ਪਹਿਲੇ ਟੈੱਸਟ ‘ਚ ਹਾਰ ਮਗਰੋਂ ਹੁਣ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋਇਆ ਸ਼ਾਮੀ

ਐਡੀਲੇਡ – ਆਸਟਰੇਲੀਆ ਖ਼ਿਲਾਫ਼ ਪਹਿਲੇ ਦਿਨ-ਰਾਤ ਟੈੱਸਟ ਵਿੱਚ 36 ਦੌੜਾਂ ਦੇ ਆਪਣੇ ਘੱਟ ਤੋਂ ਘੱਟ ਸਕੋਰ ਉੱਤੇ ਢੇਰ ਹੋ ਕੇ ਸ਼ਰਮਨਾਕ ਹਾਰ ਝੱਲ ਚੁੱਕੀ ਭਾਰਤੀ ਕ੍ਰਿਕਟ ਟੀਮ ਨੂੰ ਤੇਜ਼ ਗੇਂਦਬਾਜ਼ ਮੁਹੰਮਦ ਸ਼ਾਮੀ ਦੇ ਰੂਪ ਵਿੱਚ ਇੱਕ ਹੋਰ ਝੱਟਕਾ ਲੱਗਾ ਹੈ ਜੋ ਹੱਥ ਵਿੱਚ ਸੱਟ ਕਾਰਨ ਟੈੱਸਟ ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਤੋਂ ਬਾਹਰ ਹੋ ਗਏ ਹਨ।
ਇਹ ਹਾਲਾਂਕਿ ਅਜੇ ਤੈਅ ਨਹੀਂ ਕਿ ਸ਼ਾਮੀ ਆਪਣੇ ਦੇਸ਼ ਕਦੋਂ ਪਰਤੇਗਾ, ਪਰ ਸੰਭਾਵਨਾ ਹੈ ਕਿ ਉਹ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਸਵਦੇਸ਼ ਪਰਤ ਸਕਦਾ ਹੈ ਜੋ ਐਤਵਾਰ ਨੂੰ ਐਡੀਲੇਡ ‘ਚ ਦੇਖਿਆ ਗਿਆ ਸੀ। ਵਿਰਾਟ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਜਲਦ ਹੀ ਆਪਣੇ ਦੇਸ਼ ਪਰਤਣ ਵਾਲੈ। ਸ਼ਾਮੀ ਨੂੰ ਭਾਰਤ ਦੀ ਦੂਜੀ ਪਾਰੀ ਵਿੱਚ ਤੀਜੇ ਦਿਨ ਸ਼ਨੀਵਾਰ ਨੂੰ ਭਾਰਤੀ ਪਾਰੀ ਦੇ ਪਤਨ ਦੇ ਆਖ਼ੀਰ ‘ਚ ਸੱਜੀ ਬਾਂਹ ‘ਤੇ ਪੈਟ ਕਮਿਨਜ਼ ਦੀ ਬਾਊਂਸਰ ਨਾਲ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਬਾਹਰ ਜਾਣਾ ਪਿਆ ਅਤੇ ਭਾਰਤੀ ਪਾਰੀ 36 ਦੌੜਾਂ ‘ਤੇ ਖ਼ਤਮ ਹੋ ਗਈ ਸੀ। ਹੱਥ ‘ਤੇ ਗੇਂਦ ਲੱਗਣ ਤੋਂ ਬਾਅਦ ਭਾਰਤੀ ਡਾਕਟਰ ਸਟਾਫ਼ ਨੇ ਉਸ ਦੀ ਸੱਟ ਨੂੰ ਪਰਖਿਆ। ਸ਼ਾਮੀ ਨੇ ਦਰਦ ਵਾਲੀ ਸਪ੍ਰੇਅ ਲਗਾਉਣ ਤੋਂ ਬਾਅਦ ਆਪਣੀ ਪਾਰੀ ਨੂੰ ਫ਼ਿਰ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬੱਲੇ ਨਾਲ ਬਾਂਹ ਨੂੰ ਵੀ ਨਹੀਂ ਸੀ ਚੁੱਕ ਸੱਕਿਆ ਜਿਸ ਦੇ ਬਾਅਦ ਉਹ ਮੈਦਾਨ ‘ਚੋਂ ਬਾਹਰ ਚਲਾ ਗਿਆ।
ਸ਼ਾਮੀ ਦਾ ਬਾਕੀ ਟੈੱਸਟ ਸੀਰੀਜ਼ ਵਿੱਚ ਖੇਡਣਾ ਇਸ ਲਈ ਵੀ ਮੁਸ਼ਕਿਲ ਹੈ ਕਿਉਂਕਿ ਉਹ ਦੂਜੀ ਪਾਰੀ ਦੌਰਾਨ ਗੇਂਦਬਾਜ਼ੀ ਕਰਣ ਵੀ ਨਹੀਂ ਸੀ ਆਇਆ ਅਤੇ ਉਸ ਨੂੰ ਮੈਚ ਖ਼ਤਮ ਹੋਣ ਤੋਂ ਬਾਅਦ ਦੋਹਾਂ ਟੀਮਾਂ ਦੇ ਹੱਥ ਮਿਲਾਉਣ ਦੌਰਾਨ ਵੀ ਨਹੀਂ ਵੇਖਿਆ ਗਿਆ। ਉਸ ਨੂੰ ਹਾਲਾਂਕਿ ਬਾਅਦ ਵਿੱਚ ਐਡੀਲੇਡ ਵਿੱਚ ਹੱਥ ‘ਤੇ ਪੱਟੀ ਬੰਨ੍ਹੇ ਹੋਏ ਦੇਖਿਆ ਗਿਆ ਸੀ। ਮੈਚ ਤੋਂ ਬਾਅਦ ਦੀ ਪ੍ਰੈਜੈਂਟੇਸ਼ਨ ਵਿੱਚ ਭਾਰਤੀ ਕਪਤਾਨ ਵਿਰਾਟ ਨੇ ਕਿਹਾ ਸੀ ਕਿ ਸ਼ਾਮੀ ਦਰਦ ਵਿੱਚ ਹੈ, ਅਤੇ ਆਪਣੀ ਗੇਂਦਬਾਜ਼ੀ ਵਾਲੀ ਬਾਂਹ ਨੂੰ ਮੁਸ਼ਕਿਲ ਨਾਲ ਚੁੱਕ ਪਾ ਰਹੇ ਹਨ।