ਬਟਾਲਾ- ਪਾਕਿਸਤਾਨ ਦੇ ਆਈਐਸਆਈ-ਸਮਰਥਿਤ ਅੱਤਵਾਦੀ ਨੈੱਟਵਰਕ ਵਿਰੁੱਧ ਇੱਕ ਵੱਡੀ ਸਫਲਤਾ ਵਿੱਚ, ਬਟਾਲਾ ਪੁਲਸ ਨੇ ਵਿਦੇਸ਼ੀ ਹੈਂਡਲਰਾਂ ਮਨਿੰਦਰ ਬਿੱਲਾ ਅਤੇ ਮੰਨੂ ਅਗਵਾਨ ਦੁਆਰਾ ਸੰਚਾਲਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਇਸਦੇ ਛੇ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਉਸ ਕੋਲੋਂ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਦੋਸ਼ੀਆਂ ਦੀ ਪਛਾਣ ਜਤਿਨ ਕੁਮਾਰ ਉਰਫ ਰੋਹਨ, ਬਰਿੰਦਰ ਸਿੰਘ ਉਰਫ ਸਾਜਨ, ਰਾਹੁਲ ਮਸੀਹ, ਅਬਰਾਹਿਮ ਉਰਫ ਰੋਹਿਤ, ਸੋਹਿਤ ਅਤੇ ਸੁਨੀਲ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਡਿਊਲ ਨੇ ਬਟਾਲਾ ਵਿੱਚ ਇੱਕ ਸ਼ਰਾਬ ਦੀ ਦੁਕਾਨ ਦੇ ਬਾਹਰ ਗ੍ਰਨੇਡ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੁਲਜ਼ਮਾਂ ਕੋਲੋਂ ਇੱਕ 30 ਬੋਰ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਪੁਰਤਗਾਲ ਸਥਿਤ ਮਨਿੰਦਰ ਬਿੱਲਾ ਅਤੇ ਬੀਕੇਆਈ ਦੇ ਮਾਸਟਰਮਾਈਂਡ ਮੰਨੂ ਅਗਵਾਨ ਤੋਂ ਸਿੱਧੇ ਨਿਰਦੇਸ਼ ਮਿਲ ਰਹੇ ਸਨ, ਜਿਨ੍ਹਾਂ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੰਚਾਲਨ ਚਾਰਜ ਸੰਭਾਲਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਜਤਿਨ ਕੁਮਾਰ ਨੂੰ ਲਿਜਾਇਆ ਜਾ ਰਿਹਾ ਸੀ, ਤਾਂ ਗੋਲੀਬਾਰੀ ਹੋ ਗਈ ਅਤੇ ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਿਆ ਅਤੇ ਉਸਨੂੰ ਸਿਵਲ ਹਸਪਤਾਲ, ਬਟਾਲਾ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿੱਚ, ਸਿਵਲ ਲਾਈਨਜ਼, ਬਟਾਲਾ ਵਿਖੇ ਬੀਐਨਐਸ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਹੈ।















