ਸੰਗਰੂਰ ‘ਚ ਲੱਗੀ ਭਿਆਨਕ ਅੱਗ, 6 ਕਰੋੜ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ

ਸੰਗਰੂਰ : ਅਵਾਨੀ ਟੈਕਸਟਾਈਲਜ਼ ਲਿਮਟਿਡ, ਸੰਗਰੂਰ ਵਿਖੇ 6 ਜੂਨ ਨੂੰ ਰਾਤ ਲਗਭਗ 11:30 ਵਜੇ ਭਿਆਨਕ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਬੁਲਾਰੇ ਸਰਜੀਵਨ ਜਿੰਦਲ ਨੇ ਦੱਸਿਆ ਕਿ ਲੰਘੀ ਰਾਤ ਵਾਪਰੇ ਭਿਆਨਕ ਅਗਨੀ ਕਾਂਡ ਨਾਲ ਕੰਪਨੀ ਦੇ ਪ੍ਰੋਡਕਸ਼ਨ ਯੂਨਿਟ 2 ਅਤੇ ਪ੍ਰੋਡਕਸ਼ਨ ਯੂਨਿਟ 3 ਬੁਰੀ ਤਰ੍ਹਾਂ ਪ੍ਰਭਾਵਿਤ ਹੋਏ।
ਉਨ੍ਹਾਂ ਦੱਸਿਆ ਕਿ ਇਸ ਅੱਗ ਕਾਰਨ ਮਸ਼ੀਨਰੀ, ਬਿਜਲੀ ਪ੍ਰਣਾਲੀ, ਕੱਚੇ ਮਾਲ, ਇਮਾਰਤੀ ਢਾਂਚੇ ਅਤੇ ਛੱਤ ’ਤੇ ਲੱਗੇ ਸੋਲਰ ਪਲਾਂਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕੰਪਨੀ ਦੇ ਸਟਾਫ਼, ਅੰਦਰੂਨੀ ਫਾਇਰ ਸੇਫਟੀ ਵਿਭਾਗ ਅਤੇ ਫਾਇਰ ਬ੍ਰਿਗੇਡ ਸੰਗਰੂਰ ਤੋਂ 2 ਗੱਡੀਆਂ, 1 ਸੁਨਾਮ ਤੋਂ, 1 ਦਿੜ੍ਹਬਾ ਤੋਂ ਅਤੇ 1 ਧੂਰੀ ਤੋਂ ਵੱਲੋਂ ਦਿਖਾਈ ਗਈ ਤੁਰੰਤ ਮੁਸਤੈਦੀ ਸਦਕਾ ਅੱਗ ‘ਤੇ ਕਾਬੂ ਪਾਉਣ ਅਤੇ ਇਸ ਨੂੰ ਅੱਗੇ ਵਧਣ ਤੋਂ ਰੋਕਣ ਵਿਚ ਮਦਦ ਮਿਲੀ।
ਸਰਜੀਵਨ ਜਿੰਦਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ। ਨੁਕਸਾਨ ਦੇ ਕੁੱਲ ਮੁੱਲ ਦਾ ਮੁਲਾਂਕਣ ਅੱਗ ਪੂਰੀ ਤਰ੍ਹਾਂ ਬੁੱਝਣ ਅਤੇ ਧੂੰਆਂ ਸਾਫ਼ ਹੋਣ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਰ ਵੀ ਕੰਪਨੀ ਵਿਚ ਅੱਗ ਲੱਗਣ ਕਾਰਨ 6 ਕਰੋੜ ਦੇ ਕਰੀਬ ਨੁਕਸਾਨ ਹੋਇਆ ਹੈ।