ਰੋਮੈਂਸ ਨਹੀਂ ਕਰਨਾ ਚਾਹੁੰਦੇ ਐਸ਼ ਅਤੇ ਅਭਿਸ਼ੇਕ

ਬੌਲੀਵੁਡ ਸਟਾਰ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਆਦਰਸ਼ ਪਤੀ-ਪਤਨੀ ਮੰਨੇ ਜਾਂਦੇ ਹਨ। ਦੋਹਾਂ ਦਰਮਿਆਨ ਤਕਰਾਰ ਹੋਣ ਦੀ ਗੱਲ ਕਦੇ ਸਾਹਮਣੇ ਨਹੀਂ ਆਈ। ਅਸਲ ਜ਼ਿੰਦਗੀ ‘ਚ ਪਤੀ- ਪਤਨੀ ਦੀ ਇਹ ਜੋੜੀ ਫ਼ਿਲਮ ਗ਼ੁਲਾਬ ਜਾਮੁਨ ‘ਚ ਨਜ਼ਰ ਆਉਣ ਵਾਲੀ ਸੀ, ਪਰ ਹੁਣ ਇਹ ਫ਼ਿਲਮ ਠੰਡੇ ਬਸਤੇ ‘ਚ ਪਾ ਦਿੱਤੀ ਗਈ ਹੈ। ਇਸ ਲਈ ਹੁਣ ਐਸ਼ ਅਤੇ ਅਭਿਸ਼ੇਕ ਨੂੰ ਇਕੱਠਿਆਂ ਸਕ੍ਰੀਨ ‘ਤੇ ਲਿਆਉਣ ਲਈ ਨਵੀਂ ਫ਼ਿਲਮ ਦੀ ਤਲਾਸ਼ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਿਕ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਨੇ ਅਜਿਹੀ ਫ਼ਿਲਮ ਨਾ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਵਿੱਚ ਉਨ੍ਹਾਂ ਲਈ ਇੱਕ ਪ੍ਰੇਮੀ ਜੋੜੇ ਦਾ ਕਿਰਦਾਰ ਹੋਵੇ। ਅਸਲ ‘ਚ ਉਨ੍ਹਾਂ ਨੂੰ ਲਗਦਾ ਹੈ ਕਿ ਦਰਸ਼ਕਾਂ ਨੂੰ ਉਨ੍ਹਾਂ ਦਾ ਪਰਦੇ ‘ਤੇ ਰੋਮੈਂਸ ਕਰਨਾ ਪਸੰਦ ਨਹੀਂ ਆਵੇਗਾ। ਇਸ ਲਈ ਉਨ੍ਹਾਂ ਨੂੰ ਇੱਕ ਅਜਿਹੇ ਰਿਸ਼ਤੇ ਦੀ ਕਹਾਣੀ ‘ਤੇ ਆਧਾਰਿਤ ਫ਼ਿਲਮ ਚਾਹੀਦੀ ਹੈ ਜੋ ਇਸ਼ਕ-ਮੁਸ਼ਕ ਤੋਂ ਦੂਰ ਹੋਵੇ। ਅਭਿਸ਼ੇਕ ਅਤੇ ਐਸ਼ਵਰਿਆ ਪਤੀ-ਪਤਨੀ ਦੀ ਇਕੱਲੀ ਅਜਿਹੀ ਜੋੜੀ ਨਹੀਂ ਹੈ ਜੋ ਇਸ ਸਮੇਂ ਸਕ੍ਰੀਨ ‘ਤੇ ਨਜ਼ਰ ਨਾ ਆਉਣ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਵੈਸੇ, ਇਨ੍ਹਾਂ ਤੋਂ ਪਹਿਲਾਂ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਵੀ ਇਸ ਸੰਕਟ ਦਾ ਸਾਹਮਣਾ ਕਰ ਚੁੱਕੇ ਹਨ। 2007 ਵਿੱਚ ਅਭਿਸ਼ੇਕ ਅਤੇ ਐਸ਼ਵਰਿਆ ਨੇ ਵਿਆਹ ਕਰਵਾਇਆ ਸੀ। ਦੋਹਾਂ ਦੀ ਇੱਕ ਬੇਟੀ ਵੀ ਹੈ। ਖ਼ੈਰ, ਉਹ ਦੋਵੇਂ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਈ ਫ਼ਿਲਮ ਇਕੱਠਿਆਂ ਕਰ ਚੁੱਕੇ ਹਨ। ਦੋਹਾਂ ਨੇ ਰਾਵਣ, ਕੁਛ ਨਾ ਕਹੋ ਅਤੇ ਗੁਰੂ ਵਰਗੀਆਂ ਫ਼ਿਲਮਾਂ ਇਕੱਠਿਆਂ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਭਿਸ਼ੇਕ ਦੀ ਫ਼ਿਲਮ ਮਨਮਰਜ਼ੀਆਂ ਅਤੇ ਐਸ਼ਵਰਿਆ ਦੀ ਫ਼ੰਨੇ ਖ਼ਾਂ ਰਿਲੀਜ਼ ਹੋਈ ਸੀ। ਇਹ ਦੋਹੇਂ ਫ਼ਿਲਮਾਂ ਪਰਦੇ ‘ਤੇ ਬੁਰੀ ਤਰ੍ਹਾਂ ਫ਼ਲੌਪ ਹੋਈਆਂ। ਇਸ ਦਾ ਅਸਰ ਦੋਹਾਂ ਦੇ ਕਰੀਅਰ ‘ਤੇ ਬੇਹੱਦ ਮਾੜਾ ਪਿਆ ਹੈ।