ਸਰਦਾਰ ਊਧਮ ਸਿੰਘ ਅਗਲੇ ਸਾਲ ਹੋਵੇਗੀ ਰਿਲੀਜ਼

ਮੁੰਬਈ – ਫ਼ਿਲਮ ਉੜੀ ਦਾ ਸਰਜੀਕਲ ਸਟ੍ਰਾਈਕ ਨਾਲ ਦਰਸ਼ਕਾਂ ਦੀਆਂ ਤਾਰੀਫ਼ਾਂ ਬਟੋਰਨ ਅਤੇ ਰਾਸ਼ਟਰੀ ਪੁਰਸਕਾਰ ਹਾਸਿਲ ਕਰਨ ਤੋਂ ਬਾਅਦ ਵਿੱਕੀ ਕੌਸ਼ਲ ਦੀ ਅਗਲੀ ਫ਼ਿਲਮ ਸਰਦਾਰ ਊਧਮ ਸਿੰਘ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਸੁਜੀਤ ਸਰਕਾਰ ਦੇ ਨਿਰਦੇਸ਼ਨ ਬਣੀ ਇਹ ਫ਼ਿਲਮ ਅਗਲੇ ਸਾਲ 2 ਅਕਬੂਤਰ ਨੂੰ ਗਾਂਧੀ ਜਯੰਤੀ ਦੇ ਮੌਕੇ ‘ਤੇ ਸਿਨੇਮਾ ਘਰਾਂ ‘ਚ ਦਸਤਕ ਦੇਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਅਪ੍ਰੈਲ ਮਹੀਨੇ ‘ਚ ਸ਼ੁਰੂ ਹੋਈ ਸੀ ਜਿਸ ਦੇ ਆਖ਼ਰੀ ਸਕੈਜੁਅਲ ਦੀ ਸ਼ੂਟਿੰਗ ਯੌਰਪ ‘ਚ ਖ਼ਤਮ ਹੋਈ ਹੈ। ਫ਼ਿਲਮ ‘ਚ ਵਿੱਕੀ ਕੌਸ਼ਲ ਸਵਤੰਤਰਤਾ ਸੇਨਾਨੀ ਸਰਦਾਰ ਊਧਮ ਸਿੰਘ ਦੀ ਬਹਾਦਰੀ ਨੂੰ ਸਕ੍ਰੀਨ ‘ਤੇ ਪੇਸ਼ ਕਰਦੇ ਨਜ਼ਰ ਆਉਣਗੇ। ਸਰਦਾਰ ਊਧਮ ਸਿੰਘ ਨੇ ਸਾਲ 1919 ‘ਚ ਹੋਏ ਜਲ੍ਹਿਆਂਵਾਲਾ ਬਾਗ਼ ‘ਚ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਉਣ ਵਾਲੇ ਜਰਨਲ ਡਾਇਰ ਨੂੰ ਇੰਗਲੈਂਡ ‘ਚ ਜਾ ਕੇ ਮੌਤ ਦੇ ਘਾਟ ਉਤਾਰ ਕੇ ਬਦਲਾ ਲਿਆ ਸੀ।
ਦੱਸ ਦਈਏ ਕਿ 27 ਦਸੰਬਰ ਨੂੰ ਸੁਜੀਤ ਸਰਕਾਰ ਨੇ ਇਸ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਦੀ ਘੋਸ਼ਣਾ ਕਰ ਦਿੱਤੀ। ਨਿਰਦੇਸ਼ਕ ਨੇ ਆਪਣੇ ਇਨਸਟਾਗ੍ਰੈਮ ‘ਤੇ ਇਸ ਦੀ ਜਾਣਕਾਰੀ ਸ਼ੇਅਰ ਕਰਦੇ ਹੋਏ ਪੂਰੀ ਟੀਮ ਦੀ ਇੱਕ ਗਰੁੱਪ ਤਸਵੀਰ ਸ਼ੇਅਰ ਕੀਤੀ ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ”ਜਦੋਂ ਇਹ ਫ਼ਿਲਮ ਖਤਮ ਹੋਈ ਤਾਂ ਮੈਂ ਕਾਫ਼ੀ ਹੈਰਾਨ ਸੀ। ਮੈਂ ਕਦੇ ਨਹੀਂ ਚਾਹੁੰਦਾ ਸੀ ਕਿ ਇਸ ਫ਼ਿਲਮ ਦੀ ਸ਼ੂਟਿੰਗ ‘ਤੇ ਵਿਰਾਮ ਲੱਗੇ। ਕਾਸ਼ ਮੈਂ ਉਨ੍ਹਾਂ ਨੂੰ ਜਿਊਂਦੇ ਰੱਖ ਸਕਦਾ। ਕਾਸ਼ ਮੈਂ ਉਨ੍ਹਾਂ ਨੂੰ ਗਲੇ ਲਾ ਸਕਦਾ। ਇਸ ਮੌਕੇ ‘ਤੇ ਮੈਂ ਆਪਣੀ ਬਹਾਦਰ ਟੀਮ ਦਾ ਧੰਨਵਾਦ ਅਦਾ ਕਰਨਾ ਚਾਹੁੰਦਾ ਹਾਂ।”
ਦੱਸਣਯੋਗ ਹੈ ਕਿ 26 ਦਸੰਬਰ ਨੂੰ ਵਿੱਕੀ ਕੌਸ਼ਲ ਨੇ ਸਰਦਾਰ ਊਧਮ ਸਿੰਘ ਦੀ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਭਾਵੁਕ ਪੋਸਟ ਲਿਖੀ ਸੀ। ਇਸ ‘ਚ ਉਨ੍ਹਾਂ ਨੇ ਕਿਹਾ, ”ਅੱਜ ਸਰਦਾਰ ਊਧਮ ਸਿੰਘ ਦੀ 120ਵੀਂ ਜਯੰਤੀ ਹੈ। ਇਸ ਦਾ ਕਿਰਦਾਰ ਨਿਭਾਉਣਾ ਇੱਕ ਵੱਖਰੀ ਚੀਜ਼ ਹੈ ਅਤੇ ਉਸ ਦੇ ਕਰੀਅਰ ਨੂੰ ਸਮਝ ਕੇ ਉਸ ਦੇ ਅਨੁਸਾਰ ਦੁਨੀਆ ਨੂੰ ਦੇਖਣਾ ਅਤੇ ਭਾਵਨਾਵਾਂ ਨੂੰ ਪੇਸ਼ ਕਰਨਾ ਇਕਦਮ ਹੀ ਵੱਖਰਾ ਅਨੁਭਵ ਹੈ। ਮੈਨੂੰ ਨਹੀਂ ਪਤਾ ਕਿ ਕਿਰਦਾਰ ਨਿਉਂਦੇ ਹੋਏ ਮੈਂ ਤੁਹਾਡੇ ਦਿਮਾਗ਼ ਅਤੇ ਦਿਲ ਨੂੰ ਕਿੰਨਾ ਚੰਗੇ ਤਰੀਕੇ ਨਾਲ ਸਮਝ ਸਕਾਂਗਾ। ਹਾਲਾਂਕਿ ਮੈਂ ਇਹ ਜ਼ਰੂਰ ਜਾਣਦਾ ਹਾਂ ਕਿ ਹਰ ਦ੍ਰਿਸ਼ ਨਾਲ ਮੇਰੇ ਅੰਦਰ ਹਮੇਸ਼ਾ ਲਈ ਕੁੱਝ ਨਾ ਕੁੱਝ ਜ਼ਰੂਰ ਬਦਲਦਾ ਗਿਆ।”