ਨਵੀਂ ਦਿੱਲੀ- ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ ‘ਕਾਕਰੋਚ ਜਨਤਾ ਪਾਰਟੀ’ (CJP) ਦੇ ਅਧਿਕਾਰਤ ‘ਐਕਸ’ ਅਕਾਊਂਟ ’ਤੇ ਵੀਰਵਾਰ ਨੂੰ ਰੋਕ ਲਗਾ ਦਿੱਤੀ ਗਈ। ਅਕਾਊਂਟ ਬੰਦ ਹੋਣ ਤੋਂ ਕੁਝ ਹੀ ਦੇਰ ਬਾਅਦ ਇਸ ਦੇ ਸੰਚਾਲਕਾਂ ਨੇ ‘ਕਾਕਰੋਚ ਇਜ਼ ਬੈਕ’ ਨਾਂ ਨਾਲ ਨਵਾਂ ਹੈਂਡਲ ਸ਼ੁਰੂ ਕਰ ਦਿੱਤਾ, ਜੋ ਕੁਝ ਹੀ ਘੰਟਿਆਂ ’ਚ ਹਜ਼ਾਰਾਂ ਫਾਲੋਅਰਜ਼ ਜੁਟਾਉਣ ਲੱਗਾ। ਉੱਥੇ ਹੀ CJP ਦੇ ਇੰਸਟਾਗ੍ਰਾਮ ‘ਤੇ 24 ਘੰਟਿਆਂ ‘ਚ ਫੋਲੋਅਰਜ਼ ਦੁੱਗਣੇ ਹੋ ਗਏ ਹਨ। ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਇਹ ਅੰਕੜਾ 1.96 ਕਰੋੜ ਪਹੁੰਚ ਗਿਆ ਹੈ। ਜੋ ਦੇਸ਼ ਦੇ ਕਿਸੇ ਵੀ ਰਾਜਨੀਤਕ ਪਾਰਟੀ ਦੇ ਫੋਲੋਅਰਜ਼ ਤੋਂ ਵੱਧ ਹੈ।
ਇਸ ਵਿਅੰਗਾਤਮਕ ਆਨਲਾਈਨ ਮੁਹਿੰਮ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਕਿ ਅਕਾਊਂਟ ’ਤੇ ਪਹਿਲਾਂ ਤੋਂ ਹੀ ਹੈਕਿੰਗ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ ਅਤੇ ਇਸ ਨੂੰ ਬੰਦ ਕਰਨਾ ਅਚਾਨਕ ਨਹੀਂ ਸੀ। ਇਹ ਪੂਰਾ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਦੀ ਇਕ ਟਿੱਪਣੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ ਸੀ, ਜਿਸ ਤੋਂ ਬਾਅਦ ਇਹ ਵਿਅੰਗਾਤਮਕ ‘ਪਾਰਟੀ’ ਸਾਹਮਣੇ ਆਈ ਅਤੇ ਤੇਜ਼ੀ ਨਾਲ ਪ੍ਰਸਿੱਧ ਹੋ ਗਈ। ਦੱਸਣਯੋਗ ਹੈ ਕਿ ਵੀਰਵਾਰ ਯਾਨੀ 21 ਮਈ ਨੂੰ CJP ਦਾ ‘ਐਕਸ’ ਅਕਾਊਂਟ ਬਲਾਕ ਕਰ ਦਿੱਤਾ ਗਿਆ ਸੀ। ਜਦੋਂ ਪੁਰਾਣਾ ਅਕਾਊਂਟ ਬੰਦ ਹੋਇਆ, ਉਦੋਂ 1.93 ਲੱਖ ਤੋਂ ਵੱਧ ਫੋਲੋਅਰਜ਼ ਸਨ। ਸੰਗਠਨ ਨੇ ਕੁਝ ਦੇਰ ਬਾਅਦ ਨਵਾਂ ਅਕਾਊਂਟ ਬਣਾਇਆ। ਇਸ ਦਾ ਨਾਂ ‘ਕਾਕਰੋਚ ਇਜ਼ ਬੈਕ’ ਰੱਖਿਆ ਗਿਆ ਅਤੇ ਬਾਇਓ ‘ਚ ਲਿਖਿਆ,”ਕਾਕਰੋਚ ਡੋਂਟ ਡਾਏ, ਯਾਨੀ ਕਾਕਰੋਚ ਮਰਦੇ ਨਹੀਂ।”















