ਸੋਨਮ ਲਈ ਸਫ਼ਲਤਾ ਹਾਲੇ ਦੂਰ

flimy-duniya1ਆਪਣੀਆਂ ਫ਼ਿਲਮਾਂ ਨਾਲੋਂ ਵਧੇਰੇ ਆਪਣੇ ਬਿਆਨਾਂ ਕਾਰਨ ਚਰਚਾ ਵਿੱਚ ਰਹਿਣ ਵਾਲੀ ਅਦਾਕਾਰਾ ਸੋਨਮ ਕਪੂਰ ਬੌਲੀਵੁੱਡ ਵਿੱਚ ਮੂਹਰਲੀ ਕਤਾਰ ਦੇ ਅਦਾਕਾਰਾਂ ਦੀ ਸੂਚੀ ਵਿੱਚ ਥਾਂ ਬਣਾਉਣ ਲਈ ਸੰਘਰਸ਼ ਕਰ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਅਦਾਕਾਰੀ ਨਾਲ ਕਮਾਲ ਨਾ ਦਿਖਾ ਸਕਣ ਦੇ ਬਾਵਜੂਦ ਉਸ ਨੇ ਫ਼ੈਸ਼ਨ ਦੀ ਦੁਨੀਆਂ ਵਿੱਚ ਧਮਾਲ ਪਾਈ ਹੋਈ ਹੈ। ਫ਼ਿਲਮ ਇੰਡਸਟਰੀ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਹੀ ਅੱਜ ਦੀਆਂ ਹੀਰੋਇਨਾਂ ਵਿੱਚੋਂ ਸਭ ਤੋਂ ਜ਼ਿਆਦਾ ਫ਼ੈਸ਼ਨ ਸੂਝ ਹੀ ਹੈ।
ਇੱਕ ਮੁਲਾਕਾਤ ਦੌਰਾਨ ਉਸ ਨੂੰ ਪੁੱਛਿਆ ਗਿਆ ਕਿ ਤੁਹਾਨੂੰ ‘ਰਾਂਝਣਾ’, ‘ਭਾਗ ਮਿਲਖਾ ਭਾਗ’ ਅਤੇ ‘ਨੀਰਜਾ’ ਵਰਗੀਆਂ ਫ਼ਿਲਮਾਂ ਤੋਂ ਬਾਅਦ ਤੁਹਾਡੇ ਕਰੀਅਰ ਵਿੱਚ ਸੁਧਾਰ ਆਇਆ ਜਾਪਦਾ ਹੈ? ਸੋਨਮ ਨੇ ਕਿਹਾ, ”ਸੱਚ ਆਖਾਂ ਤਾਂ ਇਸ ਫ਼ਿਲਮ ਇੰਡਸਟਰੀ ਵਿੱਚ ਸਫ਼ਲਤਾ ਹੀ ਸਭ ਕੁਝ ਹੈ। ਨਾਕਾਮ ਬੰਦੇ ਤੋਂ ਹਰ ਕੋਈ ਮੁੱਖ ਮੋੜ ਲੈਂਦਾ ਹੈ। ਜਿਉਂ-ਜਿਉਂ ਤੁਹਾਡੇ ਹਿੱਸੇ ਸਫ਼ਲਤਾ ਆਉਣ ਲੱਗਦੀ ਹੈ, ਚੀਜ਼ਾਂ ਬਦਲਣ ਲੱਗ ਪੈਂਦੀਆਂ ਹਨ। ਇੱਥੋਂ ਤਕ ਕਿ ਲੋਕਾਂ ਦਾ ਰਵੱਈਆ ਵੀ ਬਦਲ ਜਾਂਦਾ ਹੈ। ਸ਼ਾਇਦ ਦੁਨੀਆਂ ਇੰਜ ਹੀ ਚੱਲਦੀ ਹੈ, ਪਰ ਸੋਨਮ ਖ਼ੁਦ ਦੇ ਬਦਲਣ ਦੀ ਉਮੀਦ ਨਹੀਂ ਕਰਦੀ। ਉਸ ਨੂੰ ਲੱਗਦਾ  ਹੈ ਕਿ ਉਸ ਦੇ ਕਰੀਬੀ ਲੋਕ ਨਹੀਂ ਬਦਲੇ। ਕੁਝ ਅਜਿਹੇ ਨਿਰਦੇਸ਼ਕ ਵੀ ਹਨ ਜੋ ਬਿਲਕੁਲ ਨਹੀਂ ਬਦਲੇ। ਉਨ੍ਹਾਂ ਦਾ ਭਰੋਸਾ ਲਗਾਤਾਰ ਸੋਨਮ ‘ਤੇ ਬਣਿਆ ਹੋਇਆ ਹੈ। ਫ਼ਿਲਮ ‘ਨੀਰਜਾ’ ਵਿੱਚਲੀ ਉਸ ਦੀ ਭੂਮਿਕਾ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਹਵਾਈ ਜਹਾਜ਼ ਦੀ ਏਅਰ ਹੋਸਟੈੱਸ  ਦਾ ਕਿਰਦਾਰ ਅਦਾ ਕਰਨਾ ਇੱਕ ਤਰ੍ਹਾਂ ਦੀ ਭਾਵਨਾਤਮਿਕ ਯਾਤਰਾ ਸੀ ਜਿਸ ਵਿੱਚ ਜਹਾਜ਼ ਅਗਵਾ ਹੋਣ ਕਾਰਨ 350 ਯਾਤਰੀਆਂ ਨੂੰ ਬਚਾਉਣ ਵੇਲੇ ਨੀਰਜਾ ਦੀ ਮੌਤ ਹੋ ਜਾਂਦੀ ਹੈ। ਇਹ ਗੱਲ ਸੱਚ ਹੈ ਕਿ ਫ਼ਿਲਮ ‘ਰਾਂਝਣਾ’ ਬਾਰੇ ਵੀ ਉਸ ਨੂੰ ਲੋਕਾਂ ਦੀ ਚੰਗੀ ਪ੍ਰਤੀਕਿਰਿਆ ਮਿਲੀ। ਇਸ ਦੇ ਬਾਵਜੂਦ ਅਜੇ ਸਫ਼ਲਤਾ ਬਹੁਤ ਦੂਰ ਹੈ ਜਿਸ ਲਈ ਉਹ ਮਿਹਨਤ ਕਰ ਰਹੀ ਹੈ। ਉਹ ਦੁਆ ਕਰਦੀ ਹੈ ਕਿ ਸਰਵੋਤਮ ਅਦਾਕਾਰਾ ਦਾ ਖਿਤਾਬ ਉਹ ਜਲਦੀ ਹਾਸਲ ਕਰ ਲਵੇ।
ਉਸ ਨੂੰ ਸਰਵੋਤਮ ਅਦਾਕਾਰਾ ਦੇ ਰੂਪ ਵਿੱਚ ਦੇਖਣ ਲਈ ਦਰਸ਼ਕਾਂ ਨੂੰ ਕਿੰਨੀ ਕੁ ਉਡੀਕ ਕਰਨੀ ਪਵੇਗੀ ਇਸ ਦਾ ਤਾਂ ਸੋਨਮ ਨੂੰ ਨਹੀਂ ਪਤਾ, ਪਰ ਇੰਨਾ ਜ਼ਰੂਰ ਹੈ ਕਿ ਉਹ ਇੱਕ ਨਿਰਦੇਸ਼ਕ ਦੀ ਅਦਾਕਾਰ ਹੈ। ਚੰਗਾ ਜਾਂ ਮਾੜਾ ਸਭ ਕੁਝ ਨਿਰਦੇਸ਼ਕ ਦੇ ਹੱਥ ਵਿੱਚ ਹੁੰਦਾ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਕਿਹੜਾ ਨਿਰਦੇਸ਼ਕ ਉਸ ਨੂੰ ਬਿਹਤਰੀਨ ਕਿਰਦਾਰ ਦੀ ਪੇਸ਼ਕਸ਼ ਕਰਦਾ ਹੈ।
ਚੰਗੀਆਂ  ਫ਼ਿਲਮਾਂ ਦੇਣ ਤੋਂ ਬਾਅਦ ਬਤੌਰ ਅਦਾਕਾਰਾ ਉਸ ਨੂੰ ਗੰਭੀਰਤਾ ਨਾਲ ਲਏ ਜਾਣ ਬਾਰੇ ਉਸ ਦਾ ਕਹਿਣਾ ਹੈ ਕਿ ਨਿਰਦੇਸ਼ਕਾਂ ਦਾ ਤਾਂ ਪਤਾ ਨਹੀਂ। ਪਰ ਉਸ ਨੂੰ ਲੱਗਦਾ ਹੈ ਕਿ ‘ਰਾਂਝਣਾ’, ‘ਭਾਗ ਮਿਲਖਾ ਭਾਗ’, ‘ਨੀਰਜਾ’, ‘ਪ੍ਰੇਮ ਰਤਨ ਧਨ ਪਾਇਓ’ ਤੋਂ ਬਾਅਦ ਨਿਰਮਾਤਾ ਉਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸੋਨਮ ਨੇ ਕਿਹਾ ਕਿ ਬੌਲੀਵੁੱਡ ਦੀਆਂ ਬਹੁਤ ਸਾਰੀਆਂ ਨਾਇੱਕਾਵਾਂ ਵੱਧ ਉਮਰ ਦੇ ਅਦਾਕਾਰਾਂ ਨਾਲ ਕੰਮ ਕਰਦੀਆਂ ਹਨ। ਲੋਕਾਂ ਨੇ ‘ਪ੍ਰੇਮ ਰਤਨ ਧਨ ਪਾਇਓ’ ਵਿੱਚ ਸਲਮਾਨ ਖ਼ਾਨ ਨਾਲ ਉਸ ਦੀ ਜੋੜੀ ‘ਤੇ ਕਿਉਂ ਉਂਗਲ ਚੁੱਕੀ, ਇਹ ਗੱਲ ਉਸ ਦੀ ਸਮਝ ਤੋਂ ਬਾਹਰ ਹੈ। ਕਿਸੇ ਵੀ ਨਵੇਂ ਕਿਰਦਾਰ ਨੂੰ ਨਿਭਾਉਣ ਤੋਂ ਪਹਿਲਾਂ ਸੋਨਮ ਕਪੂਰ ਆਪਣੇ ਕਿਰਦਾਰ ਨੂੰ ਨਿਖਾਰਨ ਲਈ ਐਕਟਿੰਗ ਕੋਚ ਦੀ ਮਦਦ ਲੈਂਦੀ ਹੈ। ਉਸ ਦਾ ਮੰਨਣਾ ਹੈ ਕਿ ਹਰ ਪੇਸ਼ੇ ਨੂੰ ਨਿਖਾਰਨ ਲਈ ਲਗਾਤਾਰ ਪੜ੍ਹਨ, ਅਭਿਆਸ ਅਤੇ ਕੰਮ ਕਰਨ ਦੀ ਲੋੜ ਹੁੰਦੀ ਹੈ। ਸੋਨਮ ਕਪੂਰ ਹਾਲੇ ਸਿੰਗਲ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਹ ਪਹਿਲਾਂ ਖ਼ੁਦ ਨੂੰ ਦਰੁਸਤ ਕਰਨਾ ਚਾਹੁੰਦੀ ਹੈ। ਉਸ ਦਾ ਸਾਰਾ ਧਿਆਨ ਅਜੇ ਕਰੀਅਰ ਵੱਲ ਹੈ। ਜਦੋਂ ਵੀ ਉਹ ਕਿਸੇ ਨਾਲ ਰਿਸ਼ਤਾ ਜੋੜੇਗੀ ਤਾਂ ਉਹ ਪੱਕਾ ਹੋਵੇਗਾ। ਬੁਆਏ ਫ਼ਰੈਂਡ ਫ਼ਿਲਮ ਇੰਡਸਟਰੀ ਨਾਲ ਸਬੰਧਿਤ ਹੋਣ ਬਾਰੇ ਪੁੱਛਣ ‘ਤੇ ਉਸ ਨੇ ਕਿਹਾ ਕਿ ਉਸ ਦਾ ਬੁਆਏ ਫ਼ਰੈਂਡ ਫ਼ਿਲਮ ਇੰਡਸਟਰੀ ਵਿੱਚੋਂ ਨਹੀਂ ਹੋਵੇਗਾ ਕਿਉਂਕਿ ਉਹ ਘਰ ‘ਚ ਫ਼ਿਲਮਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ।
ਫ਼ਾਰਮੂਲਾ ਫ਼ਿਲਮਾਂ ਦਾ ਦੌਰ ਹੋਇਆ ਖ਼ਤਮ: ਸਵਰਾ ਭਾਸਕਰ
ਬਾਲੀਵੁੱਡ ਦੀ ਅਭਿਨੇਤਰੀ ਸਵਰਾ ਭਾਸਕਰ ਦਾ ਕਹਿਣਾ ਹੈ ਕਿ ਹੁਣ ਫ਼ਾਰਮੂਲਾ ਫ਼ਿਲਮਾਂ ਨੇ ਆਪਣੀ ਚਮਕ ਗਵਾ ਦਿੱਤੀ ਹੈ। ਇਹੀ ਨਹੀਂ ਸਗੋਂ ਬਾਲੀਵੁੱਡ ਦੇ ਅਭਿਨੇਤਾ ਸਲਮਾਨ ਖਾਨ ਨੂੰ ਵੀ ਬਾਕਸ-ਆਫ਼ਿਸ ‘ਤੇ ਚੰਗਾ ਪ੍ਰਦਰਸ਼ਨ ਕਰਨ ਲਈ ਚੰਗੀ ਕਹਾਣੀ ਦੀ ਜ਼ਰੂਰਤ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਨਾਲ ‘ਪ੍ਰੇਮ ਰਤਨ ਧਨ ਪਾਇਓ’ ‘ਚ ਕੰਮ ਕਰ ਚੁੱਕੀ ਸਵਰਾ ਨੇ ਕਿਹਾ , ” ਭਾਵੇਂ ‘ਬਜਰੰਗੀ ਭਾਈਜਾਨ’ ਹੋਵੇ ਜਾ ‘ਸੁਲਤਾਨ’ ਉਹ ਵੀ ਪਹਿਲਾਂ ਚੰਗੀਆਂ ਕਹਾਣੀਆਂ ਦੀ ਤਲਾਸ਼ ਕਰਦੇ ਹਨ। ਫ਼ਾਰਮੂਲਾ ਫ਼ਿਲਮਾਂ ਦਾ ਦੌਰ ਖਤਮ ਹੋ ਗਿਆ ਹੈ। ਕਿਸੇ ਵੀ ਫ਼ਿਲਮ ‘ਚ ਵੱਡੇ ਸਿਤਾਰੇ ਦੀ ਮੌਜੂਦਗੀ ਤੋਂ ਉਸ ਦੀ ਸਫ਼ਲਤਾ ਯਕੀਨੀ ਨਹੀਂ ਹੁੰਦੀ।” ਉਨ੍ਹਾਂ ਨੇ ਇੱਥੇ ਚੱਲ ਰਹੇ ਸਮਾਰੋਹ ਆਈ. ਐੱਲ. ਐੱਫ਼. ‘ਕੋਆਰਡਿਨੇਸ਼ਨ’ ‘ਚ ਬੋਲਦੇ ਹੋਏ ਕਿਹਾ, ”70 ਜਾ 80 ਦੇ ਦਹਾਕੇ ‘ਚ ਕਲਾ ਅਤੇ ਸਮਾਂਨਤਰ ਸਿਨੇਮਾ ਦੇ ਵਿੱਚਕਾਰ ਬਣਿਆ ਹੋਇਆ ਅੰਤਰ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ।” ਉਨ੍ਹਾਂ ਨੇ ਬਾਲੀਵੁੱਡ ‘ਚ ”ਲਿੰਗ ਸਮਾਨਤਾ’ ਦੇ ਬਾਰੇ ‘ਚ ਕਿਹਾ, ”ਜੇਕਰ ਤੁਸੀ ਮਿਹਨਤ ਦੇ ਬਾਰੇ ‘ਚ ਗੱਲ ਕਰ ਰਹੇ ਹੈ ਤਾਂ ਇਹ ਕਾਫ਼ੀ ਹੱਦ ਤੱਕ ਮੌਜੂਦ ਹੈ।” ਉਹ ‘ਰਾਂਝਨਾ’, ‘ਤਨੂੰ ਵੇਡਸ ਮਨੂੰ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਉਸ ਨੇ ਕਿਹਾ, ” ਜੇਕਰ ਮੈਂ ਤੁਹਾਨੂੰ ਕਹਾ ਕਿ ‘ਪ੍ਰੇਮ ਰਤਨ ਧਨ ਪਾਇਓ’ ‘ਚ ਮੇਰੇ ਜਿੰਨੇ ਹੀ ਦਿਨ ‘ਚ ਕੰਮ ਕਰਨ ਵਾਲੇ ਇੱਕ ਅਭਿਨੇਤਾ ਨੂੰ ਮੇਰੇ ਨਾਲੋ ਤਿੰਨ ਗੁਣਾ ਜ਼ਿਆਦਾ ਪੈਸੇ ਦਿੱਤੇ ਜਾਣ ਤਾਂ ਤੁਸੀ ਕੀ ਕਹੋਗੇ। ਮੈਂ ਇਸ ਤੋਂ ਹੈਰਾਨ ਸੀ ਅਤੇ ਹੁਣ ਵੀ ਹਾਂ।”