ਅਦਾਕਾਰੀ ਤੋਂ ਇਲਾਵਾ ਬੌਲੀਵੁਡ ਦੀਆਂ ਹੀਰੋਆਈਨਾਂ ਅਦਾਕਾਰੀ ਤੋਂ ਇਲਾਵਾ ਵੀ ਆਪਣੀ ਨਵੀਂ ਪਛਾਣ ਬਣਾ ਰਹੀਆਂ ਹਨ। ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਹ ਐਕਟ੍ਰੈਸਾਂ ਬਹੁਤ ਸਾਰੇ ਕਾਰੋਬਾਰਾਂ ‘ਚ ਨਿਵੇਸ਼ ਕਰ ਰਹੀਆਂ ਹਨ ਅਤੇ ਫ਼ਿਲਮੀ ਕਰੀਅਰ ਤੋਂ ਬਾਅਦ ਇੱਕ ਨਵਾਂ ਮੁਕਾਮ ਚਾਹੁੰਦੀਆਂ ਹਨ। ਇੱਕ ਨਵੀਂ ਪਛਾਣ ਬਣਾਉਣਾ ਉਹ ਅਦਾਕਾਰੀ ਨਾਲ ਸਭ ਮੈਨੇਜ ਕਰ ਰਹੀਆਂ ਹਨ।
ਐਸ਼ਵਰਿਆ ਰਾਏ: ਐਸ਼ਵਰਿਆ ਰਾਏ ਬੱਚਨ ਨੇ ਕਈ ਸਾਲ ਪਹਿਲਾਂ ਪਵਨ ਊਰਜਾ ਪ੍ਰੌਜੈਕਟਾਂ ਲਈ ਰਾਜਸਥਾਨ ਅਤੇ ਮਹਾਰਾਸ਼ਟਰ ‘ਚ ਨਿਵੇਸ਼ ਕੀਤਾ ਸੀ। ਕੁੱਝ ਸਮਾਂ ਪਹਿਲਾਂ ਅਦਾਕਾਰਾ ਨੇ ਆਪਣੀ ਮਾਂ ਵ੍ਰੰਦਾ ਨਾਲ ਮਿਲ ਕੇ ਬੈਂਗਲੁਰੂ ਸਥਿਤ ਇੱਕ ਸਟਾਰਟਅੱਪ ‘ਚ 1 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜੋ ਹਵਾ ਦੀ ਗੁਣਵੱਤਾ ‘ਤੇ ਡੇਟਾ ਪ੍ਰਦਾਨ ਕਰਦਾ ਹੈ। ਇਸ ਸਟਾਰਟਅੱਪ ਦਾ ਨਾਂ ਅੰਬੀ ਹੈ। ਇੰਨਾ ਹੀ ਨਹੀਂ ਐਸ਼ਵਰਿਆ ਨੇ ਨਿਊਟ੍ਰੀਸ਼ਨ ਬੇਸਡ ਹੈੱਲਥਕੇਅਰ ਕੰਪਨੀ ਪੌਸੀਬਲ ‘ਚ ਪੰਜ ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ ਹੋਇਐ।
ਪ੍ਰਿਅੰਕਾ ਚੋਪੜਾ: ਪ੍ਰਿਅੰਕਾ ਚੋਪੜਾ ਨੇ ਕਈ ਕਾਰੋਬਾਰ ਫ਼ੈਲਾ ਰਖੇ ਹਨ। ਅਦਾਕਾਰਾ ਨੇ ਆਪਣੀ ਮਾਂ ਨਾਲ ਪਰਪਲ ਪੇਬਰ ਪਿਕਚਰ ਸ਼ੁਰੂ ਕੀਤੀ ਸੀ ਜਿਸ ਦਾ ਉਦੇਸ਼ ਖੇਤਰੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨਾ ਹੈ। ਅਦਾਕਾਰਾ ਨੇ 2018 ‘ਚ ਸੋਸ਼ਲ ਅਤੇ ਡੇਟਿੰਗ ਐਪ ਬੰਬਲ ‘ਚ ਲੱਖਾਂ ਰੁਪਏ ਦਾ ਨਿਵੇਸ਼ ਕੀਤਾ ਜਿਸ ਦਾ ਸੰਸਥਾਪਕ ਵਿਟਨੀ ਵੌਲਫ਼ ਹਰਡ ਹੈ। 2018 ‘ਚ ਹੀ ਪ੍ਰਿਅੰਕਾ ਨੇ ਕੋਡਿੰਗ ਐਜੂਕੇਸ਼ਨ ਕੰਪਨੀ ਹੋਲਬਰਟਨ ਸਕੂਲ ‘ਚ ਨਿਵੇਸ਼ ਕੀਤਾ। ਜਨਵਰੀ 2021 ‘ਚ ਅਦਾਕਾਰਾ ਨੇ ਮਾਰਕੀਟ ‘ਚ ਅਨੈਮਲੀ ਨਾਮ ਦਾ ਆਪਣਾ ਹੇਅਰ ਕੇਅਰ ਬ੍ਰੈਂਡ ਲੌਂਚ ਕੀਤਾ। ਹਾਲ ਹੀ ‘ਚ ਪ੍ਰਿਅੰਕਾ ਨੇ ਨਿਊ ਯੌਰਕ ‘ਚ ਸੋਨਾ ਨਾਮ ਦਾ ਇੱਕ ਨਵਾਂ ਰੈਸਟੋਰੈਂਟ ਖੋਲ੍ਹਿਆ ਹੈ।
ਆਲੀਆ ਭੱਟ: ਆਲੀਆ ਭੱਟ ਨੇ ਪਹਿਲੀ ਵਾਰ ਸਾਲ 2017 ‘ਚ ਇੱਕ ਫ਼ੈਸ਼ਨ ਸਟਾਰਟਅੱਪ ‘ਚ ਨਿਵੇਸ਼ ਕੀਤਾ ਸੀ। ਉਸ ਨੇ ਜੀਵਨ ਸ਼ੈਲੀ ਬ੍ਰੈਂਡ ਨਾਇਕਾ ‘ਚ ਵੀ ਨਿਵੇਸ਼ ਕੀਤਾ ਹੈ। ਹਾਲ ਹੀ ‘ਚ ਉਸ ਨੇ ਫੁੱਲ ਡੌਟ ਕੰਪਨੀ ‘ਚ ਨਿਵੇਸ਼ ਕੀਤਾ ਜੋ ਮੰਦਰ ‘ਚ ਚੜ੍ਹਾਏ ਗਏ ਫੁੱਲਾਂ ਤੋਂ ਅਗਰਬੱਤੀ ਅਤੇ ਹੋਰ ਸਿਹਤ ਸੰਭਾਲ ਉਤਪਾਦ ਬਣਾਉਾਂਦੀ ਹੈ।
ਦੀਪਿਕਾ ਪਾਦੁਕੋਣ: ਦੀਪਿਕਾ ਪਾਦੁਕੋਣ ਨੇ ਬੈਂਗਲੁਰੂ ਸਥਿਤ ਇੱਕ ਪ੍ਰਾਈਵੇਟ ਐਰੋਸਪੇਸ ਨਿਰਮਾਤਾ ਅਤੇ ਸੈਟੇਲਾਈਟ ਕੰਪਨੀ ‘ਚ ਨਿਵੇਸ਼ ਕੀਤਾ ਹੈ। ਉਸ ਨੇ ਇੱਕ ਇਲੈਕਟ੍ਰਿਕ ਟੈਕਸੀ ਸਟਾਰਟਅੱਪ ਬਲੂ ਸਟਾਰਟ ‘ਚ ਵੀ ਨਿਵੇਸ਼ ਕੀਤਾ ਹੈ। ਅਦਾਕਾਰਾ ਨੇ ਇੱਕ ਖ਼ਪਤਕਾਰ ਫ਼ੂਡ ਕੰਪਨੀ ‘ਚ ਵੀ ਵੱਡਾ ਨਿਵੇਸ਼ ਕੀਤਾ ਹੈ। ਦੀਪਿਕਾ ਦਾ ਪਹਿਲਾਂ ਤੋਂ ਹੀ ਆਪਣਾ ਕੱਪੜਿਆਂ ਦਾ ਇੱਕ ਬ੍ਰੈਂਡ ਹੈ ਜਿਸ ਨੂੰ ਆਲ ਅਬਾਊਟ ਯੂ ਕਿਹਾ ਜਾਂਦਾ ਹੈ। ਉਸ ਨੇ ਫ਼ਰਲੈਂਕੋ ਕੰਪਨੀ ‘ਚ ਵੀ ਨਿਵੇਸ਼ ਕੀਤਾ ਹੈ ਜੋ ਕਿ ਔਨਲਾਈਨ ਕਿਰਾਏ ‘ਤੇ ਫ਼ਰਨੀਚਰ ਪ੍ਰਦਾਨ ਕਰਦੀ ਹੈ।
ਸ਼੍ਰਧਾ ਕਪੂਰ: ਸ਼੍ਰਧਾ ਕਪੂਰ ਨੇ ਬੇਵਰੇਜ ਬ੍ਰੈਂਡ ਜ਼ੀਰੋ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਕੱਪੜੇ ਦੇ ਇੱਕ ਬ੍ਰੈਂਡ ‘ਚ ਵੀ ਨਿਵੇਸ਼ ਕੀਤਾ ਹੈ।
ਕੰਗਨਾ ਰਣੌਤ: ਕੰਗਨਾ ਰਣੌਤ ਨੇ ਆਪਣੇ ਗ੍ਰਹਿ ਸ਼ਹਿਰ ਮਨਾਲੀ ‘ਚ ਇੱਕ ਕੈਫ਼ੇ ਅਤੇ ਰੈਸਟੋਰੈਂਟ ਖੋਲ੍ਹ ਕੇ ਖਾਣ-ਪੀਣ ਦੇ ਕਾਰੋਬਾਰ ‘ਚ ਨਿਵੇਸ਼ ਕੀਤਾ ਹੈ।
ਅਨੁਸ਼ਕਾ ਸ਼ਰਮਾ: ਅਨੁਸ਼ਕਾ ਸ਼ਰਮਾ 2013 ‘ਚ ਕਲੀਨ ਸਲੇਟ ਫ਼ਿਲਮਜ਼ ਦੇ ਨਾਮ ਤੋਂ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਹੋਇਐ। 2017 ‘ਚ ਅਦਾਕਾਰਾ ਨੇ ਨਸ਼ ਨਾਮ ਦੇ ਆਪਣੇ ਕੱਪੜੇ ਦਾ ਬ੍ਰੈਂਡ ਵੀ ਮਾਰਕੀਟ ‘ਚ ਲੌਂਚ ਕੀਤਾ।
ਇਸ ਦੇ ਨਾਲ ਕੈਟਰੀਨਾ ਕੈਫ਼, ਜੈਕਲੀਨ ਫ਼ਰਨਾਂਡੀਜ਼ ਅਤੇ ਸਾਰਾ ਅਲੀ ਖ਼ਾਨ ਨੇ ਵੀ ਫ਼ੈਸ਼ਨ ਅਤੇ ਸੁੰਦਰਤਾ ਉਤਪਾਦਾਂ ‘ਚ ਨਿਵੇਸ਼ ਕੀਤਾ ਹੈ।











