ਬੌਲੀਵੁਡ ਵਿੱਚ ਲੰਘੇ ਸਾਲਾਂ ਵਿੱਚ ਰੀਮੇਕ ਅਤੇ ਸੀਕੁਅਲ ਫ਼ਿਲਮਾਂ ਦਾ ਬਹੁਤ ਰੁਝਾਨ ਰਿਹਾ ਹੈ। ਫ਼ਿਲਮ ਹਿੱਟ ਕੀ ਹੋਈ, ਹੋਰ ਭਾਸ਼ਾਵਾਂ ਵਿੱਚ ਉਸ ਦੇ ਰੀਮੇਕ ਬਣਨ ਲੱਗਦੇ ਹਨ। ਨਿਰਮਾਤਾ ਵੀ ਮੁਨਾਫ਼ੇ ਨੂੰ ਦੇਖਦੇ ਹੋਏ ਇਸਦੇ ਸੀਕੁਅਲ ਬਣਾਉਣ ਵਿੱਚ ਜੁਟ ਜਾਂਦੇ ਹਨ। ਫ਼ਾਇਦਾ ਸਿਰਫ਼ ਨਿਰਮਾਤਾਵਾਂ ਜਾਂ ਸਿਤਾਰਿਆਂ ਨੂੰ ਹੀ ਨਹੀਂ ਹੁੰਦਾ, ਦਰਸ਼ਕਾਂ ਨੂੰ ਵੀ ਇਸ ਬਹਾਨੇ ਚੰਗੀ ਕਹਾਣੀ ਦੇਖਣ ਨੂੰ ਮਿਲ ਜਾਂਦੀ ਹੈ। ਬੌਲੀਵੁਡ ਵਿੱਚ ਲੰਘਿਆ ਸਾਲ ਵੀ ਕਈ ਰੀਮੇਕ ਜਾਂ ਸੀਕੁਅਲ ਫ਼ਿਲਮਾਂ ਦੇ ਨਾਂ ਰਿਹਾ। ਇਸ ਸਾਲ ਵੀ ਕਤਾਰ ਵਿੱਚ ਕਈ ਫ਼ਿਲਮਾਂ ਹਨ ਜਿਨ੍ਹਾਂ ‘ਤੇ ਕੰਮ ਚੱਲ ਰਿਹਾ ਹੈ। ਦੇਖਣਾ ਇਹ ਹੈ ਕਿ ਕੁੱਝ ਸਾਲ ਪਹਿਲਾਂ ਦਰਸ਼ਕਾਂ ਨੂੰ ਪਸੰਦ ਆਈਆਂ ਇਨ੍ਹਾਂ ਫ਼ਿਲਮਾਂ ਨੂੰ ਨਵੇਂ ਅਤੇ ਪੁਰਾਣੇ ਦਰਸ਼ਕ ਕਿੰਨਾ ਪਸੰਦ ਕਰਨਗੇ।
ਅਸੀਮ ਚਕਰਵਰਤੀ
ਪਿਛਲੇ ਦਿਨਾਂ ਵਿੱਚ ਕਾਰਤਿਕ ਆਰੀਅਨ, ਭੂਮੀ ਪੇਡਨੇਕਰ ਅਤੇ ਅਨੰਨਿਆ ਪਾਂਡੇ ਦੀ ਮੁੱਖ ਭੂਮਿਕਾ ਨਾਲ ਸਜੀ ਇੱਕ ਛੋਟੀ ਜਿਹੀ ਫ਼ਿਲਮ ਪਤੀ-ਪਤਨੀ ਔਰ ਵੋਹ ਦੀ ਸਫ਼ਲਤਾ ਤਾਂ ਇਹੀ ਦਰਸਾਉਂਦੀ ਹੈ ਕਿ ਸਾਡੇ ਫ਼ਿਲਮ ਨਿਰਮਾਤਾ ਰੀਮੇਕ ਅਤੇ ਸੀਕੁਅਲ ਫ਼ਿਲਮਾਂ ਨੂੰ ਲੈ ਕੇ ਕੁੱਝ ਜ਼ਿਆਦਾ ਹੀ ਉਤਸ਼ਾਹਿਤ ਹੋ ਗਏ ਹਨ। ਸਿਰਫ਼ ਦਸ ਕਰੋੜ ਰੁਪਏ ਵਿੱਚ ਬਣੀ ਇਸ ਫ਼ਿਲਮ ਦੀ 80 ਕਰੋੜ ਰੁਪਏ ਦੀ ਕਮਾਈ ਨੇ ਫ਼ਿਰ ਇੱਕ ਵਾਰ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਫ਼ਿਲਮ ਦਾ ਵਿਸ਼ਾ ਠੀਕ-ਠਾਕ ਹੁੰਦਾ ਹੈ ਤਾਂ ਇੱਕ ਛੋਟੀ ਫ਼ਿਲਮ ਵੀ ਵੱਡੀ ਬਣ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਇਸ ਸਮੇਂ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਦੋ ਦਰਜਨ ਤੋਂ ਜ਼ਿਆਦਾ ਅਜਿਹੀਆਂ ਫ਼ਿਲਮਾਂ ਬਣ ਰਹੀਆਂ ਹਨ ਜੋ ਜਾਂ ਤਾਂ ਕਿਸੇ ਫ਼ਿਲਮ ਦਾ ਸੀਕੁਅਲ ਹਨ ਜਾਂ ਫ਼ਿਰ ਰੀਮੇਕ।
2019 ਵਿੱਚ ਡਬਲ ਧਮਾਲ, ਹਾਊਸਫ਼ੁੱਲ-4, ਦਬੰਗ-3, ਮਰਦਾਨੀ-2, ਸਟੂਡੈਂਟ ਔਫ਼ ਦਾ ਯੀਅਰ-2 ਅਤੇ ਪਤੀ-ਪਤਨੀ ਔਰ ਵੋਹ ਵਰਗੀਆਂ ਕਈ ਸੀਕੁਅਲ ਫ਼ਿਲਮਾਂ ਆਈਆਂ, ਪਰ ਪਤੀ-ਪਤਨੀ ਔਰ ਵੋਹ ਨੇ ਹੀ ਸਭ ਤੋਂ ਜ਼ਿਆਦਾ ਸਫ਼ਲਤਾ ਪ੍ਰਾਪਤ ਕੀਤੀ। ਅਸਲ ਵਿੱਚ ਜਿਸ ਨਿਰਮਾਤਾ ਦੀ ਪਿਛਲੀ ਫ਼ਿਲਮ ਹਿੱਟ ਹੁੰਦੀ ਹੈ, ਉਹ ਉਸ ਫ਼ਿਲਮ ਦਾ ਸੀਕੁਅਲ ਬਣਾਉਂਦਾ ਹੈ। ਇਸ ਸਾਲ ਛੋਟੀ ਸੀ ਬਾਤ, ਸੱਤੇ ਪੇ ਸੱਤਾ, ਸ਼ੁਭ ਮੰਗਲ ਜ਼ਿਆਦਾ ਸਾਵਧਾਨ, ਬਾਗ਼ੀ-3, ਕੁਲੀ-1, ਸੜਕ-2, ਭੂਲ ਭੁਲੱਈਆ-2, ਹੰਗਾਮਾ-2, ਸੱਤਿਆਮੇਵ ਜਯਤੇ-3 ਵਰਗੀਆਂ ਕਈ ਫ਼ਿਲਮਾਂ ਦੇ ਸੀਕੁਅਲ ਜਾਂ ਰੀਮੇਕ ਆਉਣਗੇ। ਆਲਮ ਇਹ ਹੈ ਕਿ ਦੀਪਕ ਤਿਜੋਰੀ ਵਰਗੇ ਬੀ ਗ੍ਰੇਡ ਨਿਰਦੇਸ਼ਕ ਵੀ 14 ਸਾਲ ਬਾਅਦ ਆਪਣੀ 2006 ਦੀ ਫ਼ਿਲਮ ਟੌਮ ਡਿਕ ਹੈਰੀ ਦਾ ਸੀਕੁਅਲ ਬਣਾ ਰਿਹਾ ਹੈ। ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਕਹਿੰਦੇ ਹਨ, ”ਤੁਸੀਂ ਕਹਿ ਸਕਦੇ ਹੋ ਕਿ ਨਿਰਮਾਤਾ ਇਸ ਨੂੰ ਇੱਕ ਸੁਰੱਖਿਅਤ ਖੇਡ ਸਮਝ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਿਛਲੀ ਹਿੱਟ ਦੇ ਸਹਾਰੇ ਸੀਕੁਅਲ ਫ਼ਿਲਮ ਨੂੰ ਆਸਾਨੀ ਨਾਲ ਦਰਸ਼ਕਾਂ ਨੂੰ ਪਰੋਸਿਆ ਜਾ ਸਕਦਾ ਹੈ। ਜਿੱਥੋਂ ਤਕ ਦਰਸ਼ਕਾਂ ਦਾ ਸੁਆਲ ਹੈ, ਉਹ ਇਸ ਭਰਮ ਵਿੱਚ ਹਨ ਕਿ ਪਿਛਲੀ ਫ਼ਿਲਮ ਮਨੋਰੰਜਕ ਸੀ ਤਾਂ ਉਹ ਵੀ ਮਨੋਰੰਜਕ ਹੋਵੇਗੀ। ਇਸ ਲਈ ਇਨ੍ਹਾਂ ਨੂੰ ਲੈ ਕੇ ਦਰਸ਼ਕ ਵੀ ਉਤਸੁਕ ਹਨ।
ਜ਼ਿਆਦਾਤਰ ਨਿਰਮਾਤਾ ਸਿਰਫ਼ ਫ਼ਿਲਮ ਮਾਰਕੀਟ ਨੂੰ ਧਿਆਨ ਵਿੱਚ ਰੱਖ ਕੇ ਇਸ ਤਰ੍ਹਾਂ ਦੇ ਪ੍ਰੌਜੈਕਟ ਦਾ ਐਲਾਨ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਪ੍ਰੌਜੈਕਟ ਨੂੰ ਜ਼ਿਆਦਾ ਸਮਝਣ ਦੀ ਲੋੜ ਨਹੀਂ ਪੈਂਦੀ। ਫ਼ਿਲਮ ਦੇ ਸੀਕੁਅਲ ਦਾ ਐਲਾਨ ਹੁੰਦੇ ਹੀ ਟਰੇਡ ਇਸ ਭੁਲੇਖੇ ਵਿੱਚ ਆ ਜਾਂਦਾ ਹੈ ਕਿ ਹਿੱਟ ਫ਼ਿਲਮ ਦਾ ਸੀਕੁਅਲ ਹੈ, ਚੰਗਾ ਹੀ ਬਣੇਗਾ। ਮੁਦਰਸਰ ਅਜ਼ੀਜ਼ ਵਰਗਾ ਇੱਕ ਸਾਧਾਰਨ ਜਿਹਾ ਨਿਰਦੇਸ਼ਕ 1976 ਦੀ ਇੱਕ ਸੁਪਰ ਹਿੱਟ ਫ਼ਿਲਮ ਛੋਟੀ ਸੀ ਬਾਤ ਦਾ ਰੀਮੇਕ ਬਣਾ ਰਿਹਾ ਹੈ। ਇਸ ਦਾ ਹੀਰੋ ਆਯੂਸ਼ਮਾਨ ਖੁਰਾਣਾ ਹੋਵੇਗਾ। ਇਹ ਰੀਮੇਕ ਫ਼ਿਲਮ ਕਿਸ ਤਰ੍ਹਾਂ ਦੀ ਹੋਵੇਗੀ ਇਹ ਤਾਂ ਕਿਹਾ ਨਹੀਂ ਜਾ ਸਕਦਾ, ਪਰ ਅਸਲ ਫ਼ਿਲਮ ਛੋਟੀ ਸੀ ਬਾਤ ਨੇ ਤਹਿਲਕਾ ਮਚਾ ਦਿੱਤਾ ਸੀ। ਉਦੋਂ ਸਿਰਫ਼ ਪੰਜ ਲੱਖ ਰੁਪਏ ਵਿੱਚ ਬਣੀ ਅਮੋਲ-ਵਿਦਿਆ ਸਿਨਹਾ ਦੀ ਇਸ ਫ਼ਿਲਮ ਨੇ ਇੱਕ ਕਰੋੜ ਰੁਪਏ ਕਮਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਫ਼ਿਲਮ ਦੇ ਰੀਮੇਕ ਦੇ ਰਿਲੀਜ਼ ਹੋਣ ਦਾ ਦਰਸ਼ਕਾਂ ਨੂੰ ਸ਼ੁਦਾਅ ਜ਼ਰੂਰ ਹੋਵੇਗਾ।
1982 ਵਿੱਚ ਅਮਿਤਾਭ ਬੱਚਨ ਦੀ ਇੱਕ ਸੁਪਰਹਿੱਟ ਫ਼ਿਲਮ ਸੱਤੇ ਪੇ ਸੱਤਾ ਦਾ ਵੀ ਆਪਣਾ ਅਲੱਗ ਸ਼ੁਦਾਅ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਫ਼ਰਾਹ ਖ਼ਾਨ ਅਤੇ ਰੋਹਨ ਸ਼ੈਟੀ ਨੇ ਇਸ ‘ਤੇ ਫ਼ਿਲਮ ਬਣਾਉਣ ਦਾ ਪੂਰਾ ਮਨ ਬਣਾ ਲਿਆ ਹੈ। ਖ਼ਬਰ ਹੈ ਕਿ ਇਸ ਦੇ ਮੁੱਖ ਕਿਰਦਾਰਾਂ ਵਿੱਚ ਦੀਪਿਕਾ ਪਾਦੁਕੋਣ ਅਤੇ ਰਿਤਿਕ ਰੌਸ਼ਨ ਨੂੰ ਲਿਆ ਜਾ ਸਕਦਾ ਹੈ।
ਹਾਲ ਹੀ ਦੇ ਸਾਲਾਂ ਵਿੱਚ ਹਾਊਸਫ਼ੁੱਲ ਦਾ ਭੂਤ ਨਿਰਮਾਤਾ ਸਾਜਿਦ ਨਾਡਿਆਡਵਾਲਾ ਦਾ ਪਿੱਛਾ ਨਹੀਂ ਛੱਡ ਰਿਹਾ। ਪਹਿਲੀ ਹਾਊਸਫ਼ੁੱਲ ਨੇ 100 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਤਾਂ ਸਾਜਿਦ ਕਾਫ਼ੀ ਉਤਸ਼ਾਹਿਤ ਸੀ। ਫ਼ਿਰ ਸਾਜਿਦ ਖ਼ਾਨ ਦੇ ਨਿਰਦੇਸ਼ਨ ਵਿੱਚ ਹੀ ਹਾਊਸਫ਼ੁੱਲ-2 ਨੇ ਠੀਕ ਠਾਕ ਕਮਾਈ ਕੀਤੀ। ਫ਼ਿਰ ਹਾਊਸਫ਼ੁੱਲ-3 ਆਈ। ਇਸ ਵਾਰ ਅਕਸ਼ੇ ਕੁਮਾਰ ਦੀ ਮੌਜੂਦਗੀ ਦੇ ਬਾਵਜੂਦ 50 ਕਰੋੜ ਦੀ ਲਾਗਤ ਵਾਲੀ ਇਸ ਫ਼ਿਲਮ ਨੇ 80 ਕਰੋੜ ਦਾ ਹੀ ਕਾਰੋਬਾਰ ਕੀਤਾ, ਪਰ ਸਾਜਿਦ ਪਰੇਸ਼ਾਨ ਨਹੀਂ ਹੋਇਆ। ਹਾਊਸਫ਼ੁੱਲ-4 ਦੇ ਪ੍ਰਦਰਸ਼ਨ ਤੋਂ ਵੀ ਉਹ ਨਿਰਾਸ਼ ਨਹੀਂ ਹੋਇਆ। ਹੁਣ ਉਸ ਨੇ ਹਾਊਸਫ਼ੁੱਲ-5 ਦਾ ਐਲਾਨ ਕਰ ਦਿੱਤਾ ਹੈ।
ਇੱਕ ਤਾਜ਼ਾ ਸਰਵੇਖਣ ‘ਤੇ ਗ਼ੌਰ ਕਰੀਏ ਤਾਂ ਇਸ ਸਮੇਂ 25 ਤੋਂ ਜ਼ਿਆਦਾ ਛੋਟੀਆਂ-ਵੱਡੀਆਂ ਸੀਕੁਅਲ-ਰੀਮੇਕ ਫ਼ਿਲਮਾਂ ਦਾ ਕੰਮ ਚੱਲ ਰਿਹਾ ਹੈ। ਡੇਵਿਡ ਧਵਨ ਵਰਗੇ ਨਿਰਦੇਸ਼ਕ ਵੀ ਇਸ ਦੌੜ ਵਿੱਚ ਸ਼ਾਮਲ ਹੋ ਚੁੱਕੇ ਹਨ। ਜੁੜਵਾ ਤੋਂ ਬਾਅਦ ਉਹ ਆਪਣੇ ਬੇਟੇ ਵਰੁਣ ਧਵਨ ਅਤੇ ਸਾਰ੍ਹਾ ਅਲੀ ਖ਼ਾਨ ਨੂੰ ਲੈ ਕੇ ਕੁਲੀ ਨੰਬਰ-1 ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ। ਵਰੁਣ ਕਹਿੰਦਾ ਹੈ, ”ਮੈਨੂੰ ਪਾਪਾ ਦੀਆਂ ਕਈ ਫ਼ਿਲਮਾਂ ਬਹੁਤ ਪਸੰਦ ਹਨ। ਅੱਜ ਇਨ੍ਹਾਂ ਦਾ ਰੀਮੇਕ ਆਸਾਨੀ ਨਾਲ ਬਣਾਇਆ ਵੀ ਜਾ ਸਕਦਾ ਹੈ। ਇਸ ਲਈ ਪਾਪਾ ਨੂੰ ਵਿਸ਼ੇਸ਼ ਬੇਨਤੀ ਕਰ ਕੇ ਮੈਂ ਇਨ੍ਹਾਂ ਨੂੰ ਬਣਵਾ ਰਿਹਾ ਹਾਂ।” ਇਹੀ ਹਾਲ ਨਿਰਮਾਤਾ ਗੌਰਾਂਗ ਦੋਸ਼ੀ ਦਾ ਹੈ। ਉਹ ਆਪਣੀ 2002 ਦੀ ਹਿੱਟ ਫ਼ਿਲਮ ਆਂਖੇ ਦਾ ਸੀਕੁਅਲ ਬਣਾ ਰਿਹਾ ਹੈ।
ਦਿੱਗਜ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਅੱਜਕੱਲ੍ਹ ਸ਼ਾਹਰੁਖ਼ ਨੂੰ ਲੈ ਕੇ ਇੱਕ ਫ਼ਿਲਮ ਦਾ ਪ੍ਰੌਜੈਕਟ ਬਣਾ ਰਿਹਾ ਹੈ, ਪਰ ਉਹ ਆਪਣੀ ਸਭ ਤੋਂ ਹਿੱਟ ਫ਼ਿਲਮ ਮੁੰਨਾਭਾਈ ਨੂੰ ਭੁੱਲ ਹੀ ਗਿਆ ਹੈ। ਸੱਚ ਤਾਂ ਇਹ ਹੈ ਕਿ ਸਿਰਫ਼ ਮੁੰਨਾਭਾਈ ਫ਼ਿਲਮ ਹੀ ਅਜਿਹੀ ਹੈ ਜਿਹੜੀ ਸੀਕੁਅਲ ਲਈ ਸਟੀਕ ਹੈ, ਪਰ ਹਿਰਾਨੀ ਇਸ ਨੂੰ ਬਹੁਤ ਪਿੱਛੇ ਛੱਡ ਚੁੱਕਾ ਹੈ। ਉਹ ਕਹਿੰਦੈ, ”ਮੁੰਨਾਭਾਈ MBBS ਦੀ ਲੋਕਪ੍ਰਿਯਤਾ ਤੋਂ ਬਾਅਦ ਮੇਰੇ ਮਨ ਵਿੱਚ ਖ਼ਿਆਲ ਆਇਆ ਸੀ ਕਿ ਇਹ ਉਹ ਫ਼ਿਲਮ ਹੈ ਜਿਸ ਦਾ ਸੀਕੁਅਲ ਬਣਨਾ ਚਾਹੀਦਾ ਹੈ। ਮੈਂ ਇਸ ਨੂੰ ਪੂਰਾ ਵਕਤ ਦਿੱਤਾ ਜਿਸ ਦਾ ਨਤੀਜਾ ਸੀ ਮੁੰਨਾਭਾਈ ਲਗੇ ਰਹੋ ਦੀ ਸਫ਼ਲਤਾ। ਉਸ ਤੋਂ ਬਾਅਦ ਅਜਿਹਾ ਹੋ ਰਿਹਾ ਹੈ ਕਿ ਕੁੱਝ ਦੂਜੇ ਪ੍ਰੌਜੈਕਟ ਮੇਰੇ ‘ਤੇ ਹਾਵੀ ਹੋ ਰਹੇ ਹਨ, ਪਰ ਇੱਕ ਦਿਨ ਮੈਂ ਮੁੰਨਾਭਾਈ ਦੀ ਅਗਲੀ ਕਿਸ਼ਤ ਜ਼ਰੂਰ ਬਣਾਵਾਂਗਾ।”
ਟਰੇਡ ਵਿਸ਼ਲੇਸ਼ਕ ਆਮੋਦ ਮਹਿਰਾ ਕਹਿੰਦੇ ਹਨ, ”ਅਸਲ ਵਿੱਚ ਨਿਰਮਾਤਾ ਇੱਕ ਹਿੱਟ ਫ਼ਿਲਮ ਦ ਪਿੱਛਾ ਆਸਾਨੀ ਨਾਲ ਨਹੀਂ ਛੱਡਣਾ ਚਾਹੁੰਦੇ। ਇਸ ਲਈ ਸੀਕੁਅਲ ਦੇ ਬਹਾਨੇ ਉਹ ਕੁੱਝ ਵੀ ਬਣਾ ਦਿੰਦੇ ਹਨ। ਜੇਕਰ ਹਿੱਟ ਫ਼ਰੈਂਚਾਈਜ਼ੀ ਦਾ ਸਹਾਰਾ ਹੀ ਲੈਣਾ ਹੈ ਤਾਂ ਹਰ ਵਾਰ ਕੁੱਝ ਨਵਾਂ ਬਣਾਓ, ਨਹੀਂ ਤਾਂ ਹਾਊਸਫ਼ੁੱਲ-4 ਵਰਗੀ ਹਾਲਤ ਹੁੰਦੀ ਹੈ। ਇਹ ਕੰਮ ਵਧੀਆ ਪਟਕਥਾ ਨਾਲ ਸਹਿਜ ਕੀਤਾ ਜਾ ਸਕਦਾ ਹੈ, ਪਰ ਸਾਡੇ ਜ਼ਿਆਦਾਤਰ ਫ਼ਿਲਮਸਾਜ਼ ਇਸ ਮਿਹਨਤ ਤੋਂ ਬਹੁਤ ਦੂਰ ਹਨ।” ਗੱਲ ਸਹੀ ਵੀ ਹੈ। ਇਸ ਲਈ ਫ਼ਿਲਮਸਾਜ਼ ਰਾਕੇਸ਼ ਰੌਸ਼ਨ ਦਾ ਉਦਾਹਰਨ ਦੇਣਾ ਠੀਕ ਹੋਵੇਗਾ। ਉਹ ਅੱਜਕੱਲ੍ਹ ਕ੍ਰਿਸ਼-4 ਦੀ ਤਿਆਰੀ ਕਰ ਰਹੇ ਹਨ। ਇਸਤ ੋਂ ਅਲੱਗ ਹੋ ਕੇ ਦੇਖੀਏ ਤਾਂ ਬਾਗ਼ੀ ਫ਼ਰੈਂਚਾਈਜ਼ੀ ਦੀਆਂ ਫ਼ਿਲਮਾਂ ਨੂੰ ਲੈ ਕੇ ਵੀ ਬਿਲਕੁਲ ਚੰਗਾ ਨਹੀਂ ਲਿਖਿਆ ਜਾ ਰਿਹਾ ਹੈ।
ਅੱਜਕੱਲ੍ਹ ਬਹੁਤ ਤੇਜ਼ੀ ਨਾਲ ਬਣ ਰਹੀ ਮਹੇਸ਼ ਭੱਟ ਦੀ ਫ਼ਿਲਮ ਸੜਕ-2 ਦੀ ਬਹੁਤ ਚਰਚਾ ਹੋ ਰਹੀ ਹੈ, ਪਰ ਸੁਆਲ ਇਹ ਉੱਠਦਾ ਹੈ ਕਿ ਮਹੇਸ਼ ਭੱਟ ਨੇ ਇਸ ਫ਼ਿਲਮ ਦੀ ਪਟਕਥਾ ਦਾ ਸਾਹਮਣਾ ਕਿਵੇਂ ਕੀਤਾ ਹੋਵੇਗਾ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਪਟਕਥਾ ਲੇਖਕ ਪਿਟ ਚੁੱਕੇ ਹਨ। ਆਪਣੀ ਮੂਲ ਫ਼ਿਲਮ ਸੜਕ ਦੀ ਸਫ਼ਲਤਾ ਨੂੰ ਫ਼ਿਰ ਤੋਂ ਦੁਹਰਾਉਣ ਦੀ ਲੋੜ ਨਹੀਂ, ਪਰ ਉਨ੍ਹਾਂ ਦੀ ਉਸ ਫ਼ਿਲਮ ਦੀ ਸਫ਼ਲਤਾ ਵਿੱਚ ਸੰਗੀਤ ਦਾ ਵੱਡਾ ਯੋਗਦਾਨ ਰਿਹਾ ਸੀ। ਹੁਣ ਇਸ ਸੜਕ-2 ਲਈ ਇਹ ਵੀ ਇੱਕ ਚੁਣੌਤੀ ਹੋਵੇਗੀ।
ਜ਼ਿਆਦਾਤਰ ਟਰੇਡ ਵਿਸ਼ਲੇਸ਼ਕ ਮੰਨਦੇ ਹਨ ਕਿ ਨਿਰਮਾਤਾਵਾਂ ‘ਤੇ ਸੀਕੁਅਲ ਦਾ ਬੁਖ਼ਾਰ ਜ਼ਿਆਦਾ ਦਿਨ ਚੜ੍ਹਿਆ ਨਹੀਂ ਰਹੇਗਾ। ਰਚਨਾਤਮਕਤਾ ਦੀ ਘਾਟ ਦੇ ਚੱਲਦੇ ਇਸ ਵਿੱਚ ਬਹੁਤ ਖੁੱਲ੍ਹ ਲਈ ਜਾਵੇਗੀ। ਕਹਾਣੀ ਵਿੱਚ ਆਪਣੇ ਮਨ ਮੁਤਾਬਿਕ ਬਹੁਤ ਤਬਦੀਲੀ ਕੀਤੀ ਜਾਵੇਗੀ ਅਤੇ ਬਹਾਨਾ ਸਿਰਫ਼ ਸੀਕੁਅਲ ਦਾ ਹੋਵੇਗਾ ਅਤੇ ਇੱਥੇ ਹੀ ਸਾਡੀਆਂ ਸੀਕੁਅਲ ਤੇ ਰੀਮੇਕ ਫ਼ਿਲਮਾਂ ਦਮ ਤੋੜ ਦੇਣਗੀਆਂ। ਫ਼ਿਰ ਕਿਉਂ ਨਾ ਇਸ ਬਾਰੇ ਕੁੱਝ ਨਵਾਂ ਸੋਚਿਆ ਜਾਵੇ॥











