ਆਸਟਰੇਲੀਆ ‘ਚ ਭਾਰਤੀ ਟੀਮ ਦੀ ਹਾਲਤ ਵੇਖ ਪ੍ਰਸ਼ੰਸਕ ਨੇ ਸੋਨੂੰ ਸੂਦ ਨੂੰ ਲਾਈ ਮਦਦ ਦੀ ਗੁਹਾਰ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਬੇਹੱਦ ਸ਼ਰਮਨਾਕ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਖ਼ਿਲਾਫ਼ ਦਿਨ-ਰਾਤ ਟੈੱਸਟ ਮੈਚ ਦੇ ਤੀਜੇ ਦਿਨ ਬੀਤੇ ਸ਼ਨੀਵਾਰ ਨੂੰ ਪਹਿਲੇ ਸੈਸ਼ਨ ਵਿੱਚ ਆਪਣੇ ਇਤਿਹਾਸ ਦੇ ਰਿਕਾਰਡ ਘੱਟ ਤੋਂ ਘੱਟ ਸਕੋਰ 36 ਦੌੜਾਂ ‘ਤੇ ਢੇਰ ਹੋ ਗਈ ਅਤੇ ਉਸ ਨੂੰ ਇਸ ਮੁਕਾਬਲੇ ਵਿੱਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ। ਆਸਟਰੇਲੀਆ ਨੇ ਇਸ ਤਰ੍ਹਾਂ 4 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਉਥੇ ਹੀ ਭਾਰਤੀ ਟੀਮ ਦੀ ਇਸ ਸ਼ਰਮਨਾਕ ਹਾਰ ਦੇ ਬਾਅਦ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਥੇ ਹੀ ਭਾਰਤੀ ਟੀਮ ਨੂੰ ਟਵਿਟਰ ਉੱਤੇ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇੱਕ ਪ੍ਰਸ਼ੰਸਕ ਨੇ ਭਾਰਤੀ ਟੀਮ ਲਈ ਬੌਲੀਵੁਡ ਅਦਾਕਾਰ ਸੋਨੂੰ ਸੂਦ ਤੋਂ ਮਦਦ ਮੰਗੀ ਹੈ।

ਦੱਸ ਦੇਈਏ ਕਿ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਹੋਈ ਤਾਲਾਬੰਦੀ ਵਿੱਚ ਕਈ ਜ਼ਰੂਰਤਮੰਦਾਂ ਦੀ ਮਦਦ ਕੀਤੀ ਸੀ ਅਤੇ ਪ੍ਰਸ਼ੰਕਕਾਂ ਨੇ ਉਸ ਦੇ ਇਸ ਨੇਕ ਕੰਮ ਦੀ ਕਾਫ਼ੀ ਸ਼ਲਾਘਾ ਕੀਤੀ ਸੀ। ਉਸ ਤੋਂ ਬਾਅਦ ਸੋਨੂੰ ਦੇ ਪ੍ਰਸ਼ੰਸਕ ਉਸ ਤੋਂ ਅਕਸਰ ਵੱਖ-ਵੱਖ ਮਾਮਲਿਆਂ ‘ਚ ਮਦਦ ਮੰਗਦੇ ਦਿਖ ਜਾਂਦੇ ਹਨ ਅਤੇ ਸੋਨੂੰ ਵੀ ਉਨ੍ਹਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦਾ। ਇਹੀ ਕਾਰਨ ਹੈ ਕਿ ਜਦੋਂ ਇੱਕ ਪ੍ਰਸ਼ੰਸਕ ਨੇ ਭਾਰਤੀ ਟੀਮ ਦੀ ਬੁਰੀ ਹਾਲਤ ਦੇਖੀ ਤਾਂ ਸੋਨੂੰ ਸੂਦ ਨੂੰ ਟਵੀਟ ਕਰ ਕੇ ਪੂਰੀ ਟੀਮ ਦੀ ਮਦਦ ਕਰਨ ਦੀ ਮੰਗ ਕੀਤੀ।
ਪ੍ਰਸ਼ੰਸਕ ਨੇ ਲਿਖਿਆ, ”ਡਿਅਰ ਸੋਨੂੰ ਸੂਦ, ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ‘ਚ ਫ਼ਸੀ ਹੋਈ ਹੈ। ਕੀ ਤੁਸੀਂ ਉਸ ਨੂੰ ਕੱਢ ਸੱਕਦੇ ਹੋ?” ਉਥੇ ਹੀ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਸੋਨੂੰ ਸੂਦ ਲਿਖਿਆ, ”ਭਾਰਤੀ ਟੀਮ ਨੂੰ ਇੱਕ ਮੌਕਾ ਹੋਰ ਦਿਓ। ਅਗਲੇ ਮੈਚ ਵਿੱਚ ਆਸਟਰੇਲੀਆ ਟੀਮ ਨੂੰ ਘਰ ਲੈ ਕੇ ਆਵਾਂਗੇ।” ਸੋਨੂੰ ਸੂਦ ਦੇ ਇਸ ਰਿਪਲਾਈ ਤੋਂ ਬਾਅਦ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਦੂਜਾ ਟੈੱਸਟ 26 ਦਸੰਬਰ ਨੂੰ ਮੈਲਬਰਨ ‘ਚ ਖੇਡਿਆ ਜਾਣਾ ਹੈ। ਇਸ ਟੈੱਸਟ ‘ਚ ਵਿਰਾਟ ਕੋਹਲੀ ਟੀਮ ਦਾ ਹਿੱਸਾ ਨਹੀਂ ਹੋਵੇਗਾ ਕਿਉਂਕਿ ਉਹ ਆਪਣੇ ਪਹਿਲੇ ਬੱਚੇ ਦੇ ਜਨਮ ਸਮੇਂ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਰਹਿਣ ਲਈ ਸਵਦੇਸ਼ ਪਰਤ ਗਿਆ ਹੈ। ਕੋਹਲੀ ਦੀ ਗ਼ੈਰ-ਮੌਜੂਦਗੀ ‘ਚ ਟੀਮ ਦੀ ਕਮਾਨ ਅਜਿੰਕਿਆ ਰਹਾਣੇ ਕੋਲ ਹੋਵੇਗੀ।