ਸੋਸ਼ਲ ਮੀਡੀਆ ਸਾਡੀ ਫਿੱਟਨੈੱਸ ਖਾ ਰਿਹੈ : ਵਿਰਾਟ

ਨਵੀਂ ਦਿੱਲੀਂਫਿੱਟਨੈੱਸ ਲਈ ਜਨੂੰਨੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਨੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਘੁਸਪੈਠ ਕਰ ਲਈ ਹੈ ਕਿ ਉਹ ਸਾਡੀ ਫਿੱਟਨੈੱਸ ਨੂੰ ਖਾ ਰਿਹਾ ਹੈ।
ਵਿਰਾਟ ਨੇ ਸਪੋਰਟਸ ਵੀਅਰ ਬ੍ਰਾਂਡ ਪਿਊਮਾ ਨਾਲ ਕੀਤੇ ਗਏ ਇੱਕ ਰਾਸ਼ਟਰੀ ਪੱਧਰ ਦੇ ਸਰਵੇਖਣ ਵਿੱਚ ਇਹ ਗੱਲ ਕਹੀ। ਇਸ ਸਰਵੇਖਣ ‘ਚ ਇੱਕ ਚਿੰਤਾਜਨਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪਿਛਲੇ ਇੱਕ ਸਾਲ ਵਿੱਚ ਇੱਕ-ਤਿਹਾਈ ਭਾਰਤੀਆਂ ਨੇ ਇੱਕ ਵਾਰ ਵੀ ਸਰੀਰਕ ਸਰਗਰਮੀਆਂ ਨਹੀਂ ਕੀਤੀਆਂ। ਇਥੇ ਸਰੀਰਕ ਸਰਗਰਮੀਆਂ ਤੋਂ ਭਾਵ ਚੱਲਣਾ, ਦੌੜਨਾ, ਜੁੰਬਾ, ਯੋਗ, ਤੈਰਾਕੀ ਤੇ ਕ੍ਰਿਕਟ, ਫੁੱਟਬਾਲ, ਬੈਡਮਿੰਟਨ, ਟੇਬਲ ਟੈਨਿਸ, ਬਾਸਕਟਬਾਲ, ਵਾਲੀਬਾਲ, ਹਾਕੀ, ਸਕੁਐਸ਼ ਤੇ ਸਥਾਨਕ ਖੇਡਾਂ, ਜਿਵੇਂ ਕਬੱਡੀ ਤੇ ਖੋ-ਖੋ ਤੋਂ ਹੈ।
ਸਰਵੇਖਣ ਦੇ ਤੱਥਾਂ ‘ਤੇ ਵਿਰਾਟ ਨੇ ਵੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ, ”ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਪਿਛਲੇ ਇੱਕ ਸਾਲ ਵਿੱਚ ਦੇਸ਼ ਦੇ ਇੱਕ-ਤਿਹਾਈ ਲੋਕਾਂ ਨੇ ਕਿਸੇ ਤਰ੍ਹਾਂ ਦੀ ਕੋਈ ਸਰੀਰਕ ਸਰਗਰਮੀ ਨਹੀਂ ਕੀਤੀ। ਜਦੋਂ ਤੁਸੀਂ ਸਰੀਰਕ ਤੌਰ ‘ਤੇ ਫਿੱਟ ਹੁੰਦੇ ਹੋ ਤਾਂ ਤੁਹਾਡੇ ਅੰਦਰ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਉਤਸ਼ਾਹ ਹੁੰਦਾ ਹੈ। ਇਸ ਗੱਲ ਨੂੰ ਮੈਂ ਖੁਦ ਵੀ ਮਹਿਸੂਸ ਕੀਤਾ ਹੈ। ਇਸ ਲਈ ਮੈਂ ਸਰਗਰਮ ਜੀਵਨਸ਼ੈਲੀ ਜਿਊਣ ‘ਚ ਭਰੋਸਾ ਰੱਖਦਾ ਹਾਂ।”
ਤਕਨੀਕ ਤੇ ਸੋਸ਼ਲ ਮੀਡੀਆ ਦੇ ਵਧਦੇ ਇਸਤੇਮਾਲ ‘ਤੇ ਵਿਰਾਟ ਨੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ, ”ਤਕਨੀਕ ਤੇ ਸੋਸ਼ਲ ਮੀਡੀਆ ਨੂੰ ਸਾਡੀ ਜ਼ਿੰਦਗੀ ਵਿੱਚ ਸਿਹਤ ਤੇ ਫਿੱਟਨੈੱਸ ‘ਤੇ ਪਹਿਲ ਮਿਲ ਰਹੀ ਹੈ। ਇਸ ਗੱਲ ਨੂੰ ਬਦਲਣ ਦੀ ਲੋੜ ਹੈ। ਖੇਡਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ। ਜਦੋਂ ਵੀ ਤੇ ਕਿਤੇ ਵੀ ਮੌਕਾ ਮਿਲੇ, ਸਾਨੂੰ ਕੁਝ ਨਾ ਕੁਝ ਸਰੀਰਕ ਸਰਗਰਮੀਆਂ ਕਰਦੇ ਰਹਿਣਾ ਚਾਹੀਦਾ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਾਹਰ ਨਿਕਲਣ ਤੇ ਖੇਡਣ। ਇਸ ਨਾਲ ਤਣਾਅ ਘਟੇਗਾ ਤੇ ਫਿੱਟ ਰਹਿਣ ‘ਚ ਮਦਦ ਮਿਲੇਗੀ।”