ਨਵੀਂ ਦਿੱਲੀਂ ਦੋ ਵਾਰ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਰੀਓ ਓਲੰਪਿਕ ਦੀ ਤਮਗੇ ਦੀ ਉਮੀਦ ਨਰਸਿੰਘ ਯਾਦਵ ਦੇ ਡੋਪਿੰਗ ‘ਚ ਫ਼ਸਣ ਦੀ ਪੂਰੀ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਰੀਓ ਲਈ 74 ਕਿਲੋਗ੍ਰਾਮ ਫ਼ਰੀ ਸਟਾਈਲ ਵਰਗ ਲਈ ਸੁਸ਼ੀਲ ਦੀ ਜਗ੍ਹਾ ਚੁਣੇ ਗਏ ਨਰਸਿੰਘ ਦਾ ਨਾਂ ਡੋਪਿੰਗ ‘ਚ ਆਉਣ ਨਾਲ ਉਸ ਨੂੰ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ ਹੈ। ਸੁਸ਼ੀਲ ਨੇ ਇਸ ਘਟਨਾ ਨੂੰ ਲੈ ਕੇ ਇਕ ਵੀਡੀਓ ਸੰਦੇਸ਼ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ, ‘ਕੁਸ਼ਤੀ ‘ਚ ਜੋ ਹੋ ਰਿਹਾ ਹੈ ਉਹ ਮੰਦਭਾਗਾ ਹੈ। ਮੈਂ ਆਪਣੀ ਜ਼ਿੰਦਗੀ ਕੁਸ਼ਤੀ ਨੂੰ ਦੇ ਦਿੱਤੀ ਹੈ ਅਤੇ ਹਮੇਸ਼ਾ ਆਪਣੇ ਸਾਥੀ ਪਹਿਲਵਾਨਾਂ ਦਾ ਸਾਥ ਦੇਵਾਂਗਾ।’
ਸੁਸ਼ੀਲ ਨੇ ਨਰਸਿੰਘ ਦਾ ਨਾਂ ਲਏ ਬਿਨਾਂ ਕਿਹਾ, ‘ਮੈਂ ਹਮੇਸ਼ਾ ਤੋਂ ਦੇਸ਼ ਲਈ ਤੀਜਾ ਤਮਗਾ ਲਿਆਉਣਾ ਚਾਹੁੰਦਾ ਸੀ ਪਰ ਮੈਂ ਪਿਛਲੇ ਇਕ ਮਹੀਨੇ ਤੋਂ ਆਪਣੇ ਆਪ ਨੂੰ ਓਲੰਪਿਕ ਦੀਆਂ ਤਿਆਰੀਆਂ ਤੋਂ ਵੱਖ ਕਰ ਲਿਆ ਸੀ। ਮੈਂ ਤਾਂ ਹੁਣ ਆਪਣੇ ਸਾਥੀ ਪਹਿਲਵਾਨਾਂ ਦਾ ਸਮਰਥਨ ਕਰ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਦੇਸ਼ ਲਈ ਤਮਗਾ ਲਿਆਉਣਗੇ।’ ਨਰਸਿੰਘ ਨੂੰ ਪਾਬੰਧਿਤ ਦਵਾਈ ਮੇਥਾਨਡਿਏਨੋਨ ਦੇ ਸੇਵਨ ਲਈ ਦੋਸ਼ੀ ਪਾਇਆ ਗਿਆ। ਰਾਸ਼ਟਰੀ ਡੋਪਿੰਗ ਰੋਕੂ ਕਮੇਟੀ ਨਾਡਾ ਨੇ ਨਰਸਿੰਘ ਨੂੰ ਅਸਥਾਈ ਰੂਪ ‘ਚ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਦੇ ਫ਼ਿਲਹਾਲ ਰੀਓ ਜਾਣ ਦੀ ਕੋਈ ਉਮੀਦ ਨਹੀਂ ਹੈ। ਇਸ ਦੌਰਾਨ ਨਰਸਿੰਘ ਨੇ ਇਸ ਪੂਰੇ ਮਾਮਲੇ ਨੂੰ ਵਿਰੋਧੀਆਂ ਦੀ ਸਾਜ਼ਿਸ਼ ਦੱਸਿਆ।












