ਸਿਡਨੀ – ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਕਿ ਗ਼ੁਲਾਬੀ ਗੇਂਦ ਨਾਲ ਖੇਡੇ ਗਏ ਅਭਿਆਸ ਮੈਚ ‘ਚ ਹਮਲਾਵਰ ਸੈਂਕੜਾ ਲਾ ਕੇ ਆਸਟਰੇਲੀਆ ਖਿਲਾਫ਼ 17 ਦਸੰਬਰ ਤੋਂ ਸ਼ੁਰੂ ਹੋ ਰਹੀ ਟੈੱਸਟ ਸੀਰੀਜ਼ ਲਈ ਉਸ ਦਾ ਆਤਮਵਿਸ਼ਵਾਸ ਵਧਿਆ ਹੈ। ਇਸ ਸਾਲ UAE ‘ਚ IPL ‘ਚ ਫ਼ੌਰਮ ਅਤੇ ਫ਼ਿੱਟਨੈੱਸ ਨਾਲ ਜੂੰਝਦਾ ਰਹੇ ਪੰਤ ਨੇ ਆਸਟਰੇਲੀਆ-A ਖਿਲਾਫ਼ ਅਭਿਆਸ ਮੈਚ ‘ਚ 73 ਗੇਂਦਾਂ ‘ਚ 103 ਦੌੜਾਂ ਬਣਾਈਆਂ ਸਨ। ਭਾਰਤ ਨੂੰ ਹੁਣ ਏਡੀਲੇਡ ‘ਚ ਦਿਨ-ਰਾਤ ਦੇ ਟੈੱਸਟ ਲਈ ਵਿਕਟਕੀਪਰ ਦੇ ਤੌਰ ‘ਤੇ ਪੰਤ ਅਤੇ ਰਿਧੀਮਾਨ ਸਾਹਾ ‘ਚੋਂ ਇੱਕ ਨੂੰ ਚੁਣਨਾ ਹੋਵੇਗਾ।
ਪੰਤ ਨੇ ਕਿਹਾ, ”ਜਦੋਂ ਮੈਂ ਬੱਲੇਬਾਜ਼ੀ ਲਈ ਉਤਰਿਆ ਤਾਂ ਕਾਫ਼ੀ ਓਵਰ ਸਨ। ਹਨੁਮਾ ਵਿਹਾਰੀ ਅਤੇ ਮੈਂ ਵਧੀਆ ਸਾਂਝੇਦਾਰੀ ਬਣਾਉਣਾ ਚਾਹੁੰਦੇ ਸੀ ਅਤੇ ਦੇਰ ਰਾਤ ਤਕ ਟਿੱਕ ਕੇ ਖੇਡਣਾ ਚਾਹੁੰਦੇ ਸੀ। ਮੈਂ ਹੌਲੀ-ਹੌਲੀ ਆਤਮਵਿਸ਼ਵਾਸ ਹਾਸਿਲ ਕਰ ਲਿਆ।”
ਉਸ ਨੇ ਕਿਹਾ, ”ਇਸ ਸੈਂਕੜੇ ਨਾਲ ਆਤਮਵਿਸ਼ਵਾਸ ਕਾਫ਼ੀ ਵਧਿਆ ਹੈ। ਮੈਂ ਇੱਕ ਮਹੀਨੇ ਤੋਂ ਆਸਟਰੇਲੀਆ ‘ਚ ਹਾਂ ਪਰ ਗਲੇ ‘ਚ ਆਕੜ ਕਾਰਣ ਪਹਿਲਾ ਅਭਿਆਸ ਮੈਚ ਨਹੀਂ ਸੀ ਖੇਡ ਸਕਿਆ। ਪਹਿਲੀ ਪਾਰੀ ‘ਚ ਬਦਕਿਸਮਤ ਰਿਹਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ lbw ਆਊਟ ਨਹੀਂ ਸੀ। ਦੂਜੀ ਪਾਰੀ ‘ਚ ਲੰਮਾ ਖੇਡਣ ਦੇ ਇਰਾਦੇ ਨਾਲ ਹੀ ਉਤਰਿਆ ਸੀ ਅਤੇ ਨਤੀਜਾ ਸਭ ਦੇ ਸਾਹਮਣੇ ਹੈ।
ਪੰਤ ਨੇ ਕਿਹਾ ਕਿ ਗੁਲਾਬੀ ਗੇਂਦ ਨਾਲ ਅਭਿਆਸ ਮੈਚ ਖੇਡਣਾ ਜ਼ਰੂਰੀ ਸੀ। ਉਸ ਨੇ ਕਿਹਾ ਕਿ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ, ਬੱਲੇਬਾਜ਼ਾਂ ਨੂੰ ਵਧੀਆ ਅਭਿਆਸ ਮਿਲ ਗਿਆ। ਸਾਰਿਆਂ ਦਾ ਪ੍ਰਦਰਸ਼ਨ ਵਧੀਆ ਰਿਹਾ ਅਤੇ ਇਹ ਅਭਿਆਸ ਵਾਕਿਆ ਹੀ ਜ਼ਰੂਰੀ ਸੀ। ਦੁਧੀਆ ਰੌਸ਼ਨੀ ‘ਚ ਖੇਡਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ।”












