ਸਾਲ 2020 ‘ਚ ਸੈਂਕੜੇ ਲਈ ਤਰਸਿਆ ਵਿਰਾਟ

ਨਵੀਂ ਦਿਲੀ – ਭਾਰਤੀ ਕਪਤਾਨ ਅਤੇ ਰਨ ਮਸ਼ੀਨ ਵਿਰਾਟ ਕੋਹਲੀ ਦੇ ਸ਼ਾਨਦਾਰ ਕਰੀਅਰ ਵਿੱਚ 12 ਸਾਲਾਂ ਦੇ ਲੰਬੇ ਅੰਤਰਾਲ ਦੇ ਬਾਅਦ ਇੱਕ ਕੈਲੰਡਰ ਸਾਲ ਵਿੱਚ ਕਿਸੇ ਵੀ ਫ਼ਾਰਮੈਟ ਵਿੱਚ ਕੋਈ ਸੈਂਕੜਾ ਨਹੀਂ ਨਿਕਲਿਆ। ਵਿਰਾਟ ਆਸਟਰੇਲੀਆ ਦੌਰੇ ਵਿੱਚ ਚਾਰ ਟੈੱਸਟਾਂ ਦੀ ਸੀਰੀਜ਼ ਦਾ ਪਹਿਲਾ ਡੇਅ ਐਂਡ ਨਾਈਟ ਟੈੱਸਟ ਖੇਡਣ ਤੋਂ ਬਾਅਦ ਐਡੀਲੇਡ ਤੋਂ ਆਪਣੇ ਦੇਸ਼ ਲਈ ਰਵਾਨਾ ਹੋ ਗਿਆ। ਭਾਰਤ ਦੇ ਸਭ ਤੋਂ ਸਫ਼ਲ ਟੈੱਸਟ ਕਪਤਾਨ ਵਿਰਾਟ ਨੂੰ ਐਡੀਲੇਡ ਵਿੱਚ ਖੇਡੇ ਗਏ ਪਹਿਲੇ ਦਿਨ-ਰਾਤ ਟੈੱਸਟ ਵਿੱਚ ਆਸਟਰੇਲੀਆ ਹੱਥੋਂ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ। ਇਸ ਮੈਚ ਦੀ ਦੂਜੀ ਪਾਰੀ ‘ਚ ਭਾਰਤੀ ਟੀਮ ਆਪਣੇ ਇਤਿਹਾਸ ਦੇ ਘੱਟ ਤੋਂ ਘੱਟ ਸਕੋਰ 36 ਦੌੜਾਂ ‘ਤੇ ਢੇਰ ਹੋ ਗਈ ਸੀ।
ਭਾਰਤੀ ਕਪਤਾਨ ਵਿਰਾਟ ਜਨਵਰੀ ‘ਚ ਆਪਣੇ ਪਹਿਲੇ ਬੱਚੇ ਦੇ ਜਨਮ ਕਾਰਨ ਆਪਣੇ ਦੇਸ਼ ਪਰਤ ਰਿਹਾ ਹੈ। ਵਿਰਾਟ ਦੇ ਸ਼ਾਨਦਾਰ ਕਰੀਅਰ ਵਿੱਚ 12 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਸ ਦੇ ਬੱਲੇ ‘ਚੋਂ ਇੱਕ ਕੈਲੰਡਰ ਸਾਲ ਵਿੱਚ ਇੱਕ ਵੀ ਸੈਂਕੜਾ ਨਹੀਂ ਨਿਕਲਿਆ। ਵਿਰਾਟ ਨੇ ਆਪਣੇ ਵਨਡੇ ਕਰੀਅਰ ਦੀ ਸ਼ੁਰੂਆਤ 2008 ਵਿੱਚ ਕੀਤੀ ਸੀ ਅਤੇ ਉਸ ਸਾਲ ਉਸ ਨੇ ਪੰਜ ਵਨਡੇ ਖੇਡੇ ਸਨ ਪਰ ਕੋਈ ਸੈਂਕੜਾ ਨਹੀਂ ਸੀ ਬਣਾਇਆ। ਵਿਰਾਟ ਨੇ ਉਸ ਤੋਂ ਬਾਅਦ ਹਰ ਕੈ, ੰਡਰ ਸਾਲ ਵਿੱਚ ਸੈਂਕੜੇ ਬਣਾਏ। 2020 ਹੀ ਅਜਿਹਾ ਸਾਲ ਹੈ ਜਿਸ ਵਿੱਚ ਵਿਰਾਟ ਵਨਡੇ ਜਾਂ ਟੈੱਸਟ ਫ਼ੌਰਮੈਟ ਵਿੱਚ ਕੋਈ ਵੀ ਸੈਂਕੜਾ ਨਹੀਂ ਬਣਾ ਸਕਿਆ। ਕੋਰੋਨਾ ਪ੍ਰਭਾਵਿਤ 2020 ਵਿੱਚ ਵਿਰਾਟ ਨੇ ਨੌਂ ਵਨਡੇ ਖੇਡੇ ਅਤੇ 431 ਦੌੜਾਂ ਬਣਾਈਆਂ। ਇਸ ਸਾਲ ਉਸ ਦਾ ਸਭ ਤੋਂ ਜ਼ਿਆਦਾ ਸਕੋਰ 89 ਦੌੜਾਂ ਦਾ ਰਿਹਾ।
ਵਿਰਾਟ ਨੇ ਆਪਣਾ ਟੈੱਸਟ ਕਰੀਅਰ 2011 ਵਿੱਚ ਸ਼ੁਰੂ ਕੀਤਾ ਸੀ ਅਤੇ ਉਸ ਸਾਲ ਟੈੱਸਟ ਮੈਚਾਂ ਵਿੱਚ ਉਸ ਨੇ ਕੋਈ ਸੈਂਕੜਾ ਨਹੀਂ ਸੀ ਬਣਾਇਆ, ਪਰ 2011 ਵਿੱਚ ਵਿਰਾਟ ਨੇ 34 ਵਨਡੇਜ਼ ਵਿੱਚ ਉਸ ਨੇ ਚਾਰ ਸੈਂਕੜੇ ਬਣਾਏ। 2011 ਤੋਂ ਬਾਅਦ ਤੋਂ ਵਿਰਾਟ ਦੇ ਬੱਲੇ ‘ਚੋਂ ਹਰ ਸਾਲ ਟੈੱਸਟ ਮੈਚਾਂ ਵਿੱਚ ਸੈਂਕੜੇ ਨਿਕਲਦੇ ਰਹੇ, ਪਰ 2020 ਵਿੱਚ ਉਸ ਦੇ ਬੱਲੇ ਤੋਂ ਕੋਈ ਸੈਂਕੜਾ ਨਹੀਂ ਨਿਕਲਿਆ। ਵਿਰਾਟ ਨੇ ਇਸ ਸਾਲ 3 ਟੈੱਸਟ ਖੇਡੇ ਅਤੇ 116 ਦੌੜਾਂ ਬਣਾਈਆਂ। ਉਸ ਦਾ ਇਸ ਸਾਲ ਸਭ ਤੋਂ ਜ਼ਿਆਦਾ ਸਕੋਰ 74 ਦੌੜਾਂ ਦਾ ਰਿਹਾ ਜੋ ਉਸ ਨੇ ਐਡੀਲੇਡ ਟੈੱਸਟ ਦੀ ਪਹਿਲੀ ਪਾਰੀ ‘ਚ ਬਣਾਇਆ ਸੀ।

ਵਿਰਾਟ ਆਪਣੇ ਕਰੀਅਰ ਵਿੱਚ 87 ਟੈੱਸਟਾਂ ਵਿੱਚ 7318 ਦੌੜਾਂ, 251 ਵਨਡੇਜ਼ ਵਿੱਚ 12,040 ਦੌੜਾਂ ਅਤੇ 85 T-20s ਵਿੱਚ 2, 928 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ T-20s ‘ਚ ਹੁਣ ਤਕ ਕੋਈ ਵੀ ਸੈਂਕੜਾ ਨਹੀਂ ਬਣਾਇਆ ਜਦੋਂ ਕਿ ਟੈੱਸਟ ਵਿੱਚ ਉਸ ਨੇ 27 ਅਤੇ ਵਨਡੇ ਵਿੱਚ 43 ਸੈਂਕੜੇ ਬਣਾਏ ਹਨ। ਭਾਰਤ ਨੂੰ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਇੰਗਲੈਂਡ ਦੀ ਮੇਜਬਾਨੀ ਕਰਣੀ ਹੈ ਅਤੇ ਵਿਰਾਟ ਉਮੀਦ ਕਰੇਗਾ ਕਿ ਉਹ ਨਵੇਂ ਸਾਲ ਦੀ ਸ਼ੁਰੂਆਤ 2020 ਦੇ ਸੈਂਕੜਿਆਂ ਦੇ ਸੋਕੇ ਨੂੰ ਪਿੱਛੇ ਛੱਡ ਕੇ ਕਰੇ।