ਸਿੱਧੂ ਜੋੜੀ ਦੇ ਨਾਲ-ਨਾਲ ਪਰਗਟ ਸਿੰਘ ਦਾ ਵੀ ਕਰਾਂਗੇ ਸੁਆਗਤ : ਛੋਟੇਪੁਰ

1ਬਠਿੰਡਾ : ‘ਆਮ ਆਦਮੀ ਪਾਰਟੀ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਜੇਕਰ ਸਿੱਧੂ ਜੋੜੀ ਪਾਰਟੀ ‘ਚ ਸ਼ਾਮਲ ਹੋਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਸੁਆਗਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ‘ਚੋਂ ਕੱਢੇ ਵਿਧਾਇਕ ਪਰਗਟ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਉਹ ਵੀ ਪਾਰਟੀ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਵੀ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ।
ਸੁੱਚਾ ਸਿੰਘ ਛੋਟੇਪੁਰ ਇਹ ਵੀ ਸਾਫ ਕਰ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਵਲੋਂ ਚੋਣਾਂ ਨਹੀਂ ਲੜਨਗੇ, ਸਗੋਂ ਪ੍ਰਚਾਰ ਹੀ ਕਰਨਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਖੁਦ ਵੀ ਇਹ ਗੱਲ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਨੂੰ ਮੁਅੱਤਲ ਕਰਨਾ ਅਕਾਲੀ ਦਲ ਦਾ ਆਪਣਾ ਫੈਸਲਾ ਹੈ ਪਰ ਜੇਕਰ ਪਰਗਟ ਸਿੰਘ ਵੀ ‘ਆਪ’ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਵੀ ਸੁਆਗਤ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਵਰਗੇ ਆਗੂਆਂ ਨੂੰ ਪਾਰਟੀ ਨੂੰ ਬਹੁਤ ਲੋੜ ਹੈ।
ਇਸ ਮੌਕੇ ਦਿੱਲੀ ‘ਚ ਮਹਿਲਾ ਪਾਰਟੀ ਵਰਕਰ ਦੀ ਖੁਦਕੁਸ਼ੀ ਦੇ ਮਾਮਲੇ ‘ਚ ਛੋਟੇਪੁਰ ਨੇ ਕਿਹਾ ਕਿ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਅਤੇ ਅਰਵਿੰਦ ਕੇਜਰੀਵਾਲ ਜੀ ਨੇ ਇਸ ਸਬੰਧੀ ਸਾਫ ਕੀਤਾ ਹੈ ਕਿ ਜੇਕਰ ਉਨ੍ਹਾਂ ਦਾ ਵਿਧਾਇਕ ਦੋਸ਼ੀ ਹੋਇਆ ਤਾਂ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।