ਨਵੀਂ ਦਿੱਲੀ : ਸੜਕੀ ਆਵਾਜਾਈ ਤੇ ਸ਼ਾਹਮਾਰਗਾਂ ਬਾਰੇ ਕੇਂਦਰੀ ਮੰਤਰੀ ਸ੍ਰੀ ਨਿਤੀਨ ਗਡਕਰੀ ਨੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਦੇ ਸਾਰੇ ਸ਼ਾਹਰਾਹਾਂ ਅਤੇ ਸੜਕਾਂ ਦੀ ਅੱਪਗ੍ਰੇਡੇਸ਼ਨ ਲਈ ਸਾਰੀਆਂ ਪ੍ਰਵਾਨਗੀਆਂ ਅਤੇ ਰਹਿੰਦੇ ਫੰਡ ਆਉਣ ਵਾਲੇ ਦਿਨਾਂ ਵਿਚ ਜਾਰੀ ਕਰ ਦਿੱਤੇ ਜਾਣਗੇ।
ਸ. ਬਾਦਲ ਨੇ ਸ੍ਰੀ ਗਡਕਰੀ ਨਾਲ ਮੁਲਾਕਾਤ ਕਰਕੇ ਖਰੜ-ਲੁਧਿਆਣਾ ਰੋਡ (ਐਨਐਚ 95) ਦੀ ਲੋੜੀਂਦੀ ਪ੍ਰਵਾਨਗੀ ਸਬੰਧੀ, ਰੂਪਨਗਰ-ਫਗਵਾੜਾ ਰੋਡ ਨੂੰ ਅੱਪਗ੍ਰੇਡ ਕਰਨ ਅਤੇ ਜ਼ੀਰਕਪੁਰ-ਪਟਿਆਲਾ ਰੋਡ (ਐਨਐਚ 64) ਦੇ ਚੱਲ ਰਹੇ 4 ਮਾਰਗੀ ਕੰਮ ਦੇ ਬਕਾਇਆ ਫੰਡਾਂ ਸਬੰਧੀ ਵਿਚਾਰ-ਚਰਚਾ ਕੀਤੀ। ਇਸ ਤੋਂ ਇਲਾਵਾ ਸ੍ਰੀ ਗਡਕਰੀ ਨੇ ਪੰਜਾਬ ਵਿਚ 7 ਨਵੇਂ ਕੌਮੀ ਸ਼ਾਹਰਾਹਾਂ ਨੂੰ ਅੱਪਗ੍ਰੇਡ ਕਰਨ ਦੀ ਵੀ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ।
ਇਸ ਅਹਿਮ ਮੀਟਿੰਗ ਵਿਚ ਸ. ਬਾਦਲ ਨੇ ਸ੍ਰੀ ਗਡਕਰੀ ਨੂੰ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਖਰੜ-ਲੁਧਿਆਣਾ ਰੋਡ ਦੇ 4-6 ਮਾਰਗੀ ਨਿਰਮਾਣ ਸਬੰਧੀ ਟੈਂਡਰਾਂ ਨੂੰ ਵਾਰ-ਵਾਰ ਅੱਗੇ ਪਾਇਆ ਜਾ ਰਿਹਾ ਹੈ ਜਿਸ ਕਰਕੇ ਇਸ ਅਹਿਮ ਪ੍ਰੋਜੈਕਟ ਵਿਚ ਦੇਰੀ ਹੁੰਦੀ ਜਾ ਰਹੀ ਹੈ। ਇਹ ਪ੍ਰੋਜੈਕਟ ਹਾਲੇ ਜਨਤਕ-ਨਿੱਜੀ ਸਾਂਝੇਦਾਰੀ ਪ੍ਰਵਾਨਗੀ ਕਮੇਟੀ ਵੱਲੋਂ ਪ੍ਰਵਾਨ ਕਰਨਾ ਬਾਕੀ ਹੈ। ਇਸੇ ਤਰ੍ਹਾਂ ਰੂਪਨਗਰ-ਫਗਵਾੜਾ ਰੋਡ ਨੂੰ ਅੱਪਗ੍ਰੇਡ ਕਰਨ ਸਬੰਧੀ 80 ਫੀਸਦੀ ਜ਼ਮੀਨ ਉੱਪਲੱਬਧ ਕਰਵਾ ਦਿੱਤੀ ਗਈ ਹੈ ਪਰ ਅਥਾਰਟੀ ਮੰਤਰਾਲੇ ਵੱਲੋਂ ਪ੍ਰਵਾਨਗੀ ਨਾ ਮਿਲੀ ਹੋਣ ਦਾ ਕਹਿ ਕੇ ਇਸ ਪ੍ਰੋਜੈਕਟ ਨੂੰ ਵੀ ਲਮਕਾ ਰਹੀ ਹੈ। ਸ੍ਰੀ ਗਡਕਰੀ ਨੇ ਸਬੰਧਤ ਸਕੱਤਰ ਨੂੰ ਇਨ੍ਹਾਂ ਪ੍ਰੋਜੈਕਟਾਂ ਦੀ ਪ੍ਰਵਾਨਗੀ ਜਲਦ ਹੀ ਦੇਣ ਲਈ ਕਿਹਾ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਮਈ ਤੱਕ ਸਬੰਧਤ ਸੜਕਾਂ ਦੇ ਕੰਮ ਯੋਗ ਠੇਕੇਦਾਰਾਂ ਨੂੰ ਦੇਣ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਉੱਪ ਮੁੱਖ ਮੰਤਰੀ ਨੇ ਐਨਐਚ 64 ਦੇ ਜ਼ੀਰਕਪੁਰ-ਰਾਜਪੁਰਾ ਅਤੇ ਰਾਜਪੁਰਾ-ਪਟਿਆਲਾ ਸੜਕਾਂ ਲਈ ਲੋੜੀਂਦੇ ਫੰਡਾਂ ਨੂੰ ਤੁਰੰਤ ਜਾਰੀ ਕਰਨ ਲਈ ਕਿਹਾ ਅਤੇ ਕੇਂਦਰੀ ਮੰਤਰੀ ਨੇ ਆਪਣੀ ਸਹਿਮਤੀ ਦਿੰਦਿਆਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਲਈ ਫੰਡਾਂ ਦਾ ਸੋਮਾ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ ਵਿੱਤ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਇਕ ਹਫਤੇ ਵਿਚ ਇਨ੍ਹਾਂ ਪ੍ਰੌਜੈਕਟਾਂ ਲਈ ਫੰਡ ਜਾਰੀ ਕੀਤੇ ਜਾਣ। 7 ਨਵੇਂ ਕੌਮੀ ਸ਼ਾਹਰਾਹਾਂ ਨੂੰ ਅੱਪਗ੍ਰੇਡ ਕਰਨ ਦੀ ਸਿਧਾਂਤਕ ਪ੍ਰਵਾਨਗੀ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਮੰਗ ਕੀਤੀ ਕਿ 647 ਕਿਲੋਮੀਟਰ ਰਾਜ ਮਾਰਗਾਂ ਨੂੰ ਜਿੰਨੀ ਜਲਦੀ ਹੋ ਸਕੇ ਕੌਮੀ ਸ਼ਾਹਰਾਹਾਂ ਵਿਚ ਅੱਪਗ੍ਰੇਡ ਕਰਨ ਸਬੰਧੀ ਨੋਟੀਫੀਕੇਸ਼ਨ ਜਾਰੀ ਕੀਤਾ ਜਾਵੇ। ਸ੍ਰੀ ਗਡਕਰੀ ਨੇ ਸਬੰਧਤ ਅਫਸਰਾਂ ਨੂੰ ਕਿਹਾ ਕਿ ਇਹ ਕੰਮ ਜਿੰਨੀ ਜਲਦੀ ਹੋ ਸਕੇ ਕਰ ਦਿੱਤਾ ਜਾਵੇ।
ਉੱਪ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ 6 ਹੋਰ ਸੜਕੀ ਪ੍ਰੋਜੈਕਟਾਂ ਲਈ ਪ੍ਰਸ਼ਾਸਕੀ ਪ੍ਰਵਾਨਗੀਆਂ ਦੀ ਮੰਗ ਲਈ ਦਸਤਾਵੇਜ ਜਮ੍ਹਾਂ ਕਰਵਾਏ ਹੋਏ ਹਨ, ਜਿਨ੍ਹਾਂ ਦੀ ਜਲਦ ਸਹਿਮਤੀ ਦਿੱਤੀ ਜਾਵੇ ਅਤੇ ਸੜਕਾਂ ਦੇ ਅੱਪਗ੍ਰੇਡੇਸ਼ਨ ਲਈ 1800 ਕਰੋੜ ਰੁਪਏ ਦੇ ਕਰੀਬ ਹੋਰ ਫੰਡਾਂ ਦੀ ਵੀ ਮੰਗ ਕੀਤੀ ਗਈ ਹੈ। ਸ੍ਰੀ ਗਡਕਰੀ ਨੇ ਕਿਹਾ ਕਿ ਇਸ ਸਬੰਧੀ ਵੀ ਪ੍ਰਵਾਨਗੀ ਜਲਦ ਮਿਲ ਜਾਵੇਗੀ ਅਤੇ ਫੰਡ ਆਉਣ ਵਾਲੇ ਦਿਨਾਂ ਵਿਚ ਜਾਰੀ ਕਰ ਦਿੱਤੇ ਜਾਣਗੇ ਕਿਉਂ ਜੋ ਮੰਤਰਾਲੇ ਨੂੰ ਕੁਝ ਦਿਨ ਪਹਿਲਾਂ ਹੀ ਬਜਟ ਫੰਡ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 6 ਸੜਕੀ ਪ੍ਰੋਜੈਕਟਾਂ ਦੀ ਟੈਂਡਰ ਪ੍ਰਕਿਰਿਆ ਵੀ ਜੁਲਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਉੱਪ ਮੁੱਖ ਮੰਤਰੀ ਨੇ ਸ੍ਰੀ ਗਡਕਰੀ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਅੰਮ੍ਰਿਤਸਰ ਬਾਈਪਾਸ (ਐਨਐਚ 1) ਤੋਂ ਵਾਹਗਾ ਸਰਹੱਦ ਤੱਕ ਸੜਕ ਦੀ ਅੱਪਗ੍ਰੇਡੇਸ਼ਨ ਦਾ ਕੰਮ ਵੀ ਹਾਲੇ ਸ਼ੁਰੂ ਹੋਣਾ ਹੈ ਅਤੇ ਲੁਧਿਆਣਾ-ਤਲਵੰਡੀ ਭਾਈ (ਐਨਐਚ 95) ਸੜਕ ਦਾ ਕੰਮ ਵੀ ਬਹੁਤ ਧੀਮੀ ਗਤੀ ਨਾਲ ਚੱਲ ਰਿਹਾ ਹੈ। ਸ੍ਰੀ ਗਡਕਰੀ ਨੇ ਤੁਰੰਤ ਨਿਰਦੇਸ਼ ਦਿੱਤੇ ਕਿ ਇਹ ਕੰਮ ਬਿਨਾਂ ਦੇਰੀ ਦੇ ਸਮਾਪਤ ਕੀਤੇ ਜਾਣ ਅਤੇ ਸਬੰਧਤ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਬਾਕੀ ਕੰਮ 4 ਮਹੀਨੇ ਵਿਚ ਪੂਰਾ ਕਰ ਲਿਆ ਜਾਵੇਗਾ ਤੇ 75 ਫੀਸਦੀ ਕੰਮ ਤਾਂ ਮੁਕੰਮਲ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸ. ਬਾਦਲ ਵੱਲੋਂ ਰੇਲਵੇ ਪੁਲਾਂ ਦੇ ਅਧੂਰੇ ਕੰਮਾਂ ਸਬੰਧੀ ਚੁੱਕੇ ਮੁੱਦਿਆਂ ਨੂੰ ਧਿਆਨ ਨਾਲ ਸੁਣਦਿਆਂ ਸ੍ਰੀ ਗਡਕਰੀ ਨੇ ਇਸ ਬਾਰੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆਂ ਨੂੰ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਸ ਸਬੰਧੀ ਕੇਂਦਰੀ ਮੰਤਰਾਲੇ ਵੱਲੋਂ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਤੇ ਫੰਡ ਜਲਦ ਤੋਂ ਜਲਦ ਜਾਰੀ ਕਰ ਦਿੱਤੇ ਜਾਣਗੇ।















