ਨਵੀਂ ਦਿੱਲੀਂ ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ ਦੇ ਫ਼ਾਈਨਲ ‘ਚ ਪੁੱਜਕੇ ਇਸ ਤਰ੍ਹਾਂ ਬਾਹਰ ਜਾਣਾ ਸ਼ਾਇਦ ਭਾਰਤੀ ਕ੍ਰਿਕਟ ਫ਼ੈਂਸ ਨੂੰ ਬਰਦਾਸ਼ਤ ਨਹੀਂ ਹੋਇਆ ਹੈ। ਜਿਸਦੀ ਵਜ੍ਹਾ ਨਾਲ ਉਨ੍ਹਾਂ ਦੇ ਪ੍ਰਦਰਸ਼ਨ ਦੀ ਸਖਤ ਨਿੰਦਿਆ ਕੀਤੀ ਜਾ ਰਹੀ ਹੈ, ਪਰ ਜੇਕਰ ਅਸੀ ਭਾਰਤ ਦੇ ਪਿਛਲੇ ਜਿੱਤੇ ਹੋਏ ਦੋ ਮੁਕਾਬਲਿਆਂ ਨੂੰ ਦੇਖੀਏ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਭਾਰਤ ਹੁਣ ਤੱਕ ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ ਦੇ 50 ਓਵਰਾਂ ਵਾਲਾ ਇੱਕ ਵੀ ਮੈਚ ਨਹੀਂ ਜਿੱਤ ਸਕਿਆ ਹੈ।
2002 ‘ਚ ਹੋਏ ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ ਦੇ ਸੈਮੀਫ਼ਾਈਨਲ ‘ਚ ਭਾਰਤ, ਸ਼੍ਰੀਲੰਕਾ, ਦੱਖਣ ਅਫ਼ਰੀਕਾ ਅਤੇ ਆਸਟਰੇਲੀਆ ਟੀਮਾਂ ਪਹੁੰਚੀਆਂ ਸਨ। ਜਿਸ ‘ਚ ਸੈਮੀਫ਼ਾਈਨਲ ‘ਚ ਭਾਰਤ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਹੋਇਆ ਸੀ ਜਿਸ ‘ਚ ਭਾਰਤ ਨੇ 10 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਉਸਦੇ ਬਾਅਦ ਭਾਰਤ ਨੇ ਆਪਣਾ ਫ਼ਾਈਨਲ ਮੈਚ ਸ਼੍ਰੀਲੰਕਾ ਖਿਲਾਫ਼ ਖੇਡਿਆ ਸੀ। ਇਸ ਮੈਚ ‘ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਅਤੇ ਭਾਰਤ ਨੂੰ 7 ਦੇ ਨੁਕਸਾਨ ‘ਤੇ 222 ਦੌੜਾਂ ਦਾ ਟੀਚਾ ਦਿੱਤਾ ਸੀ। ਜਦੋਂ ਭਾਰਤ ਦੀ ਟੀਮ ਬੱਲੇਬਾਜ਼ੀ ਕਰਨ ਆਈ ਤਾਂ ਮੌਸਮ ਥੋੜ੍ਹਾ ਗੜਬੜਾ ਗਿਆ। ਇਸਦੇ ਬਾਵਜੂਦ ਵੀ ਭਾਰਤ ਨੇ ਬੱਲੇਬਾਜ਼ੀ ਕਰਦੇ ਹੋਏ 1 ਵਿਕਟ ਦੇ ਨੁਕਸਾਨ ‘ਤੇ 8.4 ਓਵਰਾਂ ‘ਚ 38 ਦੌੜਾਂ ਹੀ ਬਣਾ ਪਾਈ ਕਿ ਤੇਜ਼ ਮੀਂਹ ਸ਼ੁਰੂ ਹੋ ਗਿਆ, ਉਸ ਦਿਨ ਇਹ ਮੀਂਹ ਲਗਾਤਾਰ ਦੋ ਦਿਨਾਂ ਤੱਕ ਲੱਗਿਆ ਰਿਹਾ ਸੀ, ਜਿਸਦੀ ਵਜ੍ਹਾ ਨਾਲ ਕਮੇਟੀ ਨੂੰ ਦੋਨਾਂ ਟੀਮਾਂ ਨੂੰ ਜੇਤੂ ਘੋਸ਼ਿਤ ਕਰਨਾ ਪਿਆ ਸੀ।
ਭਾਰਤ ਦੀ ਦੂਜੀ ਜਿੱਤ ਜੋ ਉਸਨੂੰ 2013 ‘ਚ ਮਿਲੀ ਸੀ, ਇਸ ਮੈਚ ਦੇ ਸੈਮੀਫ਼ਾਈਨਲ ਤੱਕ ਭਾਰਤ, ਦੱਖਣੀ ਅਫ਼ਰੀਕਾ, ਇੰਗਲੈਂਡ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਪਹੁੰਚੀਆਂ ਸਨ। ਇਸ ਮੈਚ ‘ਚ ਭਾਰਤ ਦਾ ਫ਼ਾਈਨਲ ਮੁਕਾਬਲਾ ਇੰਗਲੈਂਡ ਖਿਲਾਫ਼ ਹੋਇਆ ਸੀ। ਇਹ ਮੈਚ ਵੀ ਪੂਰੇ 50- 50 ਦਾ ਨਹੀਂ ਖੇਡਿਆ ਗਿਆ ਸੀ। ਅਸਲ ‘ਚ ਉਸ ਸਮੇਂ ਇੱਕ ਵਾਰ ਫ਼ਿਰ ਮੌਸਮ ਨੇ ਕਰਵਟ ਲਈ ਸੀ, ਜਿਸਦੀ ਵਜ੍ਹਾ ਨਾਲ ਨਿਰਣਾਇਕ ਕਮੇਟੀ ਨੂੰ 50-50 ਓਵਰਾਂ ਦਾ ਮੈਚ ਘਟਾਕੇ 20-20 ਓਵਰਾਂ ਦਾ ਕਰਾਉਣਾ ਪਿਆ ਸੀ, ਇਸ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਇੰਗਲੈਂਡ ਨੂੰ 7 ਵਿਕਟ ਦੇ ਨੁਕਸਾਨ 129 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸਦੇ ਬਾਅਦ ਭਾਰਤ ਨੇ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਦੇ 8 ਖਿਡਾਰੀਆਂ ਨੂੰ ਪੈਵੇਲੀਅਨ ਭੇਜ ਕੇ 124 ਦੌੜਾਂ ‘ਤੇ ਹੀ ਰੋਕ ਦਿੱਤਾ ਸੀ।












