ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਬਾਦਲ : ਚੰਨੀ

13ਦੀਨਾ ਨਗਰ/ਗੁਰਦਾਸਪੁਰ/ਚੰਡੀਗੜ  : ਕਾਂਗਰਸ ਵਿਧਾਈ ਪਾਰਟੀ ਦੇ ਮੁਖੀ ਤੇ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਘੱਟੋਂ ਘੱਟ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਦੇਣ ਲਈ ਕਿਹਾ ਹੈ। ਚੰਨੀ ਇਥੇ ਵਿਧਾਇਕ ਸ੍ਰੀਮਤੀ ਅਰੂਨਾ ਚੌਧਰੀ ਵੱਲੋਂ ਅਯੋਜਿਤ ਕਾਂਗਰਸ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਚੰਨੀ ਨੇ ਸ਼ਹੀਦਾਂ ਤੇ ਦੀਨਾ ਨਗਰ ਹਮਲੇ ‘ਚ ਜ਼ਖਮੀ ਵਿਅਕਤੀਆਂ ਦੇ ਰਿਸ਼ਤੇਦਾਰਾਂ ਨੂੰ ਤੁਰੰਤ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕੀਤੀ। ਚੰਨੀ ਨੇ ਹਮਲੇ ਦੌਰਾਨ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਵਾਲੇ ਗੁਲਾਮ ਰਸੂਲ ਤੇ ਨਿਰਮਲਾ ਦੇਵੀ ਦੇ ਪਰਿਵਾਰਾਂ ਦਾ ਸਨਮਾਨ ਕੀਤਾ। ਇਸ ਦੋਰਾਨ ਬਾਕੀ ਸਾਰੇ ਜ਼ਖਮੀ ਲੋਕਾਂ ਕਮਲਜੀਤ ਮਠਾੜੂ, ਸਰਵਜੀਤ, ਵਰੂਨ ਭਗਤ, ਦਰਸ਼ਨ ਰੇਲਵੇ ਗੇਟਮੈਨ ਤੇ ਸਤਪਾਲ ਸਿੰਘ ਦੋਧੀ ਦਾ ਵੀ ਸਨਮਾਨ ਕੀਤਾ ਗਿਆ।
ਚੰਨੀ ਨੇ ਕਿਹਾ ਕਿ ਬਾਦਲ ਨੇ ਸਾਰੀ ਜ਼ਿੰਦਗੀ ਮੌਕਾਪ੍ਰਸਤੀ ਦੀ ਸਿਆਸਤ ਕੀਤੀ ਹੈ ਅਤੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ। ਹਾਲਾਂਕਿ, ਜਿਸ ਤਰ੍ਹਾਂ ਉਹ ਸ਼ਹੀਦਾਂ ਪ੍ਰਤੀ ਨਿਰਾਦਰ ਦਿਖਾਉਂਦੇ ਹਨ, ਉਹ ਉਨ੍ਹਾਂ ਦੇ ਪਰਿਵਾਰ ਨਾਲ ਅਜਿਹਾ ਸਲੂਕ ਨਹੀਂ ਕਰ ਸਕਦੇ। ਇਸ ਲੜੀ ਹੇਠ, ਕਿਉਂ ਬਾਦਲ ਸਰਕਾਰ ਨੂੰ ਦੀਨਾ ਨਗਰ ਅੱਤਵਾਦੀ ਹਮਲੇ ਦੌਰਾਨ ਅੱਤਵਾਦੀਆਂ ਨਾਲ ਲੜਦੇ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਸੁਪਰਿਟੈਂਡੇਂਟ ਆਫ ਪੁਲਿਸ ਬਲਜੀਤ ਸਿੰਘ ਨੂੰ ਮਰਨ ਤੋਂ ਬਾਅਦ ਪ੍ਰੈਜੀਡੇਂਟ ਪੁਲਿਸ ਐਵਾਰਡ ਦੇਣ ‘ਚ ਇਕ ਸਾਲ ਦਾ ਵਕਤ ਲੱਗ ਗਿਆ। ਉਨ੍ਹਾਂ ਨੇ ਬਾਦਲ ਨੂੰ ਯਾਦ ਦਿਲਾਇਆ ਕਿ ਮਰਨ ਤੋਂ ਬਾਅਦ ਬਹਾਦਰੀ ਦਾ ਐਵਾਰਡ ਬੀਤੇ ਸਾਲ ਹੀ ਐਲਾਨ ਕਰ ਦਿੱਤਾ ਗਿਆ, ਲੇਕਿਨ ਹੈਰਾਨੀਜਨਕ ਹੈ ਕਿ ਬਾਦਲ ਹਾਲੇ ਤੱਕ ਉਸਦਾ ਇੰਤਜ਼ਾਰ ਕਰ ਰਿਹਾ ਹੈ, ਜੋ ਬਾਦਲ ਦੇ ਪੱਖੋਂ ਬਹੁਤ ਹੀ ਵੱਡੀ ਬੇਰੁਖੀ ਹੈ। ਚੰਨੀ ਨੇ ਕਿਹਾ ਕਿ ਵੋਟਾਂ ਹਾਸਲ ਕਰਨ ਲਈ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਸਬੰਧੀ ਸੁਫਨੇ ਦਿਖਾਉਣਾ ਜਾਂ ਵਾਅਦੇ ਕਰਨਾ ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਵਾਅਦੇ ਕਰਨਾ ਵੱਖਰੀਆਂ ਵੱਖਰੀਆਂ ਗੱਲਾਂ ਹਨ।
ਇਸ ਦੌਰਾਨ ਗ੍ਰਹਿ ਵਿਭਾਗ ਦਾ ਵੀ ਚਾਰਜ਼ ਸੰਭਾਲਣ ਵਾਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਚੰਨੀ ਨੇ ਪੰਜਾਬ ਦੀ ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ। ਚੰਨੀ ਨੇ ਸਵਾਲ ਕੀਤਾ ਕਿ ਜਦੋਂ ਦੀਨਾ ਨਗਰ ਤੋਂ ਬਾਅਦ ਹੋਏ ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਕੇਂਦਰੀ ਏਜੰਸੀ ਨੂੰ ਦੇ ਦਿੱਤੀ ਗਈ, ਤਾਂ ਫਿਰ ਕਿਉਂ ਦੀਨਾ ਨਗਰ ਹਮਲੇ ਦੀ ਜਾਂਚ ਕਿਸੇ ਨਿਰਪੱਖ ਕੇਂਦਰੀ ਏਜੰਸੀ ਨੂੰ ਨਹੀਂ ਦਿੱਤੀ ਗਈ। ਅੱਜ ਇਕ ਸਾਲ ਬੀਤਣ ਤੇ ਪੰਜਾਬ ਪੁਲਿਸ ਵੱਲੋਂ ਤਿੰਨ ਜਾਂਚ ਟੀਮਾਂ ਬਣਾਏ ਜਾਣ ਦੇ ਬਾਵਜੂਦ ਅਸੀਂ ਕਿਸੇ ਵੀ ਨਤੀਜ਼ੇ ‘ਤੇ ਨਹੀਂ ਪਹੁੰਚ ਸਕੇ ਹਾਂ। ਗ੍ਰਹਿ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਕਵਰਅਪ ਪਿੱਛੇ ਛਿੱਪੇ ਕਾਰਨਾਂ ਬਾਰੇ ਦੱਸਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵ ਭਰ ‘ਚ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਬਾਰਡਰ ਸੂਬਾ ਹੋਣ ਵਜੋਂ ਪੰਜਾਬ ਦੇ ਸੱਭ ਤੋਂ ਅਸੁਰੱਖਿਅਤ ਹੋਣ ਦਾ ਜ਼ਿਕਰ ਕੀਤਾ। ਦੀਨਾ ਨਗਰ ਹਮਲੇ ਤੋਂ ਬਾਅਦ ਸੱਭ ਤੋਂ ਹੈਰਾਨੀਜਨਕ ਹਮਲਾ ਪਠਾਨਕੋਟ ਏਅਰਬੇਸ ਉਪਰ ਹੋਇਆ। ਅਜਿਹੇ ਖੇਤਰਾਂ ‘ਚ ਅਜਿਹੀਆਂ ਅਸ਼ਾਂਤ ਤਾਕਤਾਂ ਖਿਲਾਫ ਲੜਨ ਪ੍ਰਤੀ ਸੁਰੱਖਿਆ ਫੋਰਸਾਂ ਦਾ ਮਨੋਬਲ ਬਹੁਤ ਉਪਰ ਹੈ। ਲੇਕਿਨ ਬਾਦਲ ਪ੍ਰਸ਼ਾਸਨ ਵੱਲੋਂ ਦਿਖਾਇਆ ਗਿਆ ਬੇਰੁੱਖਾ ਵਤੀਰਾ ਉਨ੍ਹਾਂ ਦਾ ਮਨੋਬਲ ਡੇਗੇਗਾ।
ਚੰਨੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਦੋਸ਼ੀ ਇਕ ਔਰਤ ਬਲਵਿੰਦਰ ਕੌਰ ਦੀ ਪਿੰਡ ਆਲਮਗੀਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨੇੜੇ ਤਾਜ਼ੀ ਦਿਨ ਦਿਹਾੜੇ ਹੱਤਿਆ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ‘ਚ ਅੱਤਵਾਦ ਵੀ ਅਜਿਹੀਆਂ ਘਟਨਾਵਾਂ ਰਾਹੀਂ ਸ਼ੁਰੂ ਹੋਇਆ ਸੀ। ਜਿਸਦੇ ਨਤੀਜ਼ੇ ਵਜੋਂ ਪੁਲਿਸ ਦਾ ਸਿਆਸੀਕਰਨ ਹੋਣਾ ਹੈ, ਜੋ ਖਤਰਨਾਕ ਘਟਨਾਵਾਂ ਦੀ ਜਾਂਚ ਕਰਨ ‘ਚ ਫੇਲ੍ਹ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਰਾਜਾ ਵੜਿੰਗ, ਸੰਗਤ ਸਿੰਘ ਗਿਲਜ਼ੀਆਂ, ਅਸ਼ੋਕ ਚੌਧਰੀ, ਰਮਨ ਭੱਲਾ, ਰੁਮਾਲ ਚੰਦ, ਅਨਿਲ ਦਾਰਾ, ਰਾਜ ਕੁਮਾਰੀ, ਕੁਲਬੀਰ ਜ਼ੀਰਾ ਵੀ ਮੌਜ਼ੂਦ ਰਹੇ।