ਚੰਡੀਗੜ੍ਹ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਵਾਈਨ ਫਲੂ ਤੋਂ ਬਚਣ ਲਈ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਬਣਾਏ ਗਏ ਹਨ ਅਤੇ ਇਸ ਦੀਆਂ ਦਵਾਈਆਂ ਅਤੇ ਟੈਸਟ ਦੀਆਂ ਸੁਵਿਧਾਵਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਬਿਮਾਰੀ ਤੋਂ ਬਚਣ ਦੇ ਲਈ ਲੋਕਾਂ ਨੂੰ ਡਰਨ ਦੀ ਬਜਾਏ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਵਿੱਚ ਸਵਾਈਨ ਫਲੂ ਬਿਮਾਰੀ ਤੋਂ ਬਚਣ ਲਈ ਕਈ ਇੰਤਜਾਮ ਕੀਤੇ ਗਏ ਹਨ। ਜ਼ਿਲ੍ਹਾ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਬਣਾਏ ਗਏ ਹਨ ਅਤੇ ਉਨ੍ਹਾਂ ਦੇ ਵਿੱਚ ਸਵਾਈਨ ਫਲੂ ਵਾਲੇ ਮਰੀਜਾਂ ਦੇ ਲਈ ਵਿਸ਼ੇਸ਼ ਤੌਰ ਤੇ ਆਈਸੋਲੇਸ਼ਨ ਬੈੱਡ ਅਤੇ ਵੈਂਟੀਲੇਟਰਸ ਦਾ ਇੰਤਜਾਮ ਕੀਤਾ ਗਿਆ ਹੈ ਤਾਂ ਕਿ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਇਸੇ ਤਰ੍ਹਾਂ ਸਵਾਈਨ ਫਲੂ ਦੇ ਟੈਸਟ ਤੇ ਇਲਾਜ ਲਈ ਹੋਰ ਲੋੜੀਂਦੀਆਂ ਦਵਾਈਆਂ ਜਿਵੇਂ ਕਿ ਟੈਮੀਫਲੂ, ਮਾਸਕ ਆਦਿ ਜ਼ਿਲ੍ਹਾ ਅਤੇ ਸਬ-ਡਿਵੀਜਨਲ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ।
ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸਵਾਈਨ ਫਲੂ ਐਚ1ਐਨ1 ਨਾਮ ਦੇ ਵਿਸ਼ੇਸ਼ ਵਿਸ਼ਾਣੂ ਰਾਹੀਂ ਹੁੰਦਾ ਹੈ, ਜੋਕਿ ਸਾਹ ਰਾਹੀਂ ਇਕ ਮਨੁੱਖ ਤੋਂ ਦੂਸਰੇ ਮਨੁੱਖ ਤੱਕ ਫੈਲਦਾ ਹੈ। ਇਸ ਦੇ ਮੁੱਖ ਲੱਛਣ ਹਨ ਕਿ ਤੇਜ਼ ਬੁਖ਼ਾਰ (101 ਡਿਗਰੀ ਤੋਂ ਉਪਰ), ਖਾਂਸੀ ਅਤੇ ਜ਼ੁਕਾਮ, ਛਿੱਕਾਂ ਆਉਣੀਆਂ ਜਾਂ ਨੱਕ ਵਗਣਾ, ਗਲ੍ਹੇ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ, ਦਸਤ ਲੱਗਣਾ, ਸਰੀਰ ਟੁੱਟਣਾ ਹਨ। ਇਸ ਤੋਂ ਬਚਣ ਦੇ ਲਈ ਖੰਘਦੇ ਜਾਂ ਛਿੱਕਦੇ ਹੋਏ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਆਪਣਾ ਨੱਕ, ਅੱਖਾਂ ਅਤੇ ਮੂੰਹ ਨੂੰ ਛੂਣ ਤੋਂ ਪਹਿਲਾਂ ਤੇ ਬਾਅਦ ਵਿੱਚ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਭੀੜ ਵਾਲੀਆਂ ਥਾਵਾਂ ਤੇ ਨਹੀਂ ਜਾਣਾ ਚਾਹੀਦਾ ਅਤੇ ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜ੍ਹਤ ਵਿਅਕਤੀ ਤੋਂ ਇੱਕ ਮੀਟਰ ਦੀ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੂਰੀ ਨੀਂਦ ਲੈਣਾ, ਸਰੀਰਕ ਤੌਰ ਤੇ ਚੁਸਤ ਰਹਿਣਾ, ਤਣਾਅ ਤੋਂ ਮੁਕਤ ਰਹਿਣਾ ਅਤੇ ਬਹੁਤ ਸਾਰਾ ਪਾਣੀ ਪੀਣਾ ਜ਼ਰੂਰੀ ਹੈ। ਇਸੇ ਤਰ੍ਹਾਂ ਮਰੀਜ ਨਾਲ ਹੱਥ ਮਿਲਾਉਣ, ਗਲੇ ਮਿਲਣ ਜਾਂ ਕਿਸੇ ਤਰ੍ਹਾਂ ਦੇ ਸਰੀਰਕ ਸਬੰਧ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ ਅਤੇ ਬਿਨ੍ਹਾਂ ਡਾਕਟਰੀ ਸਹਾਇਤਾ ਤੋਂ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ। ਪ੍ਰਾਈਵੇਟ ਡਾਕਟਰਾਂ ਨੂੰ ਜਾਗਰੂਕ ਕਰਨ ਦੇ ਲਈ ਹਰ ਜ਼ਿਲ੍ਹੇ ਵਿੱਚ ਆਈ. ਐਮ. ਏ. ਦੀ ਵਿਸ਼ੇਸ਼ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ।
ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਬਚਣ ਦੇ ਲਈ ਸਕੂਲਾਂ ਕਾਲਜਾਂ ਨੂੰ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਕਾਲਜਾਂ ਜਾਂ ਸਕੂਲਾਂ ਦੇ ਕਿਸੇ ਵੀ ਵਿਦਿਆਰਥੀ ਜਾਂ ਸਟਾਫ ਮੈਂਬਰ ਵਿੱਚ ਜੇਕਰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਸਨੂੰ 5 ਤੋਂ 7 ਦਿਨ ਤੱਕ ਘਰ ਰਹਿਣ ਲਈ ਛੁੱਟੀ ਦਿੱਤੀ ਜਾਵੇ। ਇਸਦੇ ਲਈ ਕਿਸੇ ਮੈਡੀਕਲ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਵਿਦਿਆਰਥੀ ਕਾਲਜ ਜਾਂ ਸਕੂਲਾਂ ਦੇ ਹੋਸਟਲ ਵਿੱਚ ਰਹਿੰਦੇ ਹਨ, ਉਨ੍ਹਾਂ ਦੇ ਕੇਅਰ ਪ੍ਰੋਵਾਈਡਰਾਂ ਨੂੰ ਹਿਦਾਇਤ ਕੀਤੀ ਜਾਵੇ ਕਿ ਉਹ ਮਾਸਕ ਪਹਿਨ ਕੇ ਰੱਖਣ।
ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਸਵਾਈਨ ਫਲੂ ਸਬੰਧੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਟੋਲ ਫਰੀ ਹੈਲਪਲਾਈਨ ਨੰਬਰ 104 ਤੇ ਕਾਲ ਕਰਕੇ ਸਵਾਈਨ ਫਲੂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ।













