ਸਿੰਘਮ ਅਤੇ ਸਿੰਬਾ ਤੋਂ ਵੱਖਰੀ ਹੋਵੇਗੀ ਸੂਰਯਾਵੰਸ਼ੀ: ਰੋਹਿਤ

ਰਣਵੀਰ ਸਿੰਘ ਨਾਲ ਸਪੁਰਹਿੱਟ ਫ਼ਿਲਮ ਸਿੰਬਾ ਕਰਨ ਤੋਂ ਬਾਅਦ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈਟੀ ਨੇ ਹੁਣ ਫ਼ਿਲਮ ਸੂਰਯਾਵੰਸ਼ੀ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਇੱਕ ਵਾਰ ਫ਼ਿਰ ਦਰਸ਼ਕਾਂ ਨੂੰ ਅਕਸ਼ੇ ਕੁਮਾਰ ਅਤੇ ਕੈਟਰੀਨਾ ਕੈਫ਼ ਇਕੱਠੇ ਨਜ਼ਰ ਆਉਣਗੇ। ਫ਼ਿਲਮ ‘ਚ ਅਕਸ਼ੇ ਕੁਮਾਰ ATS ਚੀਫ਼ ਵੀਰ ਸੂਰਯਾਵੰਸ਼ੀ ਦੇ ਰੋਲ ‘ਚ ਨਜ਼ਰ ਆਵੇਗਾ। ਰੋਹਿਤ ਦੀਆਂ ਪਿਛਲੀਆਂ ਫ਼ਿਲਮਾਂ ਸਿੰਘਮ ਸੀਰੀਜ਼ ਅਤੇ ਸਿੰਬਾ ‘ਚ ਅਜੇ ਦੇਵਗਨ ਅਤੇ ਰਣਵੀਰ ਸਿੰਘ ਨੇ ਪੁਲੀਸ ਅਧਿਕਾਰੀਆਂ ਦੀ ਭੂਮਿਕਾਵਾਂ ਨਿਭਾਈਆਂ ਗਨ। ਇਸ ਵਾਰ ਵੀ ਅਕਸ਼ੇ ਉਸੇ ਤਰ੍ਹਾਂ ਦੀ ਭੂਮਿਕਾ ‘ਚ ਹੋਵੇਗਾ।
ਰੋਹਿਤ ਦਾ ਕਹਿਣਾ ਹੈ ਕਿ ਅਕਸ਼ੇ ਦਾ ਕਿਰਦਾਰ ਅਜੇ ਅਤੇ ਰਣਵੀਰ ਦੇ ਕਿਰਦਰ ਨਾਲੋਂ ਬਿਲਕੁਲ ਵੱਖਰਾ ਹੋਵੇਗਾ ਅਤੇ ਫ਼ਿਲਮ ਦੀ ਕਹਾਣੀ ਵੀ ਸਿੰਬਾ ਅਤੇ ਸਿੰਘਮ ਸੀਰੀਜ਼ ਨਾਲੋਂ ਵੱਖਰੀ ਹੋਵੇਗੀ। ਰੋਹਿਤ ਨੇ ਕਿਹਾ ਕਿ ਸੂਰਯਾਵੰਸ਼ੀ ਵਰਦੀ ਨਹੀਂ ਪਾਉਾਂਦਾ ਅਤੇ ਉਹ ਬਹੁਤ ਹੀ ਸਟਾਈਲਿਸ਼ ਹੈ ਜਦਕਿ ਸਿੰਬਾ ਥੋੜ੍ਹਾ ਵਿਗੜੈਲ ਟਾਈਪ ਦਾ ਸੀ। ਇਸ ਤੋਂ ਇਲਾਵਾ ਸੂਰਯਾਵੰਸ਼ੀ ਦਾ ਵਿਭਾਗ ਵੀ ਵੱਖਰਾ ਹੈ। ਇੱਕ ਗੱਲ ਹੋਰ ਕਿ ਜਿੱਥੇ ਸਿੰਘਮ ਭ੍ਰਿਸ਼ਟਾਚਾਰ ਨਾਲ ਲੜਦਾ ਹੈ, ਉੱਥੇ ਸੂਰਯਾਵੰਸ਼ੀ ਅਤਿਵਾਦ ਨਾਲ ਲੜਦਾ ਨਜ਼ਰ ਆਵੇਗਾ। ਫ਼ਿਲਮ ਸਿੰਬਾ ‘ਚ ਹੀ ਰੋਹਿਤ ਨੇ ਆਪਣੀ ਫ਼ਿਲਮ ਸੂਰਯਾਵੰਸ਼ੀ ਦੀ ਝਲਕ ਦਿਖਾ ਦਿੱਤੀ ਸੀ।
ਜਾਣਕਾਰੀ ਮੁਤਾਬਿਕ ਇਸ ਫ਼ਿਲਮ ‘ਚ ਅਜੇ ਦੇਵਗਨ ਅਤੇ ਰਣਵੀਰ ਸਿੰਘ ਵੀ ਕੈਮਿਓ ਰੋਲਜ਼ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪਿਛਲੇ ਸਾਲ ਸੁਪਰਹਿੱਟ ਰਹੀ ਫ਼ਿਲਮ ਬਧਾਈ ਹੋ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਨੀਨਾ ਗੁਪਤਾ ਇਸ ਫ਼ਿਲਮ ‘ਚ ਅਕਸ਼ੇ ਦੀ ਮਾਂ ਦਾ ਕਿਰਦਾਰ ਨਿਭਾਏਗੀ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਰੋਹਿਤ ਸ਼ੈੱਟੀ ਅਤੇ ਮਸ਼ਹੂਰ ਕੋਰੀਓਗ੍ਰਾਫ਼ਰ ਅਤੇ ਨਿਰਦੇਸ਼ਿਕਾ ਫ਼ਰਹਾ ਖ਼ਾਨ 1982 ‘ਚ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ਸੱਤੇ ਪੇ ਸੱਤਾ ਦਾ ਰੀਮੇਕ ਬਣਾਉਣ ਦੀ ਤਿਆਰੀ ‘ਚ ਹਨ। ਇਸ ਰੀਮੇਕ ‘ਚ ਸ਼ਾਹਰੁਖ਼ ਅਤੇ ਕੈਟਰੀਨਾ ਨਜ਼ਰ ਆ ਸਕਦੇ ਹਨ।