ਸਾਰਥਕ ਪ੍ਰਭਾਵ ਪਾਉਣ ਵਾਲੀਆਂ ਫ਼ਿਲਮਾਂ ਦੀ ਤਲਾਸ਼ – ਮਾਧੁਰੀ

ਫ਼ਿਲਮ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਅਦਾਕਾਰੀ ਤੋਂ ਬਾਅਦ ਫ਼ਿਲਮਾਂ ਦੇ ਨਿਰਮਾਣ ਦਾ ਵੀ ਰੁਖ਼ ਕਰ ਲਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਸਾਰਥਕ ਸਿਨੇਮਾ ਕਰਨ ਦੀ ਇੱਛੁਕ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਅਜਿਹੀਆਂ ਫ਼ਿਲਮਾਂ ਦਾ ਦਰਸ਼ਕਾਂ ‘ਤੇ ਸਕਾਰਾਤਮਕ ਅਸਰ ਪੈਂਦਾ ਹੈ। ਨੱਬੇ ਦੇ ਦਹਾਕੇ ‘ਚ ਸੁਪਰਹਿੱਟ ਫ਼ਿਲਮਾਂ ਦਿਲ, ਸਾਜਨ, ਹਮ ਆਪਕੇ ਹੈ ਕੌਨ ਦੇਣ ਵਾਲੀ ਮਾਧੁਰੀ ਨੇ ਬੌਲੀਵੁਡ ‘ਤੇ ਲੰਬਾ ਸਮਾਂ ਰਾਜ ਕੀਤਾ ਹੈ।
ਉਹ ਆਪਣੀ ਦੂਜੀ ਪਾਰੀ ‘ਚ ਆਜਾ ਨੱਚ ਲੈ, ਬੱਕੇਟ ਲਿਸਟ, ਡੇਢ ਇਸ਼ਕੀਆ ਅਤੇ ਮਾਜਾ ਮਾ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਅਦਾਕਾਰਾ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ”ਮੈਂ ਅਜਿਹੀਆਂ ਫ਼ਿਲਮਾਂ ਅਤੇ ਕਿਰਦਾਰਾਂ ਦੀ ਤਲਾਸ਼ ਕਰ ਰਹੀ ਹਾਂ ਜੋ ਔਖੇ ਤੇ ਵੱਖਰੇ ਹੋਣ ਅਤੇ ਉਹ ਦਰਸ਼ਕਾਂ ‘ਤੇ ਪ੍ਰਭਾਵ ਪਾਉਣ ਅਤੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰਨ।” ਉਸ ਦੀ ਨਵੀਂ ਮਰਾਠੀ ਫ਼ਿਲਮ ਪੰਚਕ ਅੰਧਵਿਸ਼ਵਾਸ ਅਤੇ ਮੌਤ ਦੇ ਡਰ ਵਰਗੇ ਵਿਸ਼ਿਆਂ ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਦੇ ਨਿਰਮਾਣ ‘ਚ ਮਾਧੁਰੀ ਦਾ ਉਸ ਦੇ ਪਤੀ ਸ੍ਰੀਰਾਮ ਨੇਨੇ, ਜੋ ਪੇਸ਼ੇ ਤੋਂ ਇੱਕ ਡਾਕਟਰ ਹਨ ਅਤੇ ਅਮਰੀਕਾ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਹਨ, ਨੇ ਵੀ ਸਹਿਯੋਗ ਦਿੱਤਾ ਹੈ।