ਸੈਂਸਰਸ਼ਿਪ ‘ਚ ਭਰੋਸਾ ਨਹੀਂ: ਸੋਹਾ

flimy-duniya1 ‘ਦਿਲ ਮਾਂਗੇ ਮੋਰ’, ‘ਰੰਗ ਦੇ ਬਸੰਤੀ’, ‘ਮੁੰਬਈ ਮੇਰੀ ਜਾਨ’, ‘ਖੋਇਆ ਖੋਇਆ ਚਾਂਦ’, ‘ਘਾਇਲ ਰਿਟਰਨਜ਼’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਪਟੌਦੀ ਖਾਨਦਾਨ ਦੀ ਛੋਟੀ ਧੀ ਸੋਹਾ ਅਲੀ ਖ਼ਾਨ ਦਾ ਬੌਲੀਵੁੱਡ ਵਿੱਚ ਹੁਣ ਤਕ ਦਾ ਸਫ਼ਰ ਬਹੁਤੀ ਸਫ਼ਲਤਾ ਭਰਿਆ ਨਹੀਂ ਰਿਹਾ, ਪਰ ਉਸ ਨੇ ਕੁਝ ਬੇਜੋੜ ਭੂਮਿਕਾਵਾਂ ਜ਼ਰੂਰ ਨਿਭਾਈਆਂ ਹਨ। ਫ਼ਿਲਹਾਲ ਸੋਹਾ ਬੀਤੇ ਦਿਨੀਂ ਰਿਲੀਜ਼ ਹੋਈ ਆਪਣੀ ਫ਼ਿਲਮ ’31 ਅਕਤੂਬਰ’ ਕਾਰਨ ਚਰਚਾ ਵਿੱਚ ਹੈ। ਸੋਹਾ ਅਲੀ ਖ਼ਾਨ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ ਪੇਸ਼ ਹਨ:
* ਤੁਹਾਡੀ ਫ਼ਿਲਮ ’31 ਅਕਤੂਬਰ’ ਨੂੰ ਲੈ ਕੇ ਵਿਵਾਦ ਪੈਦਾ ਹੋਇਆ। ਕੀ ਫ਼ਿਲਮ ਨੂੰ ਇਸ ਤੋਂ ਫ਼ਾਇਦਾ ਹੋਣ ਦੀ ਆਸ ਸੀ?
– ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਵਿਵਾਦ ਸਾਡੇ ਵੱਲੋਂ ਪੈਦਾ ਕੀਤਾ ਗਿਆ ਜਿਸ ਨਾਲ ਅਸੀਂ ਫ਼ਿਲਮ ਨੂੰ ਫ਼ਾਇਦਾ ਪਹੁੰਚਾਉਣਾ ਚਾਹੁੰਦੇ ਸੀ? ਜੇ ਤੁਸੀਂ ਅਜਿਹਾ ਕੁਝ ਸੋਚਦੇ ਹੋ ਤਾਂ ਇਹ ਬੇਬੁਨਿਆਦ ਹੈ। ਦਰਅਸਲ, ਇਨ੍ਹਾਂ ਵਿਵਾਦਾਂ ਦੀ ਜੜ੍ਹ ਸੈਂਸਰ ਬੋਰਡ ਵਾਲਿਆਂ ਵਿੱਚ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਹੱਤਿਆ ਤੇ ਉਸ ਤੋਂ ਬਾਅਦ ਸ਼ੁਰੂ ਹੋਏ 1984 ਦੇ ਦੰਗਿਆਂ ਨਾਲ ਸਬੰਧਿਤ ਹੈ ਜਦੋਂਕਿ ਅਜਿਹਾ ਕੁਝ ਨਹੀਂ। ਇਸੇ ਕਰਕੇ ਫ਼ਿਲਮ ‘ਤੇ ਕੇਸ ਦਾਇਰ ਕਰ ਦਿੱਤਾ ਗਿਆ ਜਿਸ ਕਾਰਨ ਇਹ ਫ਼ਿਲਮ 7 ਅਕਤੂਬਰ ਨੂੰ ਰਿਲੀਜ਼ ਨਹੀਂ ਹੋ ਸਕੀ। ਜਿੱਥੋਂ ਤਕ ਮੇਰੀ ਗੱਲ ਹੈ ਤਾਂ ’31 ਅਕਤੂਬਰ’ ਮੇਰੇ ਕਰੀਅਰ ਲਈ ਮੀਲ ਪੱਥਰ ਹੈ। ਇਸ ਵਿੱਚ ਮੇਰੇ ਨਾਲ ਵੀਰ ਦਾਸ ਮੁੱਖ ਭੂਮਿਕਾ ਵਿੱਚ ਹਨ।
* ਸੈਂਸਰ ਬੋਰਡ ਦੇ ਇਤਰਾਜ਼ ਦੀ ਵਜ੍ਹਾ ਕੀ ਸੀ?
– ਸੈਂਸਰ ਬੋਰਡ ਨੂੰ ਕੀ ਇਤਰਾਜ਼ ਸੀ, ਇਸ ਬਾਰੇ ਤਾਂ ਕੁਝ ਨਹੀਂ ਪਤਾ। ਪਰ ਆਖਦੇ ਹਨ ਕਿ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਇੱਕ ਨੇੜਲੇ ਵਿਅਕਤੀ ਨੇ ਇਹ ਫ਼ਿਲਮ ਰਿਲੀਜ਼ ਹੋਣ ਦੇ ਰਾਹ ਵਿੱਚ ਰੋੜਾ ਅਟਕਾਇਆ। ਸੱਚ ਇਹ ਹੈ ਕਿ ਮੈਜਿਕ ਡਰੀਮਜ਼ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ, ਪੈਨੋਰਮਾ ਸਟੂਡੀਓ, ਆਨੰਦ ਪ੍ਰਕਾਸ਼ ਤੇ ਹੈਰੀ ਸਚਦੇਵਾ ਵੱਲੋਂ ਸਹਿ-ਨਿਰਮਿਤ ਤੇ ਸ਼ਿਵਾਜੀ ਲੋਟਨ ਪਾਟਿਲ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨਾਲ ਸਬੰਧਿਤ ਨਹੀਂ ਹੈ ਸਗੋਂ ਇਹ 1984 ਦੇ ਸਿੱਖ ਵਿਰੋਧੀ ਦੰਗਿਆਂ ਸਮੇਤ ਉਸ ਸਮੇਂ ਦੇ ਹਾਲਾਤ ‘ਤੇ ਆਧਾਰਿਤ ਹੈ। ਸੱਚ ਆਖਾਂ ਤਾਂ ਇਸ ਵਿਸ਼ੇ ‘ਤੇ ਕੰਮ ਸ਼ੁਰੂ ਕਰਨ ਤੋਂ ਬਾਅਦ ਹੀ ਪਤਾ ਚੱਲਿਆ ਕਿ ਇਹ ਇੱਕ ਮੁਸ਼ਕਿਲ ਸਫ਼ਰ ਸੀ, ਪਰ ਅਸੀਂ ਹਾਰ ਨਹੀਂ ਮੰਨੀ। ਸੈਂਸਰ ਦੀ ਧਮਕੀ ਦੇ ਬਾਵਜੂਦ ਅਸੀਂ ਮਜ਼ਬੂਤੀ ਨਾਲ ਇਹ ਫ਼ਿਲਮ ਵੱਡੇ ਪਰਦੇ ‘ਤੇ ਲਿਆਂਦੀ ਕਿਉਂਕਿ ਅਸੀਂ ਇਸ ਵਿਸ਼ੇ ਨੂੰ ਦਿਖਾਉਣਾ ਚਾਹੁੰਦੇ ਸਾਂ। ਸਾਨੂੰ ਦੁਨੀਆਂ ਨੂੰ 1984 ਦੀ ਅਸਲੀਅਤ ਦੱਸਣ ਤੋਂ ਕੋਈ ਰੋਕ ਨਹੀਂ ਸਕਿਆ।
* ਕੀ ਇਸ ਫ਼ਿਲਮ ਨੂੰ ਲੈ ਕੇ ਸੀਬੀਐਫ਼ਸੀ ਦਾ ਨਜ਼ਰੀਆ ਵੀ ਵਿਰੋਧਾਤਮਕ ਸੀ?
– ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ (ਸੀਬੀਐਫ਼ਸੀ) ਦਾ ਨਜ਼ਰੀਆ ਮਹਿਜ਼ ਵਿਰੋਧਾਤਮਕ ਹੀ ਨਹੀਂ ਸਗੋਂ ਉਹ ਤਾਂ ਦਰਸ਼ਕਾਂ ਨਾਲ ਬੱਚਿਆਂ ਵਰਗਾ ਵਿਵਹਾਰ ਕਰਦਾ ਹੈ। ਉਨ੍ਹਾਂ ਨੂੰ ਅਜਿਹਾ ਵਿਵਹਾਰ ਕਰਨਾ ਬੰਦ ਕਰਨਾ ਚਾਹੀਦਾ ਹੈ। ਅਸੀਂ ਮੰਨਦੇ ਹਾਂ ਕਿ ਫ਼ਿਲਮ ਦਾ ਵਿਸ਼ਾ ਸੰਵੇਦਨਸ਼ੀਲ ਹੈ, ਪਰ ਇਸ ਵਿਸ਼ੇ ‘ਤੇ ਪਹਿਲਾਂ ਵੀ ਕਈ ਫ਼ਿਲਮਾਂ ਬਣੀਆਂ ਹਨ। ਫ਼ਿਰ ’31 ਅਕਤੂਬਰ’ ਨੂੰ ਲੈ ਕੇ ਸੀਬੀਐਫ਼ਸੀ ਦਾ ਰਵੱਈਆ ਅਜਿਹਾ ਕਿਉਂ ਸੀ, ਇਹ ਕਹਿਣਾ ਮੁਸ਼ਕਿਲ ਹੈ।
* ਮਤਲਬ, ਸੀਬੀਐਫ਼ਸੀ ਦਾ ਇਹ ਰਵੱਈਆ ਨਿਰਾਸ਼ਾਜਨਕ ਸੀ?
– ਇਹ ਨਿਸ਼ਚਿਤ ਤੌਰ ‘ਤੇ ਨਿਰਾਸ਼ਾਜਨਕ ਸੀ ਕਿਉਂਕਿ ਅਸੀਂ (ਕਲਾਕਾਰ) ਸੈਂਸਰਸ਼ਿਪ ਵਿੱਚ ਨਹੀਂ, ਪ੍ਰਮਾਣਨ ‘ਚ ਵਿਸ਼ਵਾਸ ਰੱਖਦੇ ਹਾਂ। ਮੈਨੂੰ ਲੱਗਦਾ ਹੈ ਕਿ ਕਦੇ-ਕਦੇ ਉਹ ਬਹੁਤ ਜ਼ਿਆਦਾ (ਦ੍ਰਿਸ਼ਾਂ ਵਿੱਚ) ਕੱਟ ਲਾ ਦਿੰਦੇ ਹਨ। ਬੋਰਡ ਦਰਸ਼ਕਾਂ ਨਾਲ ਬੱਚਿਆਂ ਵਰਗਾ ਸਲੂਕ ਕਰਨ ਲੱਗ ਪਿਆ ਹੈ ਜੋ ਬੇਹੱਦ ਨਿਰਾਸ਼ਾਜਨਕ ਹੈ। ਸਾਡਾ ਮੰਨਣਾ ਹੈ ਕਿ ਰਚਨਾਤਮਕ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ।
* ਕਿਹਾ ਜਾਂਦਾ ਹੈ ਕਿ ਤੁਹਾਨੂੰ ਰਿਐਲਟੀ ਸੋਅਜ਼ ਕਾਫ਼ੀ ਪਸੰਦ ਹਨ?
– ਹਾਂ। ਇਹ ਸੱਚ ਹੈ ਕਿ ਮੈਨੂੰ ‘ਬਿੱਗ ਬੌਸ’, ‘ਸਪਲਿਟਸਵਿਲਾ’, ‘ਇੰਡੀਆਜ਼ ਟਾਪ ਮਾਡਲ’ ਅਤੇ ‘ਰੋਡੀਜ਼’ ਵਰਗੇ ਰਿਐਲਟੀ ਸ਼ੋਅ ਦੇਖਣਾ ਪਸੰਦ ਹੈ। ਵਜ੍ਹਾ ਇਹ ਹੈ ਕਿ ਅਜਿਹੇ ਸ਼ੋਅ ਪਟਕਥਾ ‘ਤੇ ਨਹੀਂ ਚੱਲਦੇ, ਮਤਲਬ ਇਹ ਸਕ੍ਰਿਪਟਡ ਨਹੀਂ ਹੁੰਦੇ। ਇਨ੍ਹਾਂ ਤੋਂ ਇਲਾਵਾ ਮੈਂ ਅਮਰੀਕੀ ਤੇ ਬਰਤਾਨਵੀ ਸ਼ੋਅ ਦੇਖਣਾ ਵੀ ਪਸੰਦ ਕਰਦੀ ਹਾਂ। ਇਹੀ ਵਜ੍ਹਾ ਹੈ ਕਿ ਬਹੁਤ ਜਲਦ ‘ਗਰੇਟ ਇੰਡੀਅਨਜ਼ ਹੋਮ ਮੇਕਓਵਰ’ ਵਰਗੇ ਰਿਐਲਟੀ ਸ਼ੋਅ ਦੀ ਮੇਜ਼ਬਾਨੀ ਕਰਦੀ ਨਜ਼ਰ ਆਵਾਂਗੀ ਜੋ ਘਰਾਂ ਵਿੱਚ ਲਿਵਿੰਗ ਸਪੇਸ ਨੂੰ ਫ਼ਿਰ ਤੋਂ ਤਿਆਰ ਕਰਨ ਵਿੱਚ ਮਦਦ ਕਰੇਗਾ। ਮੈਂ ਮਹਿਸੂਸ ਕਰਦੀ ਹਾਂ ਕਿ ਇਸ ਸ਼ੋਅ ਦੀ ਧਾਰਨਾ ਬਿਲਕੁਲ ਵੱਖ ਹੈ ਅਤੇ ਇਹ ਆਪਣੀ ਹੀ ਤਰ੍ਹਾਂ ਦਾ ਸ਼ੋਅ ਹੈ। ਇਸ ਸ਼ੋਅ ਦੀ ਟੀਮ ਵੀ ਚੰਗੀ ਹੈ। ਇਸ ਲਈ ਇਹ ਕੰਮ ਕਰਨ ਦਾ ਸ਼ਾਨਦਾਰ ਤਜਰਬਾ ਹੈ। ਇਸ ਸ਼ੋਅ ਵਿੱਚ ਇੱਕ ਛੜੇ,  ਨਵ-ਵਿਆਹੁਤਾ ਜੋੜੇ ਅਤੇ ਪੁਰਾਣੇ ਸਾਂਝੇ ਪਰਿਵਾਰ ਸਮੇਤ ਅੱਠ ਪਰਿਵਾਰਾਂ ਦੀਆਂ ਕਹਾਣੀਆਂ ਹੋਣਗੀਆਂ।
* ਤੁਸੀਂ ਲੰਬਾ ਸਮਾਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਗੁਜ਼ਾਰਿਆ ਹੈ। ਕੀ ਤੁਸੀਂ ਅਜਿਹੇ ਰਿਲੇਸ਼ਨਸ਼ਿਪ ਵਿੱਚ ਬੰਨ੍ਹਣ ਦੀ ਧਾਰਨਾ ਦੀ ਹਮਾਇਤ ਕਰਦੇ ਹੋ?
– ਨਹੀਂ, ਬੇਸ਼ੱਕ ਸਾਡੇ ਸਬੰਧਾਂ ਦਾ ਆਧਾਰ ਲਿਵ-ਇਨ ਰਿਲੇਸ਼ਨਸ਼ਿਪ ਰਿਹਾ ਹੋਵੇ, ਪਰ ਇਸ ਦੇ ਬਾਵਜੂਦ ਅਸੀਂ ਇਸ ਗੱਲ ਨੂੰ ਲੈ ਕੇ ਆਸਵੰਦ ਨਹੀਂ ਕਿ ਇਹ ਦੂਜਿਆਂ ਵਾਸਤੇ ਸਫ਼ਲ ਰਹੇਗਾ। ਇਸ ਵਾਸਤੇ ਮੇਰਾ ਮੰਨਣਾ ਹੈ ਕਿ ਲੋਕਾਂ ਨੂੰ ਦੁਜਿਆਂ ਦੀ ਨਕਲ ਕਰਨ ਦੀ ਬਜਾਏ ਰਿਸ਼ਤੇ ‘ਚ ਬੱਝਣ ਲਈ ਆਪਣਾ ਵੱਖ ਤਰੀਕਾ ਲੱਭਣਾ ਚਾਹੀਦਾ ਹੈ। ਤੁਸੀਂ ਕਹਿ ਸਕਦੇ ਹੋ ਕਿ ਅਸੀਂ ਲੋਕਾਂ ਲਈ ਲਿਵ-ਇਨ ਰਿਲੇਸ਼ਨਸ਼ਿਪ ਦੀ ਹਮਾਇਤ ਨਹੀਂ ਕਰਦੇ, ਪਰ ਇੰਨਾ ਜ਼ਰੂਰ ਆਖਾਂਗੀ ਕਿ ਸਾਡੇ ਵਾਸਤੇ ਇਹ ਵਿਆਹ ਕਰਨ ਤੋਂ ਪਹਿਲਾਂ ਬੇਹੱਦ ਸ਼ਾਨਦਾਰ ਰਿਹਾ। ਇੱਕੱਠੇ ਰਹਿਣ ਦੇ ਇਸ ਸਮੇਂ ਦੌਰਾਨ ਸਾਨੂੰ ਇੱਕ-ਦੂਜੇ ਨੂੰ ਬਿਹਤਰ ਤਰੀਕੇ ਨਾਲ ਜਾਣਨ ਤੇ ਸਮਝਣ ਵਿੱਚ ਮਦਦ ਮਿਲੀ, ਪਰ ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਆਪਣਾ ਵੱਖ ਰਸਤਾ ਤਿਆਰ ਕਰਨਾ ਚਾਹੀਦਾ ਹੈ।
* ਕਦੇ ਦਿਲ ਵਿੱਚ ਸਿਆਸਤ ‘ਚ ਸ਼ਾਮਲ ਹੋਣ ਦਾ ਖ਼ਿਆਲ ਨਹੀਂ ਆਉਂਦਾ?
– ਨਹੀਂ, ਸਿਆਸਤ ‘ਚ ਸ਼ਾਮਲ ਹੋਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਸਿਆਸਤਦਾਨਾਂ ਨੂੰ ਕਾਫ਼ੀ ਤਿਆਗ ਕਰਨੇ ਪੈਂਦੇ ਹਨ। ਮੈਂ ਹਰ ਸਥਿਤੀ ਨੂੰ ਦੇਖਿਆ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਸਿਆਸਤ ‘ਚ ਸ਼ਾਮਲ ਹੋਣਾ ਚਾਹੁੰਦੀ ਹਾਂ। ਤੁਹਾਨੂੰ ਰਾਜਨੀਤੀ ‘ਚ ਬਹੁਤ ਤਿਆਗ ਕਰਨਾ ਪੈਂਦਾ ਹੈ ਜਦੋਂਕਿ ਇੱਕ ਕਲਾਕਾਰ ਦੀ ਜ਼ਿੰਦਗੀ ਇਸ ਤੋਂ ਉਲਟ ਹੁੰਦੀ ਹੈ। ਸਿਆਸਤਦਾਨ ਦੇ ਰੂਪ ਵਿੱਚ ਜਨਤਾ ਦਾ ਸੇਵਕ ਬਣਨਾ ਪੈਂਦਾ ਹੈ। ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪੈਂਦਾ ਹੈ। ਇਸ ਵਾਸਤੇ ਫ਼ਿਲਹਾਲ ਮੈਂ ਤਿਆਰ ਨਹੀਂ ਹਾਂ। ਹਾਂ, ਬਤੌਰ ਜਾਗਰੂਕ ਨਾਗਰਿਕ, ਮੈਂ ਆਪਣੇ ਦੇਸ਼ ਦੇ ਭਵਿੱਖ ਦੇ ਬਾਰੇ ਜ਼ਰੂਰ ਸੋਚਦੀ ਹਾਂ।
* ਅਦਾਕਾਰੀ ਤੋਂ ਬਾਅਦ ਪ੍ਰੋਡਕਸ਼ਨ ਵਿੱਚ ਆਉਣ ਪਿੱਛੇ ਕੀ ਸੋਚ ਹੈ?
– ਬਸ ਕੁਝ ਖ਼ਾਸ ਕਰਨ ਦੀ ਇੱਛਾ। ਇਸੇ ਇੱਛਾ ਤਹਿਤ ਹੁਣ ਫ਼ਿਲਮਾਂ ਦਾ ਨਿਰਮਾਣ ਕਰਨਾ ਚਾਹੁੰਦੀ ਹਾਂ। ਮੈਂ ਆਪਣੇ ਪਤੀ ਕੁਨਾਲ ਖੇਮੂ ਨਾਲ ਮਿਲ ਕੇ ਇਹ ਪ੍ਰੋਡਕਸ਼ਨ ਹਾਊਸ ਚਲਾਵਾਂਗੀ। ਅਸੀਂ ਆਪਣੀ ਨਿਰਮਾਣ ਕੰਪਨੀ ਖੋਲ੍ਹਾਂਗੇ। ਇਸ ਦਾ ਨਾਮ ਰਿਨੀਗੇਟ ਫ਼ਿਲਮਜ਼ ਹੋਵੇਗਾ। ਅਸੀਂ ਫ਼ਿਲਮਾਂ ਦਾ ਸਹਿ-ਨਿਰਮਾਣ ਕਰਾਂਗੇ। ਅਸੀਂ ਦੂਜਿਆਂ ਨਾਲ ਮਿਲ ਕੇ ਫ਼ਿਲਮਾਂ ਦਾ ਨਿਰਮਾਣ ਕਰਾਂਗੇ ਕਿਉਂਕਿ ਸਾਡੇ ਕੋਲ ਸ਼ਾਨਦਾਰ ਵਿੱਚਾਰ ਹਨ ਅਤੇ ਸਾਨੂੰ ਅਜਿਹੇ ਲੋਕ ਪਸੰਦ ਹਨ ਜੋ ਸਾਡੇ ਰਚਨਾਤਮਕ ਵਿੱਚਾਰਾਂ ਨੂੰ ਸਮਰਥਨ ਦੇਣ। ਉਂਜ, ਸਾਡੀ ਪਹਿਲੀ ਫ਼ਿਲਮ ਕਿਸੇ ਮਸ਼ਹੂਰ ਸ਼ਖ਼ਸੀਅਤ ਦੀ ਜ਼ਿੰਦਗੀ ‘ਤੇ ਆਧਾਰਿਤ ਹੋਵੇਗੀ, ਪਰ ਇਹ ਅਦਾਕਾਰੀ ਜਾਂ ਖੇਡ ਜਗਤ ਦੀ ਕੋਈ ਸ਼ਖ਼ਸੀਅਤ ਨਹੀਂ ਹੈ। ਇਹ ਵੀ ਦੱਸ ਦੇਵਾਂ ਕਿ ਮੈਂ ਇਸ ਫ਼ਿਲਮ ‘ਚ ਅਦਾਕਾਰੀ ਨਹੀਂ ਕਰਾਂਗੀ ਅਤੇ ਉਸ ਦੇ ਨਿਰਦੇਸ਼ਕ ਤੇ ਕਲਾਕਾਰਾਂ ਦੀ ਚੋਣ ਵੀ ਅਜੇ ਨਹੀਂ ਹੋਈ ਹੈ।