ਸਾਂਢ ਕੀ ਆਂਖ ਮਹਿਲਾ ਸਸ਼ਕਤੀਕਰਨ ਦੀ ਦਾਸਤਾਨ

ਗੋਵਰਧਨ ਗੱਬੀ
ਸਾਹਿਤ, ਕਲਾ ਅਤੇ ਸਿਨਮਾ ਸਮਾਜ ਦਾ ਆਇਨਾ ਹੁੰਦੇ ਹਨ। ਕਿਸੇ ਵੀ ਕਾਲ ਦੇ ਸਾਹਿਤ, ਕਲਾ ਅਤੇ ਸਿਨਮਾ ਵਿਚੋਂ ਸਾਨੂੰ ਉਸ ਸਮੇਂ ਦੇ ਸਮਾਜ ਦੇ ਦਰਸ਼ਨ ਆਸਾਨੀ ਨਾਲ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਦੇਖਣ ਨੂੰ ਮਿਲਦਾ ਹੈ ਹਾਲ ਹੀ ਵਿੱਚ ਪ੍ਰਦਰਸ਼ਿਤ ਹੋਈ ਹਿੰਦੀ ਫ਼ਿਲਮ ਸਾਂਢ ਕੀ ਆਂਖ ਵਿੱਚ।
ਇਹ ਫ਼ਿਲਮ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੀ ਹੈ। ਫ਼ਿਲਮ 2000 ਵਿੱਚ ਉੱਤਰ ਪ੍ਰਦੇਸ਼ ਦੇ ਬਾਗ਼ਪਤ ਜ਼ਿਲ੍ਹੇ ਦੇ ਪਿੰਡ ਜੌਹਰੀ ਵਿੱਚ ਰਹਿੰਦੀਆਂ ਪੈਂਹਠ ਅਤੇ ਸੱਠ ਸਾਲ ਦੀਆਂ ਦੋ ਔਰਤਾਂ ਦੇ ਜੀਵਨ ਦੀ ਨਵੀਂ ਪਾਰੀ ਤੋਂ ਸ਼ੁਰੂ ਹੁੰਦੀ ਹੈ। ਚੰਦਰੋ ਅਤੇ ਪ੍ਰਕਾਸ਼ੀ ਨਾਮਕ ਦੋ ਔਰਤਾਂ ਰਿਸ਼ਤੇ ਵਿੱਚ ਜੇਠਾਣੀ ਅਤੇ ਦਰਾਣੀ ਲੱਗਦੀਆਂ ਹਨ। ਘੁੰਡ ਕੱਢ ਕੇ ਉਹ ਇੱਕ ਰਾਸ਼ਟਰ ਪੱਧਰ ਦੇ ਨਿਸ਼ਾਨੇਬਾਜ਼ੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਈਆਂ ਹੋਈਆਂ ਸਨ। ਘੁੰਡ ਦੇਖ ਆਮ ਜਨਤਾ ਅਤੇ ਹੋਰ ਪ੍ਰਤੀਯੋਗੀ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਸਨ। ਪਹਿਲਾਂ ਉਹ ਕੁੱਝ ਦੇਰ ਅਸਹਿਜ ਹੁੰਦੀਆਂ ਹਨ, ਪਰ ਜਲਦੀ ਹੀ ਸ਼ਾਂਤ, ਸਥਿਰ ਅਤੇ ਊਰਜਾ ਨਾਲ ਭਰ ਜਾਂਦੀਆਂ ਹਨ। ਫ਼ਿਲਮ ਗੁਜ਼ਰੇ ਸਮੇਂ ਦੇ ਦਰਿਆ ਵਿੱਚ ਵਹਿਣ ਲੱਗਦੀ ਹੈ। ਉਹ ਦੋਹੇਂ ਇੱਕ ਵੱਡ ਆਕਾਰੀ ਸੰਯੁਕਤ ਪਰਿਵਾਰ ਵਿੱਚ ਰਹਿੰਦੀਆਂ ਹਨ। ਅੱਧੀ ਅੱਧੀ ਦਰਜਨ ਤੋਂ ਵੱਧ ਨਿਆਣੇ ਉੱਪਰੋਂ ਥਲੀ ਦੋਹੇਂ ਪੈਦਾ ਕਰ ਚੁੱਕੀਆਂ ਹਨ। ਰੋਟੀ ਟੁੱਕ ਪਕਾਉਣਾ, ਗੋਹਾ-ਕੂੜਾ ਚੁੱਕਣਾ, ਡੰਗਰ ਵੱਛੇ ਪਾਲਣਾ, ਖੇਤਾਂ ਵਿੱਚ ਕੰਮ ਕਰਨਾ ਅਤੇ ਘੁੰਡ ਵਿੱਚ ਰਹਿਣਾ ਉਨ੍ਹਾਂ ਨੇ ਕਬੂਲ ਕਰ ਲਿਆ। ਘਰ ਵਿੱਚ ਪੁਸ਼ਤ ਦਰ ਪੁਸ਼ਤ ਮਰਦਾਂ ਦਾ ਰਾਜ ਚੱਲਦਾ ਆ ਰਿਹਾ ਹੈ। ਸਾਰੇ ਫ਼ੈਸਲੇ ਪੁਰਸ਼ ਹੀ ਕਰਦੇ ਹਨ। ਔਰਤਾਂ ਨੂੰ ਸਿਰਫ਼ ਫ਼ੈਸਲਿਆਂ ਦੀ ਪਾਲਣਾ ਕਰਨੀ ਹੈ। ਜੇ ਕੋਈ ਔਰਤ ਬਾਗ਼ੀ ਹੁੰਦੀ ਹੈ ਤਾਂ ਉਸ ਦੀਆਂ ਹੱਡੀਆਂ-ਪਸਲੀਆਂ ਟੁੱਟਣਾ ਤੇ ਬੇਇੱਜ਼ਤ ਹੋਣਾ ਲਗਭਗ ਤੈਅ ਹੈ।
ਉਨ੍ਹਾਂ ਦੇ ਪਿੰਡ ਦਾ ਇੱਕ ਵਿਅਕਤੀ ਪਿੰਡ ਤੋਂ ਬਾਹਰ ਆਪਣਾ ਨਿੱਜੀ ਬੰਦੂਕ ਸਿਖਲਾਈ ਕਲੱਬ ਖੋਲ੍ਹਦਾ ਹੈ ਜਿੱਥੇ ਇਲਾਕੇ ਦੇ ਮੁੰਡੇ ਕੁੜੀਆਂ ਨੂੰ ਨਿਸ਼ਾਨਚੀ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਨਿਸ਼ਾਨਚੀ ਬਣਨ ਨਾਲ ਸਰਕਾਰੀ ਨੌਕਰੀ ਮਿਲ ਜਾਂਦੀ ਹੈ, ਇਸ ਉਮੀਦ ਵਿੱਚ ਜੇਠਾਣੀ ਅਤੇ ਦਰਾਣੀ ਦੋਹੇਂ ਆਪੋ ਆਪਣੀਆਂ ਧੀਆਂ ਨੂੰ ਉੱਥੇ ਬੰਦੂਕ ਚਲਾਉਣ ਦੀ ਸਿਖਲਾਈ ਦਿਵਾਉਣਾ ਚਾਹੁੰਦੀਆਂ ਹਨ। ਧੀਆਂ ਬਹੁਤੀ ਦਿਲਚਸਪੀ ਨਹੀਂ ਵਿਖਾਉਂਦੀਆਂ, ਪਰ ਉਸ ਸਿਖਲਾਈ ਕਲੱਬ ਦੇ ਮੁੱਖ ਕੋਚ ਨੂੰ ਪਤਾ ਚੱਲ ਜਾਂਦਾ ਹੈ ਕਿ ਧੀਆਂ ਤਾਂ ਨਹੀਂ ਪਰ ਉਨ੍ਹਾਂ ਦੀਆਂ ਮਾਵਾਂ ਦੇ ਨਿਸ਼ਾਨੇ ਬਹੁਤ ਪੱਕੇ ਹਨ। ਸੋ ਇਸ ਤਰ੍ਹਾਂ ਚੰਦਰੋ ਅਤੇ ਪ੍ਰਕਾਸ਼ੀ ਦੀ ਜ਼ਿੰਦਗੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੁੰਦੀ ਹੈ।
ਕੁੱਝ ਸਾਲਾਂ ਵਿੱਚ ਹੀ ਉਹ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉੱਪਰ ਕਈ ਸਾਰੇ ਤਮਗ਼ੇ ਅਤੇ ਇਨਾਮ ਜਿਤਦੀਆਂ ਹਨ। ਉਨ੍ਹਾਂ ਦੀ ਪਛਾਣ ਬਣਦੀ ਹੈ, ਅਤੇ ਅਖ਼ੀਰ ਉਹ ਆਪਣੇ ਆਪ ਨੂੰ ਵੀ ਪੂਰਨ ਅਤੇ ਆਜ਼ਾਦ ਮਨੁੱਖ ਸਮਝਣ ਦੇ ਸਮਰੱਥ ਹੁੰਦੀਆਂ ਹਨ, ਪਰ ਇਸ ਸਭ ਕਾਸੇ ਦੇ ਚੱਲਦਿਆਂ ਉਨ੍ਹਾਂ ਦੀ ਜ਼ਿੰਦਗੀ ਅਤੇ ਘਰ ਵਿੱਚ ਕੀ ਕੀ ਝੱਖੜ ਆਉਂਦੇ ਹਨ? ਇਹੀ ਸਾਰਾ ਕੁੱਝ ਇਸ ਫ਼ਿਲਮ ਵਿੱਚ ਬਹੁਤ ਹੀ ਬਾਰੀਕੀ ਨਾਲ ਵਿਖਾਇਆ ਗਿਆ ਹੈ। ਨਿਰਦੇਸ਼ਕ ਤੁਸ਼ਾਰ ਹੀਰਾਨੰਦਾਨੀ ਦਾ ਨਿਰਦੇਸ਼ਨ ਕਾਬਿਲ-ਏ-ਤਾਰੀਫ਼ ਹੈ।
ਇਹ ਫ਼ਿਲਮ ਦੇਖਦਿਆਂ ਇੱਕ ਧਾਰਨਾ ਤਾਂ ਹੋਰ ਪਕੇਰੀ ਹੋ ਜਾਂਦੀ ਹੈ ਕਿ ਅਸੀਂ ਅੱਜ ਭਾਵੇਂ ਇੱਕੀਵੀਂ ਸਦੀ ਵਿੱਚ ਰਹਿ ਰਹੇ ਹਾਂ, ਪਰ ਸਾਡੇ ਇਸ ਪੁਰਸ਼ ਪ੍ਰਧਾਨ ਸਮਾਜ ਵਿੱਚ ਅਜੇ ਵੀ ਔਰਤਾਂ ਨੂੰ ਦੂਸਰਾ ਦਰਜਾ ਹੀ ਦਿੱਤਾ ਜਾਂਦਾ ਹੈ। ਇਸ ਫ਼ਿਲਮ ਦੇ ਬਹੁਤੇ ਪੁਰਸ਼ ਵੀ ਆਮ ਵਾਂਗ ਫ਼ੁਕਰੇ ਹਨ। ਉਹ ਸਾਰਾ ਦਿਨ ਘਰ ਵਿੱਚ ਬੈਠੇ ਹੁੱਕਾ ਪੀਂਦੇ ਹਨ। ਬੇਤੁਕੀਆਂ ਬਹਿਸਾਂ ਕਰਦੇ ਹਨ, ਪਰ ਖੇਤਾਂ ਵਿੱਚ ਕੰਮ ਕਰਨ ਲਈ ਆਪਣੀਆਂ ਔਰਤਾਂ ਨੂੰ ਭੇਜਦੇ ਹਨ। ਜੇ ਉਹ ਆਪਣੀ ਮਰਜ਼ੀ ਦਾ ਕੁੱਝ ਕਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਜਾਂਦਾ ਹੈ। ਉਦਾਹਰਣ ਵਜੋਂ ਜਦੋਂ ਉਨ੍ਹਾਂ ਦੀਆਂ ਪਤਨੀਆਂ ਮਸ਼ਹੂਰ ਨਿਸ਼ਾਨਚੀ ਬਣ ਚੁੱਕੀਆਂ ਹਨ ਤਾਂ ਉਨ੍ਹਾਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ। ਉਨ੍ਹਾਂ ਅੰਦਰਲੇ ਹਊਮੇ ਨੂੰ ਠੇਸ ਪੁੱਜਦੀ ਹੈ। ਘਰ ਦਾ ਮੁਖੀ ਉਨ੍ਹਾਂ ਵਲੋਂ ਜਿੱਤੇ ਸੋਨੇ ਦੇ ਮੈਡਲਾਂ ਨੂੰ ਪੈਰਾਂ ਹੇਠ ਮਸਲਦਾ ਹੈ ਜਿਸ ਨਾਲ ਉਸ ਦੇ ਹਊਮੇ ਨੂੰ ਕੁੱਝ ਰਾਹਤ ਮਿਲਦੀ ਹੈ।
ਅਸੀਂ ਇਹ ਸਭ ਜਾਣਦੇ ਵੀ ਹਾਂ ਕਿ ਔਰਤ ਸਸ਼ਕਤੀਕਰਨ ਤੋਂ ਬਿਨਾਂ ਕੋਈ ਵੀ ਸਮਾਜ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ, ਉਸ ਦੇ ਬਾਵਜੂਦ ਅੱਜ ਸਾਡੇ ਪੁਰਸ਼ਾਂ ਦੇ ਜ਼ਿਹਨ ਇਹ ਕਬੂਲਣ ਨੂੰ ਤਿਆਰ ਨਹੀਂ ਹਨ ਕਿ ਪੁਰਸ਼ ਅਤੇ ਔਰਤ ਦੋਵੇਂ ਬਰਾਬਰ ਹਨ। ਲੋਕ ਮੱਤ ਹੀ ਔਰਤਾਂ ਦੇ ਸਸ਼ਕਤੀਕਰਨ ਲਈ ਵਧੇਰੇ ਸਾਰਥਕ ਹੋ ਸਕਦਾ ਹੈ ਜਿਸ ਨਾਲ ਲੋਕਾਂ ਦੀ ਸੋਚ ਵਿੱਚ ਤਬਦੀਲੀ ਆ ਸਕਦੀ ਹੈ। ਇਸ ਪ੍ਰਤੀ ਇਕੱਲਾ ਕਾਨੂੰਨ ਕੁੱਝ ਨਹੀਂ ਕਰ ਸਕਦਾ ਸਗੋਂ ਸਾਰੇ ਸਮਾਜ ਨੂੰ ਔਰਤਾਂ ਪ੍ਰਤੀ ਆਪਣੀ ਸੋਚ ਬਦਲਣ ਦੀ ਲੋੜ ਹੈ। ਬਸ, ਪੁਰਸ਼ਾਂ ਨੂੰ ਸਿਰਫ਼ ਇੰਨਾ ਹੀ ਸਮਝਣ ਤੇ ਕਬੂਲਣ ਦੀ ਲੋੜ ਹੈ ਕਿ ਅੱਜ ਦੀਆਂ ਔਰਤਾਂ ਕਿਸੇ ਵੀ ਪੁਰਸ਼ ਕੋਲੋਂ ਕਿਸੇ ਵੀ ਗੱਲੋਂ ਘੱਟ ਨਹੀਂ।