ਕੰਗਨਾ ਦਾ ਕਹਿਣਾ ਹੈ ਕਿ ਉਸ ਨੇ ਹਮੇਸ਼ਾ ਆਪਣੀਆਂ ਸਾਥੀ ਅਭਿਨੇਤਰੀਆਂ ਦੀਆਂ ਫ਼ਿਲਮਾਂ ਦਾ ਪ੍ਰਚਾਰ ਕੀਤਾ ਹੈ, ਪਰ ਉਨ੍ਹਾਂ ‘ਚੋਂ ਕਿਸੇ ਨੇ ਵੀ ਮਣੀਕਰਣਿਕਾ ਬਾਰੇ ਇੱਕ ਸ਼ਬਦ ਤਕ ਨਹੀਂ ਕਿਹਾ …
ਕੰਗਨਾ ਰਨੌਤ ਲਗਾਤਾਰ ਲੋਕਾਂ ਨਾਲ ਪੰਗੇ ਲੈਂਦੀ ਰਹਿੰਦੀ ਹੈ। ਫ਼ਿਲਮ ਮਣੀਕਰਣਿਕਾ ਦੇ ਨਿਰਦੇਸ਼ਕ ਅਤੇ ਕੁੱਝ ਹੋਰ ਕਲਾਕਾਰਾਂ ਨਾਲ ਵੀ ਉਸ ਦਾ ਵਿਵਾਦ ਹੋਇਆ ਸੀ। ਇਸ ਤੋਂ ਪਹਿਲਾਂ ਵੀ ਉਹ ਫ਼ਿਲਮ ਇੰਡਸਟਰੀ ਦੇ ਨਾਮੀ ਕਲਾਕਾਰਾਂ ਨਾਲ ਭਿੜ ਚੁੱਕੀ ਹੈ, ਅਤੇ ਉਹ ਕਿਸੇ ਦੀ ਕੋਈ ਪਰਵਾਹ ਨਹੀਂ ਕਰ ਰਹੀ। ਕੰਗਨਾ ਦੇ ਨਿਸ਼ਾਨੇ ‘ਤੇ ਹੁਣ ਆਲੀਆ ਭੱਟ ਅਤੇ ਦੀਪਿਕਾ ਪਾਦੂਕੋਣ ਵਰਗੀਆਂ ਅਭਿਨੇਤਰੀਆਂ ਵੀ ਹਨ। ਕੰਗਨਾ ਦਾ ਕਹਿਣਾ ਹੈ ਕਿ ਲੋਕ ਉਸ ਨੂੰ ਆਪਣੀ ਫ਼ਿਲਮ ਦਾ ਟ੍ਰੇਲਰ ਭੇਜਦੇ ਹਨ ਤਾਂਕਿ ਉਹ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤਾਰੀਫ਼ ਕਰੇ। ਕੰਗਨਾ ਦੱਸਦੀ ਹੈ ਕਿ ਆਲੀਆ ਭੱਟ ਨੇ ਉਸ ਨੂੰ ਫ਼ਿਲਮ ਰਾਜ਼ੀ ਦਾ ਟ੍ਰੇਲਰ ਭੇਜਿਆ ਸੀ ਅਤੇ ਨਾਲ ਹੀ ਲਿਖਿਆ ਸੀ ਕਿ ਕ੍ਰਿਪਾ ਕਰ ਕੇ ਇਸ ਨੂੰ ਜ਼ਰੂਰ ਦੇਖਣਾ। ਮੇਰੇ ਲਈ ਉਹ ਕੋਈ ਕਰਨ ਜੌਹਰ ਜਾਂ ਆਲੀਆ ਭੱਟ ਦੀ ਫ਼ਿਲਮ ਨਹੀਂ ਸੀ। ਫ਼ਿਲਮ ਸਹਿਮਤ ਖ਼ਾਨ ਦੀ ਸੀ ਜਿਸ ਨੇ ਆਪਣਾ ਸਭ ਕੁੱਝ ਦੇਸ਼ ‘ਤੋਂ ਕੁਰਬਾਨ ਕਰ ਦਿੱਤਾ ਸੀ। ਟ੍ਰੇਲਰ ਸਿਰਫ਼ ਇਸ ਲਈ ਭੇਜਿਆ ਗਿਆ ਸੀ ਤਾਂ ਕਿ ਮੈਂ ਤਾਰੀਫ਼ ਕਰਾਂ।
ਕੰਗਨਾ ਅਨੁਸਾਰ, ਉਸ ਨੇ ਆਲੀਆ ਅਤੇ ਰਾਜ਼ੀ ਦੀ ਨਿਰਦੇਸ਼ਕ ਮੇਘਨਾ ਗ਼ੁਲਜ਼ਾਰ ਨਾਲ ਅੱਧਾ ਘੰਟਾ ਗੱਲਬਾਤ ਕੀਤੀ। ਕੰਗਨਾ ਦਾ ਕਹਿਣ ਹੈ ਕਿ ਉਹ ਸਾਰੀਆਂ ਅਭਿਨੇਤਰੀਆਂ ਦੀ ਤਾਰੀਫ਼ ਕਰਦੀ ਹੈ, ਪਰ ਜਦੋਂ ਉਸ ਦੀ ਆਪਣੀ ਫ਼ਿਲਮ ਦੀ ਗੱਲ ਆਉਂਦੀਹੈ ਤਾਂ ਸਾਰੀਆਂ ਅਭਿਨੇਤਰੀਆਂ ਆਪਣੇ ਮੂੰਹ ‘ਤੇ ਤਾਲਾ ਲਗਾ ਲੈਂਦੀਆਂ ਹਨ। ਕੰਗਨਾ ਦਾ ਕਹਿਣਾ ਹੈ ਕਿ ਉਸ ਨੇ ਦੀਪਿਕਾ ਪਾਦੂਕੋਣ ਦੀ ਫ਼ਿਲਮ ਪੀਕੂ ਦੀ ਤਾਰੀਫ਼ ਕੀਤੀ। ਸੋਨਾਕਸ਼ੀ ਸਿਨਹਾ ਦੀ ਲੁਟੇਰੇ ਬਾਰੇ ਲਗਾਤਾਰ ਚਰਚਾ ਕਰਦੀ ਰਹੀ। ਅਜਿਹਾ ਹੀ ਉਸ ਨੇ ਅਨੁਸ਼ਕਾ ਸ਼ਰਮਾ ਲਈ ਵੀ ਕੀਤਾ, ਪਰ ਉਸ ਦੀ ਫ਼ਿਲਮ ਬਾਰੇ ‘ਚ ਇਹ ਅਭਿਨੇਤਰੀਆਂ ਕੁੱਝ ਨਹੀਂ ਬੋਲਦੀਆਂ। ਇਹ ਸਭ ਦਰਸਾਉਂਦਾਹੈ ਹੈ ਕਿ ਉਹ ਕਿੰਨੀਆਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਖ਼ੈਰ, ਕੰਗਨਾ ਦੀ ਫ਼ਿਲਮ ਮਣੀਕਰਣਿਕਾ: ਦਾ ਕੁਈਨ ਔਫ਼ ਝਾਂਸੀ ਪਰਦੇ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਕੰਗਨਾ ਦੀ ਅਗਲੀ ਰਿਲੀਜ਼ ਹੋਣ ਵਾਲੀ ਫ਼ਿਲਮ ਮੈਂਟਲ ਹੈ ਕਯਾ ਹੈ ਜੋ ਅਗਲੇ ਮਹੀਨੇ ਦੀ ਅਖ਼ੀਰ ਤਕ ਰਿਲੀਜ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਉਸ ਦੀ ਪੰਗਾ ਫ਼ਿਲਮ ਵੀ ਤਿਆਰ ਹੈ।












