ‘ਤੇ ਕਾਬਜ਼ ਹੋ ਰਹੇ ਬਿਹਾਰੀ ਭਈਆਂ ਦੇ ਪੰਜਾਬੀ ਸਰਦਾਰ ਬਣਦੇ ਸੱਚ ਨੂੰ ਪੇਸ਼ ਕਰਦੀ ਫ਼ਿਲਮ ਤਾਰਾ ਮੀਰਾ ਵੀ ਵੇਖਣ ਨੂੰ ਮਿਲੀ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਕੋਈ ਖ਼ਾਸ ਹੁੰਗਾਰਾ ਨਾ ਮਿਲਿਆ। ਨਾਜਾਇਜ਼ ਸ਼ਰਾਬ ਦੇ ਧੰਦੇ ‘ਚ ਫ਼ਸੇ ਇੱਕ ਪਿੰਡ ਦੀ ਕਹਾਣੀ ਪੇਸ਼ ਕਰਦੀ ਫ਼ਿਲਮ ਦੂਰਬੀਨ ਵੀ ਦਰਸ਼ਕਾਂ ਨੂੰ ਬਹੁਤਾ ਪ੍ਰਭਾਵਿਤ ਨਾ ਕਰ ਸਕੀ। ਨਵੇਂ ਨਿਰਮਾਤਾ ਰਾਜ ਕੁਮਾਰ ਦੀ ਗੁੱਗੂ ਗਿੱਲ ਅਤੇ ਰਾਣੀ ਚੈਟਰਜੀ ਨੂੰ ਲੈ ਕੇ ਬਣੀ ਫ਼ਿਲਮ ਆਸਰਾ ਪਰਿਵਾਰਕ ਅਤੇ ਸਮਾਜਕ ਵਿਸ਼ੇ ‘ਤੇ ਇੱਕ ਚੰਗੀ ਫ਼ਿਲਮ ਸਾਬਿਤ ਹੋਈ। ਸਾਲ ਦੇ ਅਖੀਰ ਵਿੱਚ ਕੁੜਮਾਈਆਂ ਤੋਂ ਬਾਅਦ ਗਾਇਕ ਹਰਜੀਤ ਹਰਮਨ ਤੂੰ ਮੇਰਾ ਕੀ ਲੱਗਦਾ ਨਾਲ ਮੁੜ ਹੀਰੋ ਬਣਿਆ। ਜੌਰਡਨ ਸੰਧੂ ਦੀ ਗਿੱਦੜਸਿੰਗੀ, ਨਵ ਬਾਜਵਾ ਦੀ ਕਿੱਟੀ ਪਾਰਟੀ, ਨੇਹਾ ਪੁਆਰ ਦੀ ਅਮਾਨਤ ਵੀ ਦੇਖਣ ਨੂੰ ਮਿਲੀਆਂ। ਇਸ ਸਾਲ ਸਿੱਖ ਧਰਮ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕਰਦੀ ਐਨੀਮੇਸ਼ਨ ਫ਼ਿਲਮ ਮੀਰੀ ਪੀਰੀ ਵੀ ਦਰਸ਼ਕਾਂ ਦੇ ਸਨਮੁੱਖ ਪੇਸ਼ ਕੀਤੀ ਗਈ।











