ਹੁਸ਼ਿਆਰਪੁਰ ‘ਚ ਬੰਦ ਨੂੰ ਮਿਲਿਆ ਹੁੰਗਾਰਾ, ਜਾਰੀ ਰਹਿਣਗੀਆਂ ਐਮਰਜੈਂਸੀ ਸੇਵਾਵਾਂ

ਹੁਸ਼ਿਆਰਪੁਰ : ਅੰਮ੍ਰਿਤਸਰ ਜ਼ਿਲ੍ਹੇ ‘ਚ ਗਣਤੰਤਰ ਦਿਹਾੜੇ ‘ਤੇ ਇਕ ਨੌਜਵਾਨ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਮਾਮਲਾ ਕਾਫ਼ੀ ਭਖ ਗਿਆ। ਇਸ ਮਾਮਲੇ ਮਗਰੋਂ ਹੁਣ ਵਾਲਮੀਕਿ ਸਮਾਜ ਵਲੋਂ ਅੱਜ ਜਲੰਧਰ, ਲੁਧਿਆਣਾ, ਫਗਵਾੜਾ, ਮੋਗਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਬੰਦ ਰੱਖਣ ਦੀ ਕਾਲ ਦਿੱਤੀ ਗਈ ਹੈ। ਇਸ ਦੇ ਤਹਿਤ ਹੁਸ਼ਿਆਰਪੁਰ ਜ਼ਿਲ੍ਹਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।
ਸਕੂਲਾਂ ‘ਚ ਛੁੱਟੀ ਦਾ ਐਲਾਨ
ਹੁਸ਼ਿਆਰਪੁਰ ‘ਚ ਅੱਜ ਬੰਦ ਦੇ ਚੱਲਦਿਆਂ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਿਰਫ ਦਲਿਤਾਂ ਲਈ ਹੀ ਨਹੀਂ, ਸਗੋਂ ਮਨੁੱਖਤਾ ਲਈ ਕੰਮ ਕੀਤਾ ਹੈ। ਅਜਿਹੇ ਲੋਕ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਜੋ ਦੇਸ਼ ‘ਚ ਪਾੜ ਪਾਇਆ ਜਾ ਸਕੇ।
26 ਜਨਵਰੀ ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਉਸੇ ਦਿਨ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਬਹੁਤ ਵੱਡੀ ਸਾਜ਼ਿਸ਼ ਹੈ, ਜੋ ਕਿ ਬੇਨਕਾਬ ਹੋਣੀ ਚਾਹੀਦੀ ਹੈ। ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।