ਸੁਪਰੀਮ ਕੋਰਟ ਨੇ ਸੱਜਣ ਕੁਮਾਰ ਕੋਲੋਂ ਪੇਸ਼ਗੀ ਜ਼ਮਾਨਤ ਵਿਰੁੱਧ ਰਿੱਟ ‘ਤੇ ਮੰਗਿਆ ਜਵਾਬ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਮੁਲਜ਼ਮ ਕਾਂਗਰਸੀ ਆਗੂ ਸੱਜਣ ਕੁਮਾਰ ਕੋਲੋਂ ਉਸ ਦੀ ਪੇਸ਼ਗੀ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਐੱਸ. ਆਈ. ਟੀ. ਦੀ ਇਕ ਰਿੱਟ ‘ਤੇ ਜਵਾਬ ਮੰਗਿਆ ਹੈ।
ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਦੀ ਮਨਜ਼ੂਰੀ ਮਿਲੀ ਸੀ, ਜਿਸ ਨੂੰ ਚੁਣੌਤੀ ਦਿੰਦੇ ਹੋਏ ਐੱਸ. ਆਈ. ਟੀ. ਨੇ ਸੁਪਰੀਮ ਕੋਰਟ ‘ਚ ਰਿੱਟ ਦਾਇਰ ਕੀਤੀ। ਜਸਟਿਸ ਏ. ਕੇ. ਸਿਕਰੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਕਿਹਾ ਕਿ ਸੁਣਵਾਈ ਜਲਦੀ ਤੋਂ ਜਲਦੀ ਪੂਰੀ ਕਰਨ ਦਾ ਸਮਾਂ ਆ ਗਿਆ ਹੈ।
ਬੈਂਚ ਨੇ ਕਿਹਾ ਕਿ ਇਹ ਕੋਈ 30 ਸਾਲ ਤੋਂ ਵੀ ਵੱਧ ਪੁਰਾਣਾ ਮਾਮਲਾ ਹੈ ਅਤੇ ਪੇਸ਼ਗੀ ਜ਼ਮਾਨਤ ਦੇਣ ਲਈ ਮਨਜ਼ੂਰੀ ਦੇਣ ਲਈ ਹਾਈ ਕੋਰਟ ਨੇ ਲਗਭਗ 200 ਪੰਨਿਆਂ ਦੀ ਵਰਤੋਂ ਕੀਤੀ ਜਦਕਿ ਇਹ ਕੰਮ ਸਿਰਫ 40-50 ਪੰਨਿਆਂ ਵਿਚ ਕੀਤਾ ਜਾ ਸਕਦਾ ਸੀ। ਐੱਸ. ਆਈ. ਟੀ. ਵਲੋਂ ਪੇਸ਼ ਹੋਏ ਐਡੀਸ਼ਨਲ ਸੋਲਿਸਟਰ ਜਨਰਲ (ਏ. ਐੱਸ. ਜੀ. ) ਨੇ ਕਿਹਾ ਕਿ ਸਿਰਫ 2016 ‘ਚ ਕੁਮਾਰ ਵਿਰੁੱਧ ਜਾਂਚ ਸ਼ੁਰੂ ਹੋਈ ਅਤੇ ਹੁਣ ਉਸ ਕੋਲ ਵਕੀਲਾਂ ਦੀ ਫੌਜ ਹੈ, ਜੋ ਮਾਮਲੇ ਦੇ ਜਾਂਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਬਿਆਨ ਦੱਸਦੇ ਹਨ। ਏ. ਐੱਸ. ਜੀ. ਨੇ ਦੱਸਿਆ ਕਿ ਉਸ ਨੂੰ ਪੇਸ਼ਗੀ ਜ਼ਮਾਨਤ ਦੀ ਮਨਜ਼ੂਰੀ ਦਿੰਦਿਆਂ ਹਾਈ ਕੋਰਟ ਨੇ ਕਿਹਾ ਸੀ ਕਿ ਮਾਮਲੇ ਦੀ ਸੁਣਵਾਈ ‘ਚ ਸਾਰੀਆਂ ਗੱਲਾਂ ‘ਤੇ ਗੌਰ ਕੀਤਾ ਜਾਵੇਗਾ ਪਰ ਆਖਿਰ ‘ਚ ਸਬੂਤਾਂ ਦੀ ਘਾਟ ਦੀ ਗੱਲ ਕਹਿ ਕੇ ਉਸ ਨੂੰ ਰਾਹਤ ਦੇ ਦਿੱਤੀ ਗਈ।