ਆਸਟਰੇਲੀਆ ਖ਼ਿਲਾਫ਼ ਬਾਊਂਸਰਾਂ ਦਾ ਸਾਹਮਣਾ ਕਰਨ ਲਈ ਹਾਂ ਤਿਆਰ – ਸ਼ੁਭਮਨ

ਸਿਡਨੀ – ਨੌਜਵਾਨ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਦਾ ਮੰਨਣਾ ਹੈ ਕਿ ਆਸਟਰੇਲੀਆ ‘ਚ ਕ੍ਰਿਕਟ ਖੇਡਣੀ ਕਾਫ਼ੀ ਚੁਣੌਤੀਪੂਰਣ ਹੈ ਪਰ 17 ਦਸੰਬਰ ਤੋਂ ਐਡੀਲੇਡ ‘ਚ ਸ਼ੁਰੂ ਹੋ ਰਹੀ ਚਾਰ ਮੈਚਾਂ ਦੀ ਟੈੱਸਟ ਸੀਰੀਜ਼ ਦੌਰਾਨ ਉਹ ਬਾਊਂਸਰ ਅਤੇ ਸ਼ੌਰਟ ਪਿੱਚ ਗੇਂਦਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਗਿੱਲ ਨੇ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਆਪਣਾ ਦਾਅਵਾ ਮਜ਼ਬੂਤ ਕਰਦੇ ਹੋਏ ਆਸਟਰੇਲੀਆ-A ਖਿਲਾਫ਼ ਗੁਲਾਬੀ ਗੇਂਦ (ਦਿਨ-ਰਾਤ) ਨਾਲ ਤਿੰਨ ਦਿਨਾ ਅਭਿਆਸ ਮੈਚ ਦੀਆਂ ਦੋਹਾਂ ਪਾਰੀਆਂ ‘ਚ 43 ਅਤੇ 65 ਦੌੜਾਂ ਬਣਾਈਆਂ ਸਨ। ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਨੁਮਾਇੰਦਗੀ ਕਰਨ ਵਾਲਾ 21 ਸਾਲ ਦਾ ਇਹ ਬੱਲੇਬਾਜ਼ ਆਸਟਰੇਲੀਆ ਖ਼ਿਲਾਫ਼ ਉਸ ਦੀ ਜ਼ਮੀਨ ‘ਤੇ ਟੈੱਸਟ ‘ਚ ਡੈਬਿਊ ਲਈ ਤਿਆਰ ਹੈ।
ਗਿੱਲ ਨੇ ਕਿਹਾ ਕਿ ਆਸਟਰੇਲੀਆ ਖ਼ਿਲਾਫ਼ ਆਸਟਰੇਲੀਆ ‘ਚ ਖੇਡਣਾ ਕਾਫ਼ੀ ਡਰਾਉਣ ਵਾਲਾ ਹ, ੈ ਪਰ ਮੈਂ ਇਸ ਦੇ ਲਈ ਤਿਆਰ ਹਾਂ। ਇੱਕ ਬੱਲੇਬਾਜ਼ ਦੇ ਰੂਪ ‘ਚ ਆਸਟਰੇਲੀਆ ਖਿਲਾਫ਼ ਆਸਟਰੇਲੀਆ ‘ਚ ਖੇਡਣ ਤੋਂ ਵੱਡਾ ਕੋਈ ਮੌਕਾ ਨਹੀਂ ਹੋ ਸਕਦਾ ਕਿਉਂਕਿ ਜੇਕਰ ਤੁਸੀਂ ਦੌੜਾਂ ਬਣਾਉਣ ‘ਚ ਸਫ਼ਲ ਰਹੇ ਤਾਂ ਇਸ ਨਾਲ ਤੁਹਾਡਾ ਆਤਮਵਿਸ਼ਵਾਸ ਕਾਫ਼ੀ ਵਧਦਾ ਹੈ।
ਉਸ ਨੇ ਕਿਹਾ ਕਿ ਉਹ ਆਸਟਰੇਲੀਆ ਦੀਆਂ ਉਛਾਲ ਲੈਣ ਵਾਲੀਆਂ ਪਿੱਚਾਂ ‘ਤੇ ਬਾਊਂਸਰਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਜੇਕਰ ਆਸਟਰੇਲੀਆਈ ਗੇਂਦਬਾਜ਼ਾਂ ਦੀ ਯੋਜਨਾ ਸਾਨੂੰ ਬਾਊਂਸਰ ਤੋਂ ਪਰੇਸ਼ਾਨ ਕਰਦੀ ਹੈ ਤਾਂ ਮੈਂ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਇਸ ਦਾ ਸਾਹਮਣਾ ਕਰਨ ਦਾ ਦਮਖ਼ਮ ਵੀ ਹੈ।