ਸੁਪਨੇ ਦੀ ਮੌਤ

kahaniya-300x150ਬਨਾਰਸ ਰੇਲਵੇ ਸਟੇਸ਼ਨ ਤੋਂ ਗੱਡੀ ਤੁਰੀ ਤਾਂ ਸ਼ਿਵਾਨੀ ਨੇ ਹਸਰਤ ਭਰੀ ਨਜ਼ਰ ਨਾਲ ਸ਼ਹਿਰ ਵੱਲ ਤੱਕਿਆ ਅਤੇ ਇੱਕ ਡੂੰਘਾ, ਪਰ ਉਲਝਿਆ ਹੋਇਆ ਸਾਹ ਲਿਆ। ਬਨਾਰਸ ਨਾਲ ਉਸ ਦਾ ਚਾਲ੍ਹੀ ਵਰ੍ਹਿਆਂ ਦਾ ਰਿਸ਼ਤਾ ਸੀ। ਚਾਲ੍ਹੀ ਵਰ੍ਹੇ ਪਹਿਲਾਂ ਉਹ ਸ਼ਾਮ ਲਾਲ ਦੀ ਪਤਨੀ ਬਣ ਕੇ ਇੱਥੇ ਆਈ ਸੀ। ਉਦੋਂ ਉਸ ਦਾ ਸਹੁਰਾ ਘਰ ਹਰਿਆ-ਭਰਿਆ ਪਰਿਵਾਰ ਸੀ। ਸੱਸ ਸਹੁਰਾ, ਜੇਠ ਜਠਾਣੀ ਅਤੇ ਦਿਓਰ ਦਰਾਣੀ ਸਨ। ਪਤੀ ਸਰਕਾਰੀ ਨੌਕਰ ਸੀ। ਗੁਜ਼ਾਰੇ ਲਾਇਕ ਤਨਖ਼ਾਹ ਲੈ ਆਉਂਦਾ ਸੀ। ਉਹ ਸ਼ਾਮ ਲਾਲ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਉਸ ਨੇ ਨਾ ਸ਼ਾਮ ਲਾਲ ਨੂੰ ਵੇਖਿਆ ਸੀ, ਨਾ ਜਾਣਿਆ ਸੀ। ਪਰ ਕਿਸੇ ਅਜਨਬੀ ਅਣਜਾਣ ਆਦਮੀ ਦੇ ਲੜ ਲੱਗ ਕੇ ਜ਼ਿੰਦਗੀ ਬਿਤਾਉਣੀ ਉਸ ਦੇ ਸਮੇਂ ਦੀ ਅਜਿਹੀ ਸਚਾਈ ਸੀ ਜੋ ਹਰ ਲੜਕੀ ਨੂੰ ਝੱਲਣੀ ਪੈਂਦੀ ਸੀ। ਉਸ ਦਾ ਦਿਲ ਨਹੀਂ ਮੰਨ ਰਿਹਾ ਸੀ। ਹੋਰਨਾਂ ਕੁੜੀਆਂ ਵਾਂਗ ਸ਼ਾਇਦ ਉਹ ਵੀ ਮਾਪਿਆਂ ਦੀ ਪਸੰਦ ਨੂੰ ਆਪਣੀ ਪਸੰਦ ਬਣਾ ਕੇ ਖ਼ੁਸ਼ੀ-ਖ਼ੁਸ਼ੀ ਸ਼ਾਮ ਲਾਲ ਨਾਲ ਫ਼ੇਰੇ ਲੈ ਲੈਂਦੀ; ਜੇ ਉਸ ਨੇ ਪੰਕਜ ਨੂੰ ਪਿਆਰ ਨਾ ਕੀਤਾ ਹੁੰਦਾ। ਪੰਕਜ ਕਾਲਜ ਵਿੱਚ ਉਸ ਦੇ ਨਾਲ ਪੜ੍ਹਦਾ ਸੀ। ਚੋਰੀ-ਛਿਪੇ ਮਿਲ-ਮਿਲ ਕੇ ਉਹ ਦੋਵੇਂ ਇੱਕ-ਦੂਜੇ ਦੇ ਬਹੁਤ ਨੇੜੇ ਆ ਗਏ ਸਨ ਅਤੇ ਉਨ੍ਹਾਂ ਨੇ ਇਕੱਠੇ ਜ਼ਿੰਦਗੀ ਬਿਤਾਉਣ ਦਾ ਮਨ ਬਣਾ ਲਿਆ ਸੀ। ਘਰ ਵਿੱਚ ਜਦੋਂ ਉਸ ਦੇ ਵਿਆਹ ਦੀ ਗੱਲ ਤੁਰੀ ਤਾਂ ਉਸ ਨੇ ਬੜੀ ਕੋਸ਼ਿਸ਼ ਕੀਤੀ ਕਿ ਮਾਂ ਜਾਂ ਬਾਊ ਜੀ ਸਾਹਮਣੇ ਜਾ ਕੇ ਆਪਣਾ ਢਿੱਡ ਫ਼ਰੋਲ ਦੇਵੇ, ਪਰ ਜੇਰਾ ਨਾ ਕਰ ਸਕੀ। ਪਿਤਾ ਨੇ ਆਪਣੇ ਇੱਕ ਰਿਸ਼ਤੇਦਾਰ ਦੀ ਵਿੱਚੋਲਗਿਰੀ ਰਾਹੀਂ ਸ਼ਾਮ ਲਾਲ ਨੂੰ ਤਲਾਸ਼ ਕਰ ਲਿਆ ਸੀ ਅਤੇ ਰਿਸ਼ਤਾ ਪੱਕਾ ਕਰ ਦਿੱਤਾ ਸੀ। ਅਜਿਹੇ ਸਮਿਆਂ ਵਿੱਚ ਜਦੋਂ ਬਹੁਤੇ ਰਿਸ਼ਤੇ ਨਾਈ ਹੀ ਪੱਕੇ ਕਰ ਆਉਂਦੇ ਸਨ, ਉਸ ਦੀ ਰਾਇ ਪੁੱਛਣ ਦਾ ਕੋਈ ਮਤਲਬ ਹੀ ਨਹੀਂ ਸੀ। ਮਿਥੇ ਦਿਨ ਬਾਰਾਤ ਆਈ। ਧੂਮ-ਧਾਮ ਨਾਲ ਸ਼ਾਦੀ ਹੋਈ ਅਤੇ ਉਹ ਸ੍ਰੀਮਤੀ ਸ਼ਾਮ ਲਾਲ ਬਣ ਕੇ ਬਨਾਰਸ ਆ ਗਈ।
ਰੇਲ ਗੱਡੀ ਬਨਾਰਸ ਤੋਂ ਦੂਰ ਨਿਕਲ ਆਈ ਸੀ, ਪਰ ਸ਼ਿਵਾਨੀ ਅਜੇ ਤਕ ਬਨਾਰਸ ਵਿੱਚ ਹੀ ਖੁੱਭੀ ਹੋਈ ਸੀ। ਵਿਆਹ ਤੋਂ ਵਰ੍ਹਿਆਂ ਮਗਰੋਂ ਤਕ ਉਸ ਨੂੰ ਸੰਤਾਨ ਨਸੀਬ ਨਹੀਂ ਹੋਈ ਸੀ। ਸਾਰੇ ਟੂਣੇ-ਟਾਮਣ, ਮੰਨਤਾਂ, ਤੀਰਥ, ਵਰਤ, ਦਵਾ-ਦਾਰੂ ਕਰ ਲਏ ਸਨ, ਪਰ ਉਸ ਦੀ ਝੋਲੀ ਖਾਲੀ ਦੀ ਖਾਲੀ ਹੀ ਰਹੀ ਸੀ ਅਤੇ ਆਖ਼ਰ ਉਸ ਨੇ ਬੇਔਲਾਦ ਰਹਿਣ ਨੂੰ ਆਪਣੀ ਹੋਣੀ ਮੰਨ ਲਿਆ ਸੀ।
ਬੀਤੇ ਚਾਲ੍ਹੀ ਵਰ੍ਹਿਆਂ ਵਿੱਚ ਉਸ ਨੇ ਅਨੇਕਾਂ ਸਦਮੇ ਵੀ ਝੱਲੇ ਸਨ। ਸੱਸ-ਸਹੁਰਾ ਤਾਂ ਖ਼ੈਰ ਆਪਣੀ ਉਮਰ ਵਿਹਾ ਚੁੱਕੇ ਸਨ, ਉਨ੍ਹਾਂ ਤਾਂ ਜਾਣਾ ਹੀ ਸੀ, ਪਰ ਜੇਠ ਜਠਾਣੀ ਅਤੇ ਦਿਓਰ ਦਰਾਣੀ ਦਾ ਇਕੱਠਿਆਂ ਦੁਰਘਟਨਾ ਵਿੱਚ ਮਰਨਾ ਜਿਵੇਂ ਆਸਮਾਨ ਤੋਂ ਚਾਣਚੱਕ ਡਿੱਗੀ ਬਿਜਲੀ ਵਾਂਗ ਸੀ। ਭਰੇ ਪੂਰੇ ਘਰ ਵਿੱਚ ਉਹ ਦੋ ਪ੍ਰਾਣੀ ਹੀ ਰਹਿ ਗਏ ਸਨ ਜਿਨ੍ਹਾਂ ਕਈ ਦਿਨ ਰੋ ਪਿੱਟ ਕੇ ਅਖੀਰ ਸਬਰ ਕਰ ਲਿਆ ਸੀ।
ਇਹ ਸਭ ਕੁਝ ਯਾਦ ਕਰ ਕੇ ਉਸ ਦਾ ਗੱਚ ਭਰ ਆਇਆ। ਉਸ ਨੂੰ ਆਪਣਾ ਸੰਘ ਸੁੱਕਦਾ ਮਹਿਸੂਸ ਹੋਇਆ। ਥਰਮਸ ਵਿੱਚੋਂ ਪਾਣੀ ਦਾ ਘੁੱਟ ਕੱਪ ਵਿੱਚ ਪਾ ਕੇ ਉਸ ਨੇ ਆਪਣਾ ਗਲਾ ਤਰ ਕੀਤਾ ਅਤੇ ਅੱਖਾਂ ਬੰਦ ਕਰ ਕੇ ਕੰਧ ਨਾਲ ਢੋਹ ਲਾ ਲਈ।
ਤਿੰਨ ਵਰ੍ਹੇ ਹੋਏ, ਇੱਕ ਦਿਨ ਅਚਾਨਕ ਉਹ ਬਿਲਕੁਲ ਹੀ ਇਕੱਲੀ ਰਹਿ ਗਈ। ਚੰਗਾ-ਭਲਾ ਸੀ ਸ਼ਾਮ ਲਾਲ। ਕਾਫ਼ੀ ਪਹਿਲਾਂ ਨੌਕਰੀ ਤੋਂ ਸੇਵਾਮੁਕਤ ਹੋ ਗਿਆ ਸੀ। ਠੀਕ-ਠਾਕ ਜਿਹੀ ਪੈਨਸ਼ਨ ਮਿਲ ਰਹੀ ਸੀ। ਇੱਕ ਦਿਨ ਹਮੇਸ਼ਾਂ ਵਾਂਗ ਸੈਰ ‘ਤੇ ਗਿਆ ਤਾਂ ਉਸ ਦੀ ਬਜਾਏ ਉਸ ਦੀ ਮੌਤ ਦੀ ਖ਼ਬਰ ਘਰ ਆਈ। ਮਾਲਵੀਆ ਪਾਰਕ ਵਿੱਚ ਕਸਰਤ ਕਰਦੇ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਮੁੜ੍ਹਕੋ-ਮੁੜ੍ਹਕੀ ਹੋ ਕੇ ਉੱਥੇ ਹੀ ਢਹਿ ਪਿਆ। ਉਹ ਇਕੱਲੀ, ਬਿਲਕੁਲ ਇਕੱਲੀ ਹੋ ਗਈ। ਰੇਲ ਗੱਡੀ ਆਪਣੀ ਰਫ਼ਤਾਰ ਨਾਲ ਦੌੜਦੀ ਜਾ ਰਹੀ ਸੀ। ਸ਼ਿਵਾਨੀ ਦਾ ਮਨ ਕੀਤਾ ਕਿ ਉਹ ਬਨਾਰਸ ਨਾਲ ਜੁੜੀਆਂ ਸਾਰੀਆਂ ਯਾਦਾਂ ਨੂੰ ਝਟਕਾ ਦੇ ਕੇ ਦਿਮਾਗ਼ ਵਿੱਚੋਂ ਕੱਢ ਸੁੱਟੇ ਅਤੇ ਉਸ ਨਵੇਂ ਜੀਵਨ ਵੱਲ ਵੇਖੇ, ਜਿਸ ਦਾ ਸੰਕਲਪ ਕਰ ਕੇ ਉਸ ਨੇ ਸਦਾ-ਸਦਾ ਲਈ ਬਨਾਰਸ ਨੂੰ ਅਲਵਿਦਾ ਆਖਿਆ ਸੀ। ਹੁਣ ਉਹ ਜ਼ਿੰਦਗੀ ਦੇ ਬਾਕੀ ਵਰ੍ਹੇ, ਜਿੰਨੇ ਵੀ ਹੋਣਗੇ, ਲੁਧਿਆਣੇ ਜਾ ਕੇ ਉਸੇ ਪੰਕਜ ਨਾਲ ਰਹਿੰਦਿਆਂ ਬਿਤਾਏਗੀ ਜਿਸ ਨੂੰ ਉਹ ਚਾਹ ਕੇ ਵੀ ਹਾਸਲ ਨਹੀਂ ਕਰ ਸਕੀ ਸੀ। ਉਹੀ ਪੰਕਜ ਜਿਸ ਨੂੰ ਉਸ ਨੇ ਪਿਛਲੇ ਚਾਲ੍ਹੀ ਵਰ੍ਹਿਆਂ ਦੌਰਾਨ ਯਾਦ ਕਰਨ ਵਾਂਗ ਯਾਦ ਵੀ ਨਹੀਂ ਕੀਤਾ ਸੀ, ਪਰ ਉਹ ਉਸ ਨੂੰ ਭੁੱਲੀ ਵੀ ਨਹੀਂ ਸੀ। ਹੋਇਆ ਇਹ ਸੀ ਕਿ ਪਿਛਲੇ ਸਾਲ ਉਹ ਆਪਣੇ ਇੱਕ ਰਿਸ਼ਤੇਦਾਰ ਦੀ ਮੌਤ ‘ਤੇ ਅਫ਼ਸੋਸ ਕਰਨ ਲਈ ਦਿੱਲੀ ਆਈ ਸੀ। ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਲੋਕਲ ਬੱਸ ‘ਤੇ ਚੜ੍ਹ ਕੇ ਉਹ ਜਿਸ ਟੂ-ਸੀਟਰ ‘ਤੇ ਬੈਠੇਗੀ ਉੱਥੇ ਪਹਿਲਾਂ ਤੋਂ ਹੀ ਪੰਕਜ ਬੈਠਾ ਹੋਵੇਗਾ। ਹੈਰਾਨੀ ਭਰਪੂਰ ਭਾਵੁਕਤਾ ਦੇ ਅਜੀਬ ਪਲ ਸਨ ਉਹ। ਸਾਧਾਰਨ ਜਿਹੀ ਗੱਲਬਾਤ ਦੌਰਾਨ ਆਪਣਾ ਸੁੱਖ-ਦੁੱਖ ਸਾਂਝਿਆਂ ਕਰਦੀ ਦੀਆਂ ਘੜੀ-ਮੁੜੀ ਭਿੱਜ ਰਹੀਆਂ ਅੱਖਾਂ ਤੋਂ ਪੰਘਰ ਕੇ ਪੰਕਜ ਨੇ ਆਖਿਆ, ”ਚਾਲ੍ਹੀ ਵਾਰ੍ਹਿਆਂ ਦੀ ਕਹਾਣੀ ਚਾਲ੍ਹੀ ਮਿੰਟਾਂ ਵਿੱਚ ਕਿਵੇਂ ਸੁਣਾਵੇਂਗੀ? ਚੱਲ ਅਗਲੇ ਸਟਾਪ ‘ਤੇ ਲੱਥ ਚਲਦੇ ਹਾਂ ਤੇ ਕਿਸੇ ਪਾਰਕ ਵਿੱਚ ਬੈਠ ਕੇ ਗੱਲਾਂ ਕਰਦੇ ਹਾਂ।” ਉਸ ਨੇ ਸੋਚਿਆ ਹੀ ਨਹੀਂ ਕਿ ਪੰਕਜ ਦਾ ਪ੍ਰਸਤਾਵ ਮੰਨਣਯੋਗ ਹੈ ਜਾਂ ਨਹੀਂ, ਉਹ ਤੁਰੰਤ ਸਹਿਮਤ ਹੋ ਗਈ ਅਤੇ ਉਹ ਦੋਵੇਂ ਅਗਲੇ ਸਟਾਪ ‘ਤੇ ਬੱਸ ਤੋਂ ਉਤਰ ਗਏ। ਲੋਧੀ ਗਾਰਡਨ ਦੇ ਮਖਮਲੀ ਘਾਹ ‘ਤੇ ਬੈਠੇ ਉਹ ਘੰਟਾ ਭਰ ਆਪਣੇ ਜੀਵਨ ਦੇ ਉਤਰਾਅ-ਚੜ੍ਹਾਵਾਂ ਦੀ ਚਰਚਾ ਕਰਦੇ ਰਹੇ। ਪੰਕਜ ਨੇ ਦੱਸਿਆ ਕਿ ਉਸ ਦੀ ਪਤਨੀ ਪੰਜ ਵਰ੍ਹੇ ਪਹਿਲਾਂ ਪਰਲੋਕ ਸਿਧਾਰ ਗਈ ਸੀ। ਉਸ ਦੇ ਦੋ ਪੁੱਤਰ ਸਨ। ਦੋਵੇਂ ਵਿਆਹੇ-ਵਰੇ ਹਨ, ਦੋਵਾਂ ਦੇ ਆਪੋ-ਆਪਣੇ ਪਰਿਵਾਰ ਹਨ। ਇੱਕ ਅਮਰੀਕਾ ਰਹਿੰਦਾ ਹੈ ਤੇ ਇੱਕ ਆਸਟਰੇਲੀਆ। ਦੋਵੇਂ ਚਾਹੁੰਦੇ ਹਨ ਕਿ ਜ਼ਿੰਦਗੀ ਦੇ ਬਾਕੀ ਬਚਦੇ ਵਰ੍ਹੇ ਉਨ੍ਹਾਂ ਕੋਲ ਰਹਿ ਕੇ ਗੁਜ਼ਾਰੇ। ਉਸ ਨੇ ਦੱਸਿਆ, ”ਵਾਰੀ-ਵਾਰੀ ਦੋਵਾਂ ਕੋਲ ਜਾ ਕੇ, ਰਹਿ ਕੇ, ਵੇਖ ਵੀ ਆਇਆ ਹਾਂ। ਅਸੰਭਵ ਜਿਹਾ ਜਾਪਦਾ ਹੈ ਅਮਰੀਕਾ ਜਾਂ ਆਸਟਰੇਲੀਆ ਵਿੱਚ ਜ਼ਿੰਦਗੀ ਗੁਜ਼ਾਰਨਾ। ਉੱਥੇ ਨਾ ਕਿਸੇ ਨਾਲ ਜਾਣ, ਨਾ ਪਛਾਣ। ਨਾ ਕੋਈ ਸੁੱਖ ਵਿੱਚ, ਨਾ ਦੁੱਖ ਵਿੱਚ। ਪੁੱਤਰ-ਨੂੰਹਾਂ ਸਵੇਰੇ ਅੱਠ ਵੱਜਦੇ ਨੂੰ ਆਪੋ-ਆਪਣੇ ਕੰਮ ‘ਤੇ ਤੁਰ ਜਾਂਦੇ ਹਨ। ਬੱਚੇ ਡੇਅ ਬੋਰਡਿੰਗ ਚਲੇ ਜਾਂਦੇ ਹਨ। ਸਾਰਾ ਦਿਨ ਘਰ ਅੰਦਰ ਮੈਂ ਤੇ ਸਿਰਫ਼ ਮੈਂ। ਦੇਰ ਸ਼ਾਮ ਉਹ ਸਭ ਮੁੜਦੇ ਹਨ ਤਾਂ ਪੁੱਤਰ-ਨੂੰਹ ਆਪਣੇ ਕਮਰੇ ਵਿੱਚ ਤੇ ਬੱਚੇ ਆਪਣੇ ਕਮਰੇ ਵਿੱਚ। ਆਪਣੇ ਲੰਮੇ ਪਰਵਾਸ ਦੌਰਾਨ ਮੈਂ ‘ਹਾਏ ਪਾਪਾ’, ‘ਬਾਏ ਪਾਪਾ’ ਤੋਂ ਛੁੱਟ ਤੀਜਾ ਵਾਕ ਉਨ੍ਹਾਂ ਦੇ ਮੂੰਹੋਂ ਨਹੀਂ ਸੁਣਿਆ। ਹੁਣ ਇਰਾਦਾ ਕਰ ਲਿਆ ਹੈ ਕਿ ਵਿਦੇਸ਼ ਨਹੀਂ ਜਾਣਾ। ਲੁਧਿਆਣੇ ਵੀਹਾਂ ਨਾਲ ਜਾਣ-ਪਛਾਣ ਹੈ। ਆਂਢੀ-ਗੁਆਂਢੀ ਸਕਿਆਂ ਨਾਲੋਂ ਵੀ ਵੱਧ ਹਨ। ਬਿਗਾਨੀ ਮਿੱਟੀ ਕਿਹੋ ਜਿਹੀ ਵੀ ਹੋਵੇ, ਆਪਣੀ ਮਿੱਟੀ ਦਾ ਮੁਕਾਬਲਾ ਨਹੀਂ ਕਰ ਸਕਦੀ। ਸ਼ਿਵਾਨੀ ਦੋ ਦਿਨਾਂ ਲਈ ਦਿੱਲੀ ਆਈ ਸੀ, ਪਰ ਪੰਕਜ ਕਰਕੇ ਉਹ ਹਫ਼ਤਾ ਭਰ ਦਿੱਲੀ ਰੁਕੀ ਰਹੀ। ਲਗਪਗ ਹਰ ਰੋਜ਼ ਉਹ ਕਿਸੇ ਨਾ ਕਿਸੇ ਪਾਰਕ ਵਿੱਚ ਮਿਲਦੇ ਅਤੇ ਬੈਠ ਕੇ ਗੱਲਾਂ ਕਰਦੇ। ਗੱਲਾਂ-ਗੱਲਾਂ ਵਿੱਚ ਉਹ ਦਿਨ ਵੀ ਯਾਦ ਕੀਤੇ ਜਾਂਦੇ, ਜਿਨ੍ਹੀਂ ਦਿਨੀਂ ਉਨ੍ਹਾਂ ਦੀਆਂ ਸਹਿਮੀਆਂ-ਸੁੰਗੜੀਆਂ ਮੁਲਾਕਾਤਾਂ ਇੱਕ-ਦੂਜੇ ਦੀ ਛੋਹ ਦਾ ਆਨੰਦ ਵੀ ਮਾਣਨ ਲੱਗ ਪਈਆਂ ਸਨ। ਪੰਕਜ ਵੀ ਦੋ ਦਿਨ ਵੱਧ ਦਿੱਲੀ ਠਹਿਰ ਗਿਆ ਸੀ। ਜਿਸ ਦਿਨ ਉਨ੍ਹਾਂ ਦੋਵਾਂ ਨੇ ਆਪੋ-ਆਪਣੇ ਘਰਾਂ ਲਈ ਰਵਾਨਾ ਹੋਣਾ ਸੀ, ਉਸ ਤੋਂ ਇੱਕ ਦਿਨ ਪਹਿਲਾਂ ਕਈ ਘੰਟੇ ਦੁੱਖ-ਸੁੱਖ ਕਰਨ ਮਗਰੋਂ ਪੰਕਜ ਨੇ ਸਾਫ਼ ਤੌਰ ‘ਤੇ ਆਖਿਆ ਸੀ, ”ਸ਼ਿਵਾਨੀ! ਜੋ ਹੋਣਾ ਸੀ, ਹੋ ਚੁੱਕਾ। ਬੀਤੇ ਨੂੰ ਯਾਦ ਕਰ ਕੇ ਹਉਕੇ ਭਰਨਾ ਹੀ ਸ਼ਾਇਦ ਆਪਣੀ ਦੋਵਾਂ ਦੀ ਜ਼ਿੰਦਗੀ ਹੈ। ਹੁਣ ਪਤਾ ਨਹੀਂ ਜ਼ਿੰਦਗੀ ਹੋਰ ਕਿੰਨੇ ਦਿਨਾਂ ਦੀ ਹੈ। ਮੇਰੀ ਮੰਨੇਂ ਤਾਂ ਆਪਣਾ ਬਨਾਰਸ ਵਾਲਾ ਘਰ ਵੇਚ ਕੇ ਮੇਰੇ ਕੋਲ ਲੁਧਿਆਣੇ ਆ ਜਾ। ਪਤੀ ਦੀ ਅੱਧੀ ਪੈਨਸ਼ਨ ਤੈਨੂੰ ਮਿਲ ਰਹੀ ਹੈ। ਮੇਰੀ ਪੈਨਸ਼ਨ ਵੀ ਚੰਗੀ-ਖ਼ਾਸੀ ਹੈ। ਦੋਵੇਂ ਆਰਾਮ ਨਾਲ ਗੁਜ਼ਾਰਾ ਕਰ ਸਕਦੇ ਹਾਂ। ਹੁਣ ਨਾ ਉਹ ਲੋਕ ਹੀ ਇਸ ਦੁਨੀਆਂ ਵਿੱਚ ਹਨ, ਨਾ ਉਹ ਜ਼ਮਾਨਾ ਹੈ ਜਦੋਂ ਸਾਨੂੰ ਇਕੱਠਿਆਂ ਜ਼ਿੰਦਗੀ ਬਿਤਾਉਣ ਦੀ ਇਜਾਜ਼ਤ ਨਹੀਂ ਸੀ।” ਇਹ ਸੁਣ ਕੇ ਤ੍ਰਭਕ ਗਈ ਸੀ ਸ਼ਿਵਾਨੀ। ਕਾਫ਼ੀ ਚਿਰ ਚੁੱਪਚਾਪ ਬੈਠੀ ਸੋਚਦੀ ਰਹੀ। ਫ਼ਿਰ ਬੋਲੀ, ”ਮੈਨੂੰ ਸੋਚਣ ਲਈ ਸਮਾਂ ਦੇ ਪੰਕਜ। ਤੁਰੰਤ ਫ਼ੈਸਲਾ ਨਹੀਂ ਕਰ ਸਕਦੀ ਮੈਂ।” ”ਸੋਚ ਲੈ, ਪਰ ਸੋਚਣ ਲਈ ਜਿੰਨਾ ਘੱਟ ਸਮਾਂ ਲਵੇਂਗੀ, ਓਨਾ ਹੀ ਬਿਹਤਰ ਹੋਵੇਗਾ ਕਿਉਂਕਿ ਆਪਣੀਆਂ ਜ਼ਿੰਦਗੀਆਂ ਦਾ ਹੁਣ ਬਹੁਤਾ ਭਰੋਸਾ ਨਹੀਂ ਹੈ।” ਉਸ ਵੇਲੇ ਤੋਂ ਸ਼ਿਵਾਨੀ ਨੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਬਨਾਰਸ ਮੁੜਦਿਆਂ ਵੀ ਉਹ ਸਾਰਾ ਸਮਾਂ ਪੰਕਜ ਦੀ ਇਸ ਪੇਸ਼ਕਸ਼ ‘ਤੇ ਵਿੱਚਾਰ ਕਰਦੀ ਰਹੀ ਸੀ। ਅਖੀਰ ਉਸ ਨੇ ਪੰਕਜ ਨੂੰ ਚਿੱਠੀ ਲਿਖ ਕੇ ਉਸ ਦੀ ਪੇਸ਼ਕਸ਼ ਸਵੀਕਾਰ ਕਰ ਲਈ ਤੇ ਦੱਸਿਆ ਕਿ ਬਨਾਰਸ ਵਾਲਾ ਘਰ ਵੇਚਣ ਅਤੇ ਬਨਾਰਸ ਦਾ ਮੋਹ ਤਿਆਗਣ ਵਿੱਚ ਕੁਝ ਮਹੀਨੇ ਲੱਗ ਜਾਣਗੇ, ਪਰ ਉਸ ਦਾ ਆਉਣਾ ਤੈਅ ਹੈ।
ਛੇ ਮਹੀਨੇ ਲੱਗ ਗਏ ਸ਼ਿਵਾਨੀ ਨੂੰ ਘਰ ਵੇਚਣ ਅਤੇ ਬਨਾਰਸ ਦਾ ਲੇਖਾ-ਜੋਖਾ ਨਿਬੇੜਣ ਵਿੱਚ। ਘਰ ਵੇਚ ਕੇ ਜੋ ਰਕਮ ਚੈੱਕ ਰਾਹੀਂ ਮਿਲੀ, ਉਸ ਦੀ ਉਸ ਨੇ ਐੱਫ਼ਡੀ ਕਰਾ ਦਿੱਤੀ ਅਤੇ ਜੋ ਨਕਦ ਮਿਲਿਆ ਸੀ, ਉਸ ਨੂੰ ਬੋਝੇ ਪਾ ਅੱਜ ਉਹ ਲੁਧਿਆਣੇ ਜਾ ਰਹੀ ਸੀ। ਪਿਛਲੇ ਹਫ਼ਤੇ ਉਸ ਨੇ ਪੰਕਜ ਨੂੰ ਚਿੱਠੀ ਲਿਖ ਕੇ ਦੱਸ ਦਿੱਤਾ ਸੀ ਕਿ ਉਹ ਫ਼ਲਾਣੀ ਗੱਡੀ ‘ਤੇ ਆ ਰਹੀ ਹੈ ਅਤੇ ਫ਼ਲਾਣੇ ਸਮੇਂ ਲੁਧਿਆਣੇ ਪੁੱਜੇਗੀ। ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਰੇਲਗੱਡੀ ਤੋਂ ਉਤਰੀ ਤਾਂ ਸ਼ਿਵਾਨੀ ਨੂੰ ਵਿਸ਼ਵਾਸ ਸੀ ਕਿ ਪੰਕਜ ਪਲੇਟਫ਼ਾਰਮ ‘ਤੇ ਖਲੋਤਾ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਿਹਾ ਹੋਵੇਗਾ। ਕਾਫ਼ੀ ਦੇਰ ਉਹ ਪਲੇਟਫ਼ਾਰਮ ‘ਤੇ ਖਲੋਤੀ ਬੇਚੈਨ ਨਜ਼ਰਾਂ ਨਾਲ ਪੰਕਜ ਨੂੰ ਤਲਾਸ਼ ਕਰਦੀ ਰਹੀ, ਪਰ ਪੰਕਜ ਕਿਧਰੇ ਵਿਖਾਈ ਨਾ ਪਿਆ। ‘ਹੋ ਸਕਦਾ ਹੈ ਮੇਰੀ ਚਿੱਠੀ ਹੀ ਉਸ ਨੂੰ ਨਾ ਮਿਲੀ ਹੋਵੇ, ਕਿਧਰੇ ਡਾਕ ਵਿੱਚ ਹੀ ਰੁਲ ਗਈ ਹੋਵੇ,’ ਇਹ ਸੋਚ ਕੇ ਉਸ ਨੇ ਸਟੇਸ਼ਨ ਤੋਂ ਬਾਹਰ ਆ ਕੇ ਰਿਕਸ਼ਾ ਫ਼ੜੀ ਤੇ ਪੰਕਜ ਦੇ ਘਰ ਵੱਲ ਚੱਲ ਪਈ।
ਉਸ ਨੇ ਆਰੀਆ ਮੁਹੱਲੇ ਦੇ 35 ਨੰਬਰ ਮਕਾਨ ਦੀ ਕਾਲ-ਬੈੱਲ ਵਜਾਈ ਤਾਂ ਅੰਦਰੋਂ ਇੱਕ ਅਧਖੜ ਜਿਹੀ ਔਰਤ ਗੇਟ ‘ਤੇ ਆਈ।
”ਹਾਂ ਜੀ, ਦੱਸੋ।”
”ਜੀ, ਪੰਕਜ ਜੀ ਘਰੇ ਨੇ?”
ਔਰਤ ਨੇ ਹੈਰਾਨੀ ਨਾਲ ਉਸ ਵੱਲ ਤੱਕਿਆ ਅਤੇ ਪੁੱਛਿਆ,
”ਕਿਤੋਂ ਬਾਹਰੋਂ ਆਏ ਹੋ ਤੁਸੀਂ?”
”ਜੀ, ਮੈਂ ਬਨਾਰਸ ਤੋਂ ਆ ਰਹੀ ਹਾਂ।”
”ਆਓ, ਅੰਦਰ ਲੰਘ ਆਓ।”
ਔਰਤ ਉਸ ਨੂੰ ਨਾਲ ਲੈ ਕੇ ਅੰਦਰ ਚਲੀ ਗਈ। ਡਰਾਇੰਗ ਰੂਮ ਵਿੱਚ ਸੋਫ਼ੇ ‘ਤੇ ਬਿਠਾ ਕੇ ਉਸ ਨੂੰ ਪਾਣੀ ਦਾ ਗਿਲਾਸ ਲਿਆ ਕੇ ਦਿੱਤਾ ਅਤੇ ਪੁੱਛਿਆ, ”ਤੁਹਾਡੀ ਕੋਈ ਰਿਸ਼ਤੇਦਾਰੀ੩?” ਕੀ ਜਵਾਬ ਦਿੰਦੀ ਸ਼ਿਵਾਨੀ। ਇਸ ਅਣਜਾਣ ਔਰਤ ਨੂੰ ਆਪਣੇ ਅਤੇ ਪੰਕਜ ਦੇ ਰਿਸ਼ਤੇ ਬਾਰੇ ਕੀ ਦੱਸਦੀ!
”ਜੀ, ਏਦਾਂ ਹੀ ਸਮਝ ਲਵੋ।”
”ਮੈਨੂੰ ਅਫ਼ਸੋਸ ਹੈ ਮੈਡਮ, ਪੰਕਜ ਜੀ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ। ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਬੇਟੇ ਆਏ ਸਨ ਬਾਹਰੋਂ ਕਿਰਿਆ-ਕਰਮ ਕਰਨ ਲਈ। ਇਹ ਮਕਾਨ ਵੇਚ ਕੇ  ਮੁੜ ਗਏ। ਹੁਣ ਇੱਥੇ ਅਸੀਂ ਰਹਿੰਦੇ ਹਾਂ।” ਸ਼ਿਵਾਨੀ ਦਾ ਰੰਗ ਹੀ ਉੱਡ ਗਿਆ। ਉਸ ਦੀ ਹਾਲਤ ਇਹ ਕਿ ਵੱਢੋ ਤਾਂ ਖ਼ੂਨ ਨਹੀਂ। ਉਸ ਨੂੰ ਜਾਪਿਆ ਜਿਵੇਂ ਅਚਾਨਕ ਆਸਮਾਨ ਉਸ ਦੇ ਸਿਰ ‘ਤੇ ਆ ਡਿੱਗਾ ਹੋਵੇ। ਖਾਲੀ-ਖਾਲੀ ਨਜ਼ਰਾਂ ਨਾਲ ਉਹ ਉਸ ਅਣਜਾਣ ਔਰਤ ਵੱਲ ਵੇਖਦੀ ਰਹੀ ਅਤੇ ਅੰਦਰੋਂ-ਅੰਦਰੀਂ ਹਿੰਮਤ ਬਟੋਰਦੀ ਰਹੀ ਉਸ ਖ਼ਬਰ ਨੂੰ  ਪਚਾਉਣ ਦੀ, ਜੋ ਇਸ ਔਰਤ ਨੇ ਹੁਣੇ-ਹੁਣੇ ਸੁਣਾਈ ਸੀ।
– ਡਾ. ਨਰੇਸ਼