ਐਨੀਮਲ ਨੇ ਜਿੱਤਿਆ ਲੋਕਾਂ ਦਾ ਦਿਲ – ਰਣਬੀਰ

ਬੌਲੀਵੁਡ ਅਦਾਕਾਰ ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ ਅਤੇ ਬੌਬੀ ਦਿਓਲ ਦੀ ਫ਼ਿਲਮ ਐਨੀਮਲ ਇੱਕ ਬਲੌਕਬੱਸਟਰ ਹਿੱਟ ਸਾਬਿਤ ਹੋਈ ਹੈ। ਫ਼ਿਲਮ ਦੀ ਸਫ਼ਲਤਾ ਦਾ ਜਸ਼ਨ ਮਨਾਉਣ ਲਈ ਲੰਘੀ ਰਾਤ ਇੱਕ ਹੋਰ ਪਾਰਟੀ ਰੱਖੀ ਗਈ ਸੀ ਜਿਸ ਵਿੱਚ ਫ਼ਿਲਮ ਦੀ ਸਟਾਰਕਾਸਟ ਤੋਂ ਇਲਾਵਾ ਸਿਨੇ ਜਗਤ ਦੀਆਂ ਮਹਾਨ ਹਸਤੀਆਂ ਪੁੱਜੀਆਂ ਹੋਈਆਂ ਸਨ। ਰਣਬੀਰ ਨੇ ਕਿਹਾ ਕਿ ਕੁੱਝ ਲੋਕਾਂ ਨੇ ਇਸ ਫ਼ਿਲਮ ‘ਤੇ ਇਤਰਾਜ਼ ਜਤਾਇਆ ਸੀ, ਪਰ ਬੌਕਸ ਆਫ਼ਿਸ ‘ਤੇ ਦਰਸ਼ਕਾਂ ਦੇ ਹੁੰਗਾਰੇ ਅਤੇ ਪਿਆਰ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਫ਼ਿਲਮ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਦੱਸਣਾ ਬਣਦਾ ਹੈ ਕਿ ਲੋਕਾਂ ਦੇ ਇੱਕ ਵਰਗ ਨੇ ਇਸ ਫ਼ਿਲਮ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਇਹ ਔਰਤ ਵਿਰੋਧੀ ਅਤੇ ਮਰਦ ਪ੍ਰਧਾਨ ਸਮਾਜ ਨੂੰ ਹੁਲਾਰਾ ਦੇਣ ਵਾਲੀ ਇੱਕ ਫ਼ਿਲਮ ਹੈ। ਇਸ ਦੇ ਬਾਵਜੂਦ ਇਸ ਫ਼ਿਲਮ ਨੇ ਹੁਣ ਤਕ 900 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ ਅਤੇ ਇਹ ਫ਼ਿਲਮ ਪਹਿਲੀ ਦਸੰਬਰ ਨੂੰ ਰਿਲੀਜ਼ ਹੋਈ ਸੀ।
ਫ਼ਿਲਮ ਦੀ ਕਾਮਯਾਬੀ ਦੀ ਪਾਰਟੀ ‘ਚ ਰਣਬੀਰ ਕਪੂਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਫ਼ਿਲਮ ਵਿੱਚ ਬੌਬੀ ਦਿਓਲ ਵਲੋਂ ਨਿਭਾਏ ਖ਼ਲਨਾਇਕ ਦੇ ਕਿਰਦਾਰ ਦੀ ਦਰਸ਼ਕਾਂ ਤੇ ਸੋਸ਼ਲ ਮੀਡੀਆ ‘ਤੇ ਰੱਜ ਕੇ ਪ੍ਰਸ਼ੰਸਾ ਹੋ ਰਹੀ ਹੈ।