ਬੌਲੀਵੁਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਸੋਨੀਲਿਵ ਦੀ ਸੀਰੀਜ਼ ਮਹਾਰਾਨੀ ਦੇ ਦੂਸਰੇ ਸੀਜ਼ਨ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਸੀਰੀਜ਼ ਦੀ ਸ਼ੂਟਿੰਗ ਭੋਪਾਲ, ਹੋਸ਼ੰਗਾਬਾਦ ਅਤੇ ਜੰਮੂ ਅਤੇ ਕਸ਼ਮੀਰ ‘ਚ ਕੀਤੀ ਗਈ ਹੈ। ਅਦਾਕਾਰਾ ਨੇ ਆਖਿਆ, ”ਜੰਮੂ ‘ਚ ਭਾਵੇਂ ਬਹੁਤ ਥੋੜ੍ਹੇ ਦ੍ਰਿਸ਼ ਫ਼ਿਲਮਾਏ ਗਏ ਹਨ, ਪਰ ਇਹ ਕਹਾਣੀ ‘ਚ ਬਹੁਤ ਮਹੱਤਵ ਰੱਖਦੇ ਹਨ। ਸੀਰੀਜ਼ ਦਾ ਸੀਜ਼ਨ-2 ਵੱਡਾ, ਵਿਸ਼ਾਲ ਅਤੇ ਰੋਮਾਂਚਕ ਹੋਵੇਗਾ।”
ਸੀਰੀਜ਼ ਦੇ ਪਹਿਲੇ ਸੀਜ਼ਨ ‘ਚ ਹੁਮਾ ਕੁਰੈਸ਼ੀ ਨੇ ਇੱਕ ਪੇਂਡੂ ਔਰਤ ਰਾਨੀ ਭਾਰਤੀ ਦਾ ਕਿਰਦਾਰ ਨਿਭਾਇਆ ਸੀ ਜਿਸ ਨੂੰ ਬਿਹਾਰ ਦੀ ਮੁੱਖ ਮੰਤਰੀ ਚੁਣ ਲਿਆ ਜਾਂਦਾ ਹੈ। ਸੁਭਾਸ਼ ਕਪੂਰ ਦੀ ਇਸ ਸੀਰੀਜ਼ ਦੇ ਪਹਿਲੇ ਸੀਜ਼ਨ ਦਾ ਨਿਰਦੇਸ਼ਨ ਕਰਨ ਸ਼ਰਮਾ ਨੇ ਕੀਤਾ ਸੀ ਜਿਸ ‘ਚ ਸੋਹਮ ਸ਼ਾਹ, ਅਮਿਤ ਸਿਆਲ, ਕਨੀ ਕੁਸਰਤੀ, ਵਿਨੀਤ ਕੁਮਾਰ ਅਤੇ ਇਨਾਮੁਲ ਹੱਕ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਜ਼ਿਕਰਯੋਗ ਹੈ ਕਿ ਅਦਾਕਾਰਾ ਆਖ਼ਰੀ ਵਾਰ ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ਗੰਗੂਬਾਈ ਕਾਠੀਆਵਾੜੀ ‘ਚ ਦਿਖਾਈ ਦਿੱਤੀ ਸੀ।











