ਸਵਾਰੀਆਂ ਨਾਲ ਭਰੀ ਟਰੇਨ ਨੂੰ ਲੱਗ ਗਈ ਅੱਗ ! ਸਵੇਰੇ-ਸਵੇਰੇ ਮਚ ਗਿਆ ਚੀਕ-ਚਿਹਾੜਾ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਤਲਾਮ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ-ਸਵੇਰੇ ਇੱਕ ਵੱਡਾ ਰੇਲ ਹਾਦਸਾ ਹੋਣੋਂ ਬਚ ਗਿਆ। ਤਿਰੂਵਨੰਤਪੁਰਮ ਤੋਂ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਜਾ ਰਹੀ ਟ੍ਰੇਨ ਨੰਬਰ 12431 ਰਾਜਧਾਨੀ ਐਕਸਪ੍ਰੈਸ ਦੇ ਏ.ਸੀ. ਕੋਚ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਸਵੇਰੇ ਲਗਭਗ 5:15 ਤੋਂ 5:30 ਵਜੇ ਦੇ ਦਰਮਿਆਨ ਕੋਟਾ ਰੇਲ ਮੰਡਲ ਦੇ ਲੂਣੀ ਰਿਛਾ ਅਤੇ ਵਿਕਰਮਗੜ੍ਹ ਆਲੋਟ ਸਟੇਸ਼ਨਾਂ ਵਿਚਾਲੇ ਵਾਪਰਿਆ।
ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਇਸ ਨੇ ਟ੍ਰੇਨ ਦੇ ਬੀ-1 (B-1) ਥਰਡ AC ਕੋਚ ਅਤੇ ਉਸ ਦੇ ਨਾਲ ਲੱਗਦੇ ਐੱਸ.ਐੱਲ.ਆਰ. (SLR) ਕੋਚ ਨੂੰ ਪੂਰੀ ਤਰ੍ਹਾਂ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਕਾਰਨ ਦੋਵੇਂ ਕੋਚ ਬੁਰੀ ਤਰ੍ਹਾਂ ਨੁਕਸਾਨੇ ਗਏ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਜ਼ਿਆਦਾਤਰ ਯਾਤਰੀ ਸੁੱਤੇ ਪਏ ਸਨ। ਕੋਚ ਨੰਬਰ B-1 ਵਿੱਚ ਲਗਭਗ 68 ਯਾਤਰੀ ਸਵਾਰ ਸਨ। ਅਚਾਨਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਯਾਤਰੀਆਂ ਵਿੱਚ ਭਾਜੜ ਮਚ ਗਈ।
ਟ੍ਰੇਨ ਦੇ ਗਾਰਡ ਨੇ ਤੁਰੰਤ ਇਸ ਦੀ ਸੂਚਨਾ ਲੋਕੋ ਪਾਇਲਟ (ਡ੍ਰਾਈਵਰ) ਨੂੰ ਦਿੱਤੀ, ਜਿਸ ਤੋਂ ਬਾਅਦ ਟ੍ਰੇਨ ਨੂੰ ਤੁਰੰਤ ਰੋਕਿਆ ਗਿਆ। ਰੇਲਵੇ ਸਟਾਫ਼ ਅਤੇ ਆਰ.ਪੀ.ਐੱਫ. (RPF) ਦੇ ਜਵਾਨਾਂ ਨੇ ਬਿਨਾਂ ਦੇਰੀ ਕੀਤੇ ਮੁਸਤੈਦੀ ਦਿਖਾਉਂਦਿਆਂ ਮਹਿਜ਼ 15 ਮਿੰਟਾਂ ਦੇ ਅੰਦਰ ਪ੍ਰਭਾਵਿਤ ਕੋਚਾਂ ਵਿੱਚੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਭਿਆਨਕ ਅੱਗ ਕਾਰਨ ਦਿੱਲੀ-ਮੁੰਬਈ ਮਾਰਗ ‘ਤੇ ਟ੍ਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਰੇਲਵੇ ਨੇ ਸੁਰੱਖਿਆ ਦੇ ਮੱਦੇਨਜ਼ਰ ਓ.ਐੱਚ.ਈ. ਬਿਜਲੀ ਸਪਲਾਈ ਬੰਦ ਕਰ ਦਿੱਤੀ ਅਤੇ ਮੁੰਬਈ-ਜੈਪੁਰ ਸੁਪਰਫਾਸਟ ਸਮੇਤ ਕਈ ਵੱਡੀਆਂ ਟ੍ਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ ‘ਤੇ ਰੋਕਣਾ ਪਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਕੋਟਾ ਰੇਲ ਮੰਡਲ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ। ਰੇਲਵੇ ਪ੍ਰਸ਼ਾਸਨ ਨੇ ਪ੍ਰਭਾਵਿਤ ਯਾਤਰੀਆਂ ਲਈ ਮੌਕੇ ‘ਤੇ ਹੀ ਖਾਣ-ਪੀਣ ਦਾ ਪ੍ਰਬੰਧ ਕੀਤਾ। ਅੱਗ ਲੱਗਣ ਦੇ ਸ਼ੁਰੂਆਤੀ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੜੇ ਹੋਏ ਕੋਚਾਂ ਨੂੰ ਟ੍ਰੇਨ ਤੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਪ੍ਰਭਾਵਿਤ ਯਾਤਰੀਆਂ ਨੂੰ ਬਾਕੀ ਡੱਬਿਆਂ ਵਿੱਚ ਐਡਜਸਟ ਕਰਕੇ ਅੱਗੇ ਕੋਟਾ ਸਟੇਸ਼ਨ ਲਈ ਰਵਾਨਾ ਕੀਤਾ ਗਿਆ, ਜਿੱਥੇ ਦਿੱਲੀ ਜਾਣ ਲਈ ਟ੍ਰੇਨ ਵਿੱਚ ਵਾਧੂ ਕੋਚ ਜੋੜੇ ਜਾਣਗੇ। ਟ੍ਰੈਕ ਨੂੰ ਸਾਫ਼ ਕਰਕੇ ਰੂਟ ਨੂੰ ਜਲਦ ਸੁਚਾਰੂ ਕਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।