ਸਿਹਤ ਵਿਭਾਗ ‘ਚ 246 ਕਰਮਚਾਰੀਆਂ ਦੀ ਨਿਯੁਕਤੀ ਨੂੰ ਪ੍ਰਵਾਨਗੀ : ਬ੍ਰਹਮ ਮਹਿੰਦਰਾ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਇਥੇ ਆਦੇਸ਼ ਜਾਰੀ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ 246 ਅਸਾਮੀਆਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਗੁੱਣਵਤਾ ਅਤੇ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।ਜਿਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਅਹਿਮ ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਿਚ 90 ਰੇਡਿਓਗਰਾਫਰ ,118 ਓਪਰੇਸ਼ਨ ਥੀਏਟਰ ਅਸਿਸਟੈਂਟ ,33 ਈ.ਸੀ.ਜੀ. ਟੈਕਨੀਸ਼ੀਅਨ ਅਤੇ 5 ਡੈਂਟਲ ਹਾਈਜਨਿਸਟ ਦੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਵਿਭਾਗ ਦੀ ਕਾਰਗੁਜ਼ਾਰੀ ਨਾਲ ਸੂਬੇ ਦੀ ਆਮ ਜਨਤਾ ਸਿੱਧੇ ਤੌਰ ‘ਤੇ ਪ੍ਰਭਾਵਿਤ ਹੁੰਦੀ ਹੈ ਜਿਸ ਲਈ ਸਹਿਤ ਵਿਚ ਵੱਡੇ ਪੱਧਰ ਦੇ ਸੁਧਾਰ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸਰਕਾਰੀ ਹਸਪਤਾਲਾਂ ਦਾ ਆਧੁਨਿਕ ਨਵੀਨੀਕਰਨ ਕਰਕੇ ਮਿਆਰੀ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਸਾਡੀ ਪ੍ਰਮੁੱਖਤਾ ਹੈ।ਉਨਾਂ ਦੱਸਿਆ ਕਿ ਭਰਤੀ ਪ੍ਰਕਿਰਿਆ ਵਿਚ ਪੂਰਨ ਪਾਰਦਰਸ਼ਤਾ ਲਿਆਉਣ ਲਈ ਕਾਉਂਸਲਿੰਗ ਸਮੇਂ ਖਾਲੀ ਅਸਾਮੀਆਂ ਦੇ ਸਟੇਸ਼ਨ ਉਮੀਦਵਾਰਾਂ ਨੂੰ ਸਕਰੀਨ ‘ਤੇ ਦਿਖਾਏ ਜਾਣਗੇ ਜਿਸ ਉਪਰੰਤ ਉਮੀਦਵਾਰ ਆਪਣੀ ਪੋਸਟਿੰਗ ਸਬੰਧੀ ਲਿਖਤੀ ਬੇਨਤੀ-ਪੱਤਰ ਪੇਸ਼ ਕਰ ਸਕਣਗੇ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ਇਸ ਭਰਤੀ ਨਾਲ ਲੰਮੇ ਸਮੇਂ ਤੋਂ ਖਾਲੀ ਪਏ ਕਈ ਜਰੂਰੀ ਅਹੁਦੇ ਭਰਨ ਨਾਲ ਸਰਕਾਰੀ ਹਸਪਤਾਲਾਂ ਵਿਚ ਕਾਫੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਲਈ ਕਈ ਫੈਸਲੇ ਵਿਚਾਰ ਅਧੀਨ ਹਨ ਜਿਹਨਾਂ ਦੇ ਲਾਗੂ ਹੋਣ ਉਪਰੰਤ ਸਰਕਾਰੀ ਹਸਪਤਾਲਾਂ ਦੇ ਮਿਆਰ ਅਤੇ ਦਿਖ ਵਿਚ ਵੱਡਾ ਰੂਪਾਂਤਰਣ ਹੋਵਗਾ।