ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ. ਏ.) ਨੇ ਮੰਗਲਵਾਰ ਨੂੰ ਅਮਰੀਕੀ ਨਾਗਰਿਕ ਮੈਥਿਊ ਏਰੋਨ ਵੈਨ ਡਾਇਕ ਸਮੇਤ 7 ਵਿਦੇਸ਼ੀ ਨਾਗਰਿਕਾਂ ਖਿਲਾਫ ਦੋਸ਼-ਪੱਤਰ ਦਾਇਰ ਕੀਤਾ। ਇਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ ’ਤੇ ਭਾਰਤ ’ਚ ਘੁਸਪੈਠ ਕਰਨ ਤੇ ਇੱਥੇ ਰਹਿਣ ਦੇ ਦੋਸ਼ ਹਨ। ਹਾਲਾਂਕਿ ਭਾਰਤ ’ਚ ਨਸਲੀ ਹਥਿਆਰਬੰਦ ਸਮੂਹਾਂ ਨਾਲ ਕਥਿਤ ਸਬੰਧਾਂ ਵਾਲੇ ਅੱਤਵਾਦੀ ਸਾਜ਼ਿਸ਼ ਮਾਮਲੇ ’ਚ ਗ੍ਰਿਫਤਾਰੀ ਤੋਂ ਬਾਅਦ ਵੀ ਏਜੰਸੀ ਨੇ ਉਨ੍ਹਾਂ ਖਿਲਾਫ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੀਆਂ ਧਾਰਾਵਾਂ ਨਹੀਂ ਲਗਾਈਆਂ ਹਨ।
ਐੱਨ.ਆਈ.ਏ. ਨੇ 13 ਮਾਰਚ ਨੂੰ ਡਾਇਕ ਅਤੇ 6 ਯੂਕ੍ਰੇਨੀ ਨਾਗਰਿਕਾਂ- ਕਾਮਿੰਸਕੀ ਵਿਕਟਰ, ਹਰਬਾ ਪੇਟਰੋ, ਸਲੀਵਿਆਕ ਤਾਰਾਸ, ਇਵਾਨ ਸੁਕਮਾਨੋਵਸਕੀ, ਸਟੇਫਨਕਿਵ ਮਾਰੀਅਨ ਅਤੇ ਹੋਂਚਾਰੁਕ ਮਕਸਿਮ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੇ ਕਥਿਤ ਤੌਰ ’ਤੇ ਮਿਆਂਮਾਰ ਤੋਂ ਮਿਜ਼ੋਰਮ ਸਰਹੱਦ ਦੇ ਰਸਤੇ ਭਾਰਤ ’ਚ ਘੁਸਪੈਠ ਕੀਤੀ ਸੀ। ਦੋਸ਼ ਹੈ ਕਿ ਇਹ ਸਮੂਹ ਭਾੜੇ ਦੇ ਲੜਾਕਿਆਂ ਵਜੋਂ ਕੰਮ ਕਰ ਰਿਹਾ ਸੀ। ਏਜੰਸੀ ਨੇ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਦੋਸ਼ੀਆਂ ਤੋਂ ਇਕ ਵੱਡੀ ਅੱਤਵਾਦੀ ਸਾਜ਼ਿਸ਼ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ’ਚ ਭਾਰਤ ਅਤੇ ਮਿਆਂਮਾਰ ’ਚ ਨਸਲੀ ਹਥਿਆਰਬੰਦ ਸਮੂਹਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਡਰੋਨ ਦੀ ਸਿਖਲਾਈ ਦੇਣਾ ਸ਼ਾਮਲ ਹੈ।















